ਆਸ਼ਾ ਵਰਕਰ ਯੂਨੀਅਨ ਨੇ ਬਾਈਕਾਟ ਦੇ ਆਖ਼ਰੀ ਦਿਨ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ
ਮੰਗਾਂ ਲਈ 16 ਤੋਂ 28 ਮਾਰਚ ਤਕ ਪੰਜਾਬ ਸਰਕਾਰ ਦੇ ਲਗਾਤਾਰ ਕੰਮਾਂ ਦਾ ਮੁਕੰਮਲ ਬਾਈਕਾਟ ਕੀਤਾ ਗਿਆ ਸੀ
Publish Date: Sat, 28 Mar 2026 06:36 PM (IST)
Updated Date: Sun, 29 Mar 2026 04:12 AM (IST)
ਗੁਰਪ੍ਰੀਤ ਸਿੰਘ ਕੱਦਗਿੱਲ•, ਪੰਜਾਬੀ ਜਾਗਰਣ, ਤਰਨਤਾਰਨ : ਆਸ਼ਾ ਵਰਕਰਜ਼ ਫੈਸੀਲਿਟੇਟਰਜ਼ ਸਾਂਝਾ ਮੋਰਚਾ ਪੰਜਾਬ ਜ਼ਿਲ੍ਹਾ ਤਰਨਤਾਰਨ ਦੇ ਆਗੂ ਸੀਮਾ ਸੋਹਲ, ਕੁਲਵੰਤ ਕੌਰ ਮੀਆਂਵਿੰਡ, ਰਾਜਵਿੰਦਰ ਕੌਰ ਚਾਹਲ, ਰਵਿੰਦਰਜੀਤ ਕੌਰ ਸ਼ੇਖ, ਸੰਦੀਪ ਤਰਨਤਾਰਨ, ਮਨਜੀਤ ਕੌਰ ਗੋਹਲਵੜ੍ਹ ਦੀ ਅਗਵਾਈ ’ਚ ਸਿਵਲ ਹਸਪਤਾਲ ਤਰਨਤਾਰਨ ਵਿਖੇ ਇਕੱਠੇ ਹੋ ਕੇ ਰੋਸ ਮੁਜ਼ਾਹਰਾ ਕਰਨ ਉਪਰੰਤ ਸ਼ਹਿਰ ’ਚ ਰੋਸ ਮਾਰਚ ਕਰਦਿਆ ਪੰਜਾਬ ਸਰਕਾਰ ਦਾ ਬੋਹੜੀ ਚੌਕ ’ਚ ਪੁਤਲਾ ਫੂਕਿਆ ਗਿਆ। ਰੋਸ ਮਾਰਚ ਨੂੰ ਸੰਬੋਧਨ ਕਰਦਿਆਂ ਆਸ਼ਾ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਚਾਰ ਸਾਲ ਦੇ ਕਾਰਜ ਕਾਲ ’ਚ ਜੋ ਵਰਕਰਾਂ ਤੋਂ ਸਿਹਤ ਵਿਭਾਗ ’ਚ ਬਿਨਾਂ ਭੱਤਿਆਂ ’ਤੇ ਕੰਮ ਲਿਆ ਹੈ, ਉਸ ਦੀ ਭਰਪਾਈ ਕੌਣ ਕਰੇਗਾ।
ਇਸ ਦੀ ਮੋਰਚਾ ਸਖ਼ਤ ਸ਼ਬਦਾਂ ’ਚ ਨ੍ਹਿੰਦਿਆ ਕਰਦਾ ਹੈ। ਸਰਕਾਰ ਸਾਡੇ ਬਣਦੇ ਹੱਕਾਂ ਲਈ ਗੱਲਬਾਤ ਕਰਨ ਲਈ ਤਿਆਰ ਨਹੀਂ। ਮੰਗਾਂ ’ਚ ਪੇ-ਕਮਿਸ਼ਨ ਅਨੁਸਾਰ ਉਜਰਤ ਦਾ ਕਾਨੂੰਨ ਲਾਗੂ ਕਰਦਿਆਂ 28 ਹਜ਼ਾਰ ਤਕ ਡੀਸੀ ਰੇਟ ਲਾਗੂ ਕਰੋ, ਸੇਵਾ ਮੁਕਤੀ ਤੇ ਹਰਿਆਣਾ ਦੀ ਤਰਜ਼ ’ਤੇ ਸਹਾਇਤਾ ਫੰਡ ਤੇ ਪੈਨਸ਼ਨ ਦਾ ਪ੍ਰਬੰਧ ਕੀਤਾ ਜਾਵੇ ਤੇ ਕੀਤੇ ਵਾਅਦੇ ਅਨੁਸਾਰ 2500/ਰੁਪਏ ਡਬਲ ਕਰਨਾ, ਫੈਸੀਲਿਟੇਟਰਜ਼ ਦਾ ਦੁੱਗਣਾ ਕੀਤਾ ਟੂਰ ਮਨੀ ਦਾ ਨੋਟੀਫਿਕੇਸ਼ਨ ਜਾਰੀ ਕਰਨਾ, 62 ਸਾਲ ਉਮਰ ਹੱਦ ਪਾਲਿਸੀ ’ਚ ਦਿ ਕਲਾਸ ਫੋਰ ਦੀ ਹਰ ਕੈਟਾਗਿਰੀ ’ਚ ਭਰਤੀ ਤੇ 10 ਫ਼ੀਸਦੀ ਕੋਟਾ ਦਿੱਤਾ ਜਾਵੇ।
ਇਨ੍ਹਾਂ ਮੰਗਾਂ ਲਈ 16 ਤੋਂ 28 ਮਾਰਚ ਤਕ ਪੰਜਾਬ ਸਰਕਾਰ ਦੇ ਲਗਾਤਾਰ ਕੰਮਾਂ ਦਾ ਮੁਕੰਮਲ ਬਾਈਕਾਟ ਕੀਤਾ ਗਿਆ ਸੀ। ਇਸ ਦੌਰਾਨ ਸਮੁੱਚੇ ਆਸ਼ਾ ਵਰਕਰਜ਼ ਨੇ ਮਾਨਸਿਕ, ਨਿੱਜੀ ਪਰੇਸ਼ਾਨੀਆਂ ਦਾ ਡਟ ਕੇ ਮੁਕਾਬਲਾ ਕੀਤਾ। ਪੰਜਾਬ ਸਰਕਾਰ ਦੇ ਸੰਯੁਕਤ ਪ੍ਰਮੁੱਖ ਸਕੱਤਰ ਨਵਰਾਜ ਸਿੰਘ ਬਰਾੜ, ਐੱਮਡੀ ਮੋਨਿਕਾ ਬੱਬਰ ਦੇ 25 ਮਾਰਚ ਵਾਲੀ ਮੀਟਿੰਗ ’ਚ ਦਿੱਤੇ ਹੋਏ ਭਰੋਸੇ ’ਤੇ ਰੋਸ ਰੈਲੀਆਂ ਕਰਦੇ ਹੋਏ ਪ੍ਰੋਗਰਾਮ ਮੁਲਤਵੀ ਕੀਤਾ ਗਿਆ ਤੇ 1 ਅਪ੍ਰੈਲ ਨੂੰ ਕਾਮਰੇਡ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿਖੇ ਸਾਂਝੇ ਮੋਰਚੇ ਦੀ ਮੀਟਿੰਗ ਬੁਲਾ ਕੇ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਰਕਰਾਂ ਮੰਗਾਂ ਪ੍ਰਤੀ ਨਾ ਪੱਖੀ ਹੁੰਗਾਰੇ ਖ਼ਿਲਾਫ਼ ਧੂਰੀ ਹਲਕੇ ’ਚ ਪੱਕੇ ਮੋਰਚੇ ਲਾ ਕੇ ਵੱਡੇ ਐਕਸ਼ਨ ਉਲੀਕੇ ਜਾਣਗੇ।
ਇਸ ਮੌਕੇ ਪੂਨਮ ਤਰਨਤਾਰਨ, ਰਣਜੀਤ ਕੌਰ ਕੋਟ ਧਰਮਚੰਦ, ਪਰਮਜੀਤ ਮਾਲੂਵਾਲ, ਰਾਜ ਸ਼ਰਮਾ ਪੰਜਵੜ੍ਹ, ਰਮਨਦੀਪ ਕੌਰ ਨੂਰਦੀ, ਪਰਸਿੰਨ ਕੌਰ ਮੰਨਣ, ਬਲਵਿੰਦਰ ਕੌਰ ਝਬਾਲ, ਦਵਿੰਦਰ ਕੌਰ ਝਬਾਲ, ਪ੍ਰਭਜੀਤ ਝਬਾਲ, ਦਵਿੰਦਰ ਨੌਰੰਗਾਬਾਦ, ਮਨਦੀਪ ਕੌਰ ਝਬਾਲ, ਨੀਲੂ ਝਬਾਲ ਆਦਿ ਆਗੂ ਹਾਜ਼ਰ ਸਨ।