Big News : 'ਆਪ' ਸਰਪੰਚ ਹਰਬਰਿੰਦਰ ਸਿੰਘ ਕਤਲ ਮਾਮਲੇ 'ਚ ਵੱਡੀ ਕਾਰਵਾਈ, ਡੀਐੱਸਪੀ ਪੱਟੀ ਤੇ ਥਾਣਾ ਸਰਹਾਲੀ ਦੇ ਮੁਖੀ ਮੁਅੱਤਲ
ਉੱਧਰ ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਹੁਣ ਤੱਕ ਕੀਤੀ ਗਈ ਜਾਂਚ ਦੇ ਆਧਾਰ ’ਤੇ ਇਸ ਮਾਮਲੇ ਵਿਚ ਧਮਕੀ ਜਾਂ ਜਬਰਨ ਵਸੂਲੀ ਆਦਿ ਨਾਲ ਸਬੰਧਤ ਕੋਈ ਵੀ ਪਹਿਲੂ ਸਾਹਮਣੇ ਨਹੀਂ ਆਇਆ। ਉਨ੍ਹਾਂ ਕਿਹਾ ਕਿ ਮੁੱਢਲੀ ਪੁੱਛਗਿੱਛ ਤੋਂ ਜਾਪਦਾ ਹੈ ਕਿ ਨਿੱਜੀ ਦੁਸ਼ਮਣੀ ਜਾਂ ਬਦਲਾਖ਼ੋਰੀ ਵਾਰਦਾਤ ਦਾ ਸੰਭਾਵੀ ਕਾਰਨ ਹੋ ਸਕਦੀ ਹੈ।
Publish Date: Wed, 18 Feb 2026 09:37 PM (IST)
Updated Date: Wed, 18 Feb 2026 09:53 PM (IST)
ਜਸਪਾਲ ਸਿੰਘ ਜੱਸੀ•ਪੰਜਾਬੀ ਜਾਗਰਣ, ਤਰਨਤਾਰਨ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਿੰਡ ਤਰਨਤਾਰਨ ਦੇ ਪਿੰਡ ਠੱਠੀਆਂ ਮਹੰਤਾਂ ਤੋਂ ਆਪ ਦੇ ਸਰਪੰਚ ਹਰਬਰਿੰਦਰ ਸਿੰਘ ਦੇ ਕਤਲ ਦੀ ਜਾਂਚ ਦਾ ਨਿੱਜੀ ਤੌਰ ’ਤੇ ਜਾਇਜ਼ਾ ਲੈਣ ਪਿੱਛੋਂ ਡੀਜੀਪੀ ਗੌਰਵ ਯਾਦਵ ਨੇ ਡੀਆਈਜੀ ਫਿਰੋਜ਼ਪੁਰ ਰੇਂਜ ਸਨੇਹਦੀਪ ਸ਼ਰਮਾ ਅਤੇ ਐੱਸਐੱਸਪੀ ਤਰਨਤਾਰਨ ਸੁਰੇਂਦਰ ਲਾਂਬਾ ਨੂੰ ਹਦਾਇਤ ਕੀਤੀ ਹੈ ਕਿ ਉਹ ਜਾਂਚ ਦੀ ਨਿੱਜੀ ਤੌਰ ’ਤੇ ਨਿਗਰਾਨੀ ਕਰਨ ਅਤੇ ਛੇਤੀ ਤੋਂ ਛੇਤੀ ਦੋਸ਼ੀਆਂ ਨੂੰ ਨਿਆਂ ਦੇ ਘੇਰੇ ਵਿਚ ਲਿਆਂਦਾ ਜਾਵੇ।
ਇਸਦੇ ਨਾਲ ਹੀ ਹਰਬਰਿੰਦਰ ਸਿੰਘ ਨੂੰ ਸਰਹਾਲੀ ਥਾਣੇ ਦੇ ਅਧਿਕਾਰ ਖੇਤਰ ’ਚ ਪੈਂਦੇ ਸਿੱਧੂ ਫਾਰਮ ’ਚ ਵਿਆਹ ਸਮਾਗਮ ਦੌਰਾਨ ਦੋ ਅਣਪਛਾਤੇ ਹਮਲਾਵਰਾਂ ਗੋਲੀ ਮਾਰ ਕੇ ਕਤਲ ਕਰਨ ਤੇ ਇਕ ਹੋਰ ਨੂੰ ਜਖਮੀ ਕਰਨ ਦੀ ਉਕਤ ਘਟਨਾ ਦੀ ਜਵਾਬਦੇਹੀ ਤੈਅ ਕਰਦਿਆਂ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਡੀਐੱਸਪੀ ਪੱਟੀ ਜਗਬੀਰ ਸਿੰਘ ਅਤੇ ਐੱਸਐੱਚਓ ਸਰਹਾਲੀ ਗੁਰਵਿੰਦਰ ਸਿੰਘ ਨੂੰ ਬਣਦੀ ਇਹਤਿਆਤੀ ਪੁਲਿਸ ਕਾਰਵਾਈ ਨਾ ਕਰਨ ਦੇ ਚੱਲਦਿਆਂ ਮੁਅੱਤਲ ਕਰ ਦਿੱਤਾ ਗਿਆ ਹੈ। ਡੀਜੀਪੀ ਨੇ ਸੂਬੇ ਵਿਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਵੀ ਦਹੁਰਾਈ।
ਉੱਧਰ ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਹੁਣ ਤੱਕ ਕੀਤੀ ਗਈ ਜਾਂਚ ਦੇ ਆਧਾਰ ’ਤੇ ਇਸ ਮਾਮਲੇ ਵਿਚ ਧਮਕੀ ਜਾਂ ਜਬਰਨ ਵਸੂਲੀ ਆਦਿ ਨਾਲ ਸਬੰਧਤ ਕੋਈ ਵੀ ਪਹਿਲੂ ਸਾਹਮਣੇ ਨਹੀਂ ਆਇਆ। ਉਨ੍ਹਾਂ ਕਿਹਾ ਕਿ ਮੁੱਢਲੀ ਪੁੱਛਗਿੱਛ ਤੋਂ ਜਾਪਦਾ ਹੈ ਕਿ ਨਿੱਜੀ ਦੁਸ਼ਮਣੀ ਜਾਂ ਬਦਲਾਖ਼ੋਰੀ ਵਾਰਦਾਤ ਦਾ ਸੰਭਾਵੀ ਕਾਰਨ ਹੋ ਸਕਦੀ ਹੈ। ਐੱਸਐੱਸਪੀ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਮਾਮਲੇ ਦੀ ਵਿਗਿਆਨਕ ਅਤੇ ਤਕਨੀਕੀ ਢੰਗ ਨਾਲ ਜਾਂਚ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਵੱਖ-ਵੱਖ ਅਧਿਕਾਰੀਆਂ ਦੀ ਨਿਗਰਾਨੀ ਹੇਠ ਸੀਸੀਟੀਵੀ ਵਿਸ਼ਲੇਸ਼ਣ ਲਈ ਚਾਰ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ।