ਦੁਕਾਨ ਖਾਲੀ ਕਰਵਾਉਣ ਦੇ ਵਿਵਾਦ ’ਚ ਚੱਲੀਆਂ ਤਾਬੜਤੋੜ ਗੋਲੀਆਂ, ਹਮਲਾਵਰਾਂ ਦੀ ਕਰਤੂਤ CCTV ’ਚ ਕੈਦ; ਪੁਲਿਸ ਵੱਲੋਂ ਕੇਸ ਦਰਜ
ਕਸਬੇ ਦੇ ਨਜ਼ਦੀਕੀ ਪਿੰਡ ਚੇਲਾ ਵਿਖੇ ਕਿਰਾਏ ’ਤੇ ਲਈ ਦੁਕਾਨ ਖਾਲੀ ਨਾ ਕਰਨ ਦੇ ਵਿਵਾਦ ਵਿਚ ਅੱਧਾ ਦਰਜਨ ਦੇ ਕਰੀਬ ਲੋਕਾਂ ਵੱਲੋਂ ਕਥਿਤ ਤੌਰ ’ਤੇ ਦੁਕਾਨ ਦੀ ਤੇਜ਼ਧਾਰ ਹਥਿਆਰਾਂ ਨਾਲ ਭੰਨਤੋੜ ਕਰਨ ਅਤੇ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਘਟਨਾ ਸਬੰਧੀ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
Publish Date: Sat, 30 May 2026 01:08 PM (IST)
Updated Date: Sat, 30 May 2026 01:13 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਭਿੱਖੀਵਿੰਡ। ਕਸਬੇ ਦੇ ਨਜ਼ਦੀਕੀ ਪਿੰਡ ਚੇਲਾ ਵਿਖੇ ਕਿਰਾਏ ’ਤੇ ਲਈ ਦੁਕਾਨ ਖਾਲੀ ਨਾ ਕਰਨ ਦੇ ਵਿਵਾਦ ਵਿਚ ਅੱਧਾ ਦਰਜਨ ਦੇ ਕਰੀਬ ਲੋਕਾਂ ਵੱਲੋਂ ਕਥਿਤ ਤੌਰ ’ਤੇ ਦੁਕਾਨ ਦੀ ਤੇਜ਼ਧਾਰ ਹਥਿਆਰਾਂ ਨਾਲ ਭੰਨਤੋੜ ਕਰਨ ਅਤੇ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਘਟਨਾ ਸਬੰਧੀ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਨਿਸ਼ਾਨ ਸਿੰਘ ਪੁੱਤਰ ਦਿਲਜੀਤ ਸਿੰਘ ਵਾਸੀ ਚੇਲਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਨ੍ਹਾਂ ਕੋਲ ਕਿੰਦਰਬੀਰ ਸਿੰਘ ਪੁਤੱਰ ਸਤਨਾਮ ਸਿੰਘ ਹੋਰਾਂ ਦੀ ਦੁਕਾਨ ਕਿਰਾਏ ’ਤੇ ਹੈ, ਜਿਸ ਨੂੰ ਲੈਕੇ ਝਗੜਾ ਚੱਲ ਰਿਹਾ ਹੈ।
ਕਿੰਦਰ ਸਿੰਘ ਤੋਂ ਇਲਾਵਾ ਸਤਨਾਮ ਸਿੰਘ ਪੁੱਤਰ ਵਰਿਆਮ ਸਿੰਘ, ਗੁਰਜੰਟ ਸਿੰਘ ਪੁੱਤਰ ਜੋਗਿੰਦਰ ਸਿੰਘ ਵਾੀਸ ਚੇਲਾ ਅਤੇ ਚਾਰ ਅਣਪਛਾਤੇ ਵਿਅਕਤੀ ਰਾਤ 10 ਵਜੇ ਸ਼ਰਾਬੀ ਹਾਲਤ ਵਿਚ ਉਸਦੀ ਦੁਕਾਨ ’ਤੇ ਆਏ ਅਤੇ ਉਸ ਨੂੰ ਦੁਕਾਨ ਖਾਲੀ ਕਰਨ ਲਈ ਕਹਿਣ ਲੱਗੇ।
ਉਸ ਨੇ ਰੋਕਣਾ ਚਾਹਿਆ ਪਰ ਉਕਤ ਲੋਕਾਂ ਨੇ ਦੁਕਾਨ ਦੀ ਭੰਨ ਤੋੜ ਕਰਨੀ ਸ਼ੁਰੂ ਕਰ ਦਿੱਤੀ। ਗੁਰਜੰਟ ਸਿੰਘ ਨੇ ਦਾਤਰਾਂ ਨਾਲ ਸ਼ਟਰ ਤੋੜ ਦਿੱਤਾ। ਜਦੋਂਕਿ ਕਿੰਦਰਬੀਰ ਸਿੰਘ ਨੇ 30 ਬੋਰ ਦੇ ਪਿਸਤੌਲ ਨਾਲ ਫਾਇਰਿੰਗ ਕੀਤੀ। ਉਕਤ ਸਾਰੀ ਘਟਨਾ ਸਾਹਮਣੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਵੀ ਰਿਕਾਰਡ ਹੋਈ ਹੈ। ਉਸਨੇ ਸ਼ਿਕਾਇਤ ’ਚ ਉਕਤ ਲੋਕਾਂ ਤੋਂ ਜਾਨ ਦਾ ਖਤਰਾ ਵੀ ਦੱਸਿਆ।
ਜਾਂਚ ਅਧਿਕਾਰੀ ਏ.ਐੱਸ.ਆਈ. ਨਿਰਮਲ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਵਿਚ ਦਰਜ ਲੋਕਾਂ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ।