ਵਿਸ਼ਵ ਟੀਬੀ ਵਿਰੋਧੀ ਦਿਵਸ ਮੌਕੇ ਤਰਨਤਾਰਨ ’ਚ ਲਾਈ ਜਾਗਰੂਕਤਾ ਵਰਕਸ਼ਾਪ
ਮੈਡੀਕਲ ਅਫ਼ਸਰ ਡਾ. ਰੌਬਿਨ ਨੇ ਕਿਹਾ ਕਿ ਟੀਬੀ ਤੋਂ ਸੁਰੱਖਿਆ ਲਈ ਨਵਜਾਤ ਬੱਚਿਆਂ ਲਈ ਬੀਸੀਜੀ ਦਾ ਟੀਕਾ ਜਨਮ ਸਮੇਂ ਲਾਇਆ ਜਾਂਦਾ ਹੈ
Publish Date: Tue, 24 Mar 2026 04:52 PM (IST)
Updated Date: Wed, 25 Mar 2026 04:02 AM (IST)
ਸਟਾਫ਼ ਰਿਪੋਰਟਰ, •ਪੰਜਾਬੀ ਜਾਗਰਣ, ਤਰਨਤਾਰਨ : ਸਿਵਲ ਸਰਜਨ ਤਰਨਤਾਰਨ ਡਾ. ਗੁਰਪ੍ਰੀਤ ਸਿੰਘ ਰਾਏ ਦੀ ਅਗਵਾਈ ਹੇਠ ਤਰਨਤਾਰਨ ਵਿਖੇ ਵਿਸ਼ਵ ਟੀਬੀ ਵਿਰੋਧੀ ਦਿਵਸ ਨੂੰ ਸਮਰਪਿਤ ਜਾਗਰੂਕਤਾ ਵਰਕਸ਼ਾਪ ਕਰਵਾਈ ਗਈ। ਇਸ ਮੌਕੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਕਿਹਾ ਕਿ ਟਿਊਬਰ-ਕਲੋਸਿਸ ਟੀਬੀ ਮਾਈਕ੍ਰੋ-ਬੈਕਟੀਰੀਆ ਤੋਂ ਹੋਣ ਵਾਲੀ ਭਿਆਨਕ ਬਿਮਾਰੀ ਹੈ, ਜੋ ਕਿ ਸਰੀਰ ਦੇ ਕਿਸੇ ਵੀ ਹਿੱਸੇ ’ਚ ਹੋ ਸਕਦੀ ਹੈ, ਪਰ ਜ਼ਿਆਦਾਤਰ ਇਹ ਫੇਫੜਿਆਂ ’ਚ ਆਮ ਪਾਈ ਜਾਂਦੀ ਹੈ। ਇਸ ਬਿਮਾਰੀ ਨੂੰ ਫ਼ੈਲਾਉਣ ਵਾਲੇ ਬੈਕਟੀਰੀਆ ਦੀ ਖੋਜ 24 ਮਾਰਚ,1882 ਨੂੰ ਸਰ ਰਾਬਰਟ ਕਾਕ ਨੇ ਕੀਤੀ ਸੀ। ਇਸੇ ਲਈ ਹਰ ਸਾਲ 24 ਮਾਰਚ ਨੂੰ ਵਿਸ਼ਵ ਟੀਬੀ ਦਿਵਸ ਮਨਾਇਆ ਜਾਂਦਾ ਹੈ, ਤਾਂ ਜੋ ਇਸ ਬਿਮਾਰੀ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ। ਭਾਰਤ ਸਰਕਾਰ ਵੱਲੋਂ 2026 ਤੱਕ ਟੀਬੀ ਦੇ ਖ਼ਾਤਮੇ ਲਈ ਟੀਚਾ ਨਿਰਧਾਰਿਤ ਕੀਤਾ ਗਿਆ ਹੈ।
ਇਸ ਮੌਕੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਘਵ ਗੁਪਤਾ ਨੇ ਕਿਹਾ ਕਿ ਇਸ ਬਿਮਾਰੀ ਦੇ ਮੁੱਖ ਲੱਛਣ 2 ਹਫ਼ਤਿਆਂ ਤੋਂ ਵੱਧ ਪੁਰਾਣੀ ਖਾਂਸੀ, ਸਵੇਰੇ-ਸ਼ਾਮ ਬੁਖ਼ਾਰ ਹੋ ਜਾਣਾ, ਭੁੱਖ ਘੱਟ ਲੱਗਣਾ, ਖੰਘ ਨਾਲ ਬਲਗਮ ਤੇ ਖ਼ੂਨ ਆਉਣਾ ਆਦਿ ਹੈ। ਇਸ ਲਈ ਜੇਕਰ ਕੋਈ ਵੀ ਲੱਛਣ ਸਾਹਮਣੇ ਆਵੇ, ਤਾਂ ਤੁਰੰਤ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਤੋਂ ਆਪਣਾ ਮੁਫ਼ਤ ਟੈਸਟ ਤੇ ਇਲਾਜ ਕਰਵਾਉਣਾ ਚਾਹੀਦਾ ਹੈ।
ਇਸ ਤੋਂ ਇਲਾਵਾ ਬਹੁਤ ਸਾਰੀਆਂ ਸਾਵਧਾਨੀਆਂ ਜਿਵੇਂ ਖਾਂਸੀ ਜਾਂ ਛਿੱਕ ਸਮੇਂ ਮੂੰਹ 'ਤੇ ਰੁਮਾਲ ਰੱਖਣਾ, ਖੁੱਲ੍ਹੇ ’ਚ ਨਾ ਥੁੱਕਣਾ, ਪੌਸ਼ਟਿਕ ਭੋਜਨ ਖਾਣਾ, ਬੀੜੀ-ਸਿਗਰੇਟ ਦਾ ਪਰਹੇਜ਼ ਕਰਨਾ, ਦਵਾਈ ਦਾ ਕੋਰਸ ਪੂਰਾ ਕਰਨਾ, ਆਲੇ-ਦੁਆਲੇ ਦੀ ਸਫ਼ਾਈ ਦਾ ਖਾਸ ਧਿਆਨ ਰੱਖਣਾ ਤੇ ਕਸਰਤ ਕਰਨਾ ਆਦਿ ਨਾਲ ਅਸੀਂ ਆਪਣੇ ਆਪ ਨੂੰ ਤੇ ਸਮਾਜ ਨੂੰ ਇਸ ਬਿਮਾਰੀ ਤੋਂ ਸੁਰੱਖਿਅਤ ਰੱਖ ਸਕਦੇ ਹਾਂ।
ਇਸ ਮੌਕੇ ਮੈਡੀਕਲ ਅਫ਼ਸਰ ਡਾ. ਰੌਬਿਨ ਨੇ ਕਿਹਾ ਕਿ ਟੀਬੀ ਤੋਂ ਸੁਰੱਖਿਆ ਲਈ ਨਵਜਾਤ ਬੱਚਿਆਂ ਲਈ ਬੀਸੀਜੀ ਦਾ ਟੀਕਾ ਜਨਮ ਸਮੇਂ ਲਾਇਆ ਜਾਂਦਾ ਹੈ ਤੇ ਹੁਣ ਇਸ ਪ੍ਰੋਗਰਾਮ ਤਹਿਤ ਆਮ ਜਨਤਾ ਲਈ ਵੀ ਐੱਮਟੀਬੀ ਵੈਕ ਨਾਮਕ ਵੈਕਸੀਨ ਦੀ ਸ਼ੁਰੂਆਤ ਜਲਦ ਕੀਤੀ ਜਾ ਰਹੀ ਹੈ।
ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵਰਿੰਦਪਾਲ ਕੌਰ, ਡਾ. ਭਾਰਤੀ ਧਵਨ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੁਖਵੰਤ ਸਿੰਘ ਸਿੱਧੂ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਇੰਦਰਜੀਤ ਸਿੰਘ ਭੁੱਲਰ ਤੇ ਸਮੂਹ ਸਟਾਫ ਹਾਜ਼ਰ ਸਨ।