- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੱਤਾਧਾਰੀ ਧਿਰ ਤੇ ਵਿਧਾਇਕ ਦੇ ਸਿਆਸੀ ਦਬਾਅ ਹੇਠ ਪੁਲਿਸ ਇਨ੍ਹਾਂ ਦੀ ਗ੍ਰਿਫ਼ਤਾਰੀ ਕਰਨ ਤੋਂ ਬੇਵੱਸ ਨਜ਼ਰ ਆ ਰਹੀ ਹੈ

ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਆਮ ਆਦਮੀ ਪਾਰਟੀ ਦੇ ਖਡੂਰ ਸਾਹਿਬ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੀ ਸਰਪ੍ਰਸਤੀ ਹੇਠ ਇਲਾਕੇ ’ਚ ‘ਆਪ’ ਆਗੂਆਂ ਵੱਲੋਂ ਗ਼ਰੀਬ ਅਤੇ ਦਲਿਤ ਪਰਿਵਾਰਾਂ ’ਤੇ ਢਾਹੇ ਜਾ ਰਹੇ ਅੱਤਿਆਚਾਰਾਂ ਨੇ ਪੰਜਾਬ ’ਚ ਕਾਨੂੰਨ ਵਿਵਸਥਾ ਦਾ ਜਨਾਜ਼ਾ ਕੱਢ ਕੇ ਰੱਖ ਦਿੱਤਾ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਤੇ ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਆਪਣੀ ਸਮੁੱਚੀ ਲੀਡਰਸ਼ਿਪ ਸਮੇਤ ਪਿੰਡ ਵੇਈਂਪੂੰਈ ਤੇ ਢੋਟੀਆਂ ਦਾ ਦੌਰਾ ਕਰਨ ਮੌਕੇ ਕੀਤਾ।
ਪਿੰਡ ਵੇਈਂਪੂੰਈ ਵਿਖੇ ਸਾੜੇ ਗਏ ਗ਼ਰੀਬ ਦਲਿਤ ਪਰਿਵਾਰ ਦੇ ਘਰ ਦਾ ਜਾਇਜ਼ਾ ਲੈਂਦਿਆਂ ਤੇ ਪੀੜਤ ਪਰਿਵਾਰਾਂ ਦਾ ਦਰਦ ਵੰਡਾਉਂਦਿਆਂ ਬ੍ਰਹਮਪੁਰਾ ਨੇ ਭਗਵੰਤ ਮਾਨ ਸਰਕਾਰ ’ਤੇ ਤਿੱਖਾ ਹਮਲਾ ਬੋਲਿਆ। ਮੌਕੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਗ਼ਰੀਬਾਂ ਦੇ ਘਰਾਂ ਨੂੰ ਅੱਗਾਂ ਲਾਉਣੀਆਂ ਤੇ ਸ੍ਰੀ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਨੂੰ ਸਾੜਨਾ ਸ਼ਰੇਆਮ ਲੋਕਤੰਤਰ ਤੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਸੰਵਿਧਾਨ ਦਾ ਕਤਲ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਬ੍ਰਹਮਪੁਰਾ ਨੇ ਸਪੱਸ਼ਟ ਦੋਸ਼ ਲਾਇਆ ਕਿ ਇਹ ਸਾਰਾ ਕੁਝ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਦੀ ਸਿੱਧੀ ਸ਼ਹਿ ’ਤੇ ਹੋ ਰਿਹਾ ਹੈ। ਪਿੰਡ ਢੋਟੀਆਂ ਵਿਖੇ ਇਕ ਦਲਿਤ ਨੌਜਵਾਨ ਨੂੰ ਕਮਰੇ ’ਚ ਬੰਦ ਕਰ ਕੇ ਬੇਰਹਿਮੀ ਨਾਲ ਰਾਡਾਂ ਨਾਲ ਕੁੱਟਣ ਵਾਲਾ ਢੋਟੀਆਂ ਦਾ ਸਰਪੰਚ ਤੇ ਘਰਾਂ ਨੂੰ ਅੱਗ ਲਾਉਣ ਵਾਲਾ ਵਿਧਾਇਕ ਦਾ ਸਾਲਾ ਸਰਪੰਚ ਬਲਦੇਵ ਸਿੰਘ ਗੋਰਾ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ।
ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ’ਤੇ ਵੱਡੇ ਸਵਾਲ ਚੁੱਕਦਿਆਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਭਾਰੀ ਦਬਾਅ ਸਦਕਾ ਪੁਲਿਸ ਨੇ ਸੰਗੀਨ ਧਾਰਾਵਾਂ ਤਹਿਤ ਮੁਕੱਦਮਾ ਤਾਂ ਦਰਜ ਕਰ ਲਿਆ ਹੈ, ਪਰ ਸੱਤਾਧਾਰੀ ਧਿਰ ਤੇ ਵਿਧਾਇਕ ਦੇ ਸਿਆਸੀ ਦਬਾਅ ਹੇਠ ਪੁਲਿਸ ਇਨ੍ਹਾਂ ਦੀ ਗ੍ਰਿਫ਼ਤਾਰੀ ਕਰਨ ਤੋਂ ਬੇਵੱਸ ਨਜ਼ਰ ਆ ਰਹੀ ਹੈ। ਮੁਲਜ਼ਮਾਂ ਦਾ ਸ਼ਰੇਆਮ ਆਜ਼ਾਦ ਘੁੰਮਣਾ ਇਹ ਸਾਬਿਤ ਕਰਦਾ ਹੈ ਕਿ ਪੰਜਾਬ ਪੁਲਿਸ ਪੂਰੀ ਤਰ੍ਹਾਂ ਵਿਧਾਇਕ ਦੀ ਕਠਪੁਤਲੀ ਬਣ ਚੁੱਕੀ ਹੈ।
ਬ੍ਰਹਮਪੁਰਾ ਨੇ ਅੱਗੇ ਕਿਹਾ ਕਿ ਪੰਜਾਬ ਪੁਲਿਸ ਤੇ ਸੂਬਾ ਸਰਕਾਰ ਤੋਂ ਇਨਸਾਫ਼ ਦੀ ਆਸ ਮੁੱਕ ਚੁੱਕੀ ਹੈ, ਜਿਸ ਕਾਰਨ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਹੀ ਪੀੜਤ ਪਰਿਵਾਰਾਂ ਵੱਲੋਂ ਨੈਸ਼ਨਲ ਕਮਿਸ਼ਨ ਫਾਰ ਸ਼ਡਿਊਲਡ ਕਾਸਟਸ, ਨਵੀਂ ਦਿੱਲੀ ਨੂੰ ਲਿਖਤੀ ਸ਼ਿਕਾਇਤ ਤੇ ਸਾਰੇ ਵੀਡੀਓ ਸਬੂਤ ਭੇਜ ਦਿੱਤੇ ਹਨ। ਉਨ੍ਹਾਂ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਪੰਜਾਬ ਦੇ ਡੀਜੀਪੀ ਨੂੰ ਤੁਰੰਤ ਦਿੱਲੀ ਤਲਬ ਕਰ ਕੇ ਇਸ ਸਿਆਸੀ ਗੁੰਡਾਗਰਦੀ ਦਾ ਸਖ਼ਤ ਨੋਟਿਸ ਲਿਆ ਜਾਵੇ।
ਉਨ੍ਹਾਂ ਪ੍ਰਸ਼ਾਸਨ ਨੂੰ ਸਿੱਧੀ ਚਿਤਾਵਨੀ ਦਿੱਤੀ ਕਿ ਜੇਕਰ ਵਿਧਾਇਕ ਦੇ ਸਾਲੇ ਬਲਦੇਵ ਸਿੰਘ ਗੋਰਾ, ਢੋਟੀਆਂ ਦੇ ਸਰਪੰਚ ਤੇ ਹੋਰ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰ ਕੇ ਜੇਲ੍ਹ ਨਾ ਭੇਜਿਆ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।
ਇਸ ਮੌਕੇ ਉਨ੍ਹਾਂ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਬਲਵਿੰਦਰ ਸਿੰਘ ਵੇਂਈਪੂੰਈ, ਸੀਨੀਅਰ ਅਕਾਲੀ ਆਗੂ ਜਥੇਦਾਰ ਦਲਬੀਰ ਸਿੰਘ ਜਹਾਂਗੀਰ, ਸਾਬਕਾ ਚੇਅਰਮੈਨ ਗੁਰਸੇਵਕ ਸਿੰਘ ਸ਼ੇਖ, ਸਾਬਕਾ ਸਰਪੰਚ ਰਜਿੰਦਰ ਸਿੰਘ ਰਾਜਨ, ਤਸਵੀਰ ਸਿੰਘ ਮੈਂਬਰ ਪੰਚਾਇਤ, ਡਾਕਟਰ ਰਾਣਾ ਅਤੇ ਸੰਮਤੀ ਮੈਂਬਰ ਸ਼ਮਸ਼ੇਰ ਸਿੰਘ ਵੀ ਮੌਜੂਦ ਸਨ।