- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗ੍ਰਿਫਤਾਰ ਐੱਸਐੱਚਓ ਕਿਰਪਾਲ ਸਿੰਘ ਨੂੰ ਅੱਜ ਮੁੜ ਕੀਤਾ ਜਾਵੇਗਾ ਅਦਾਲਤ ਵਿਚ ਪੇਸ਼

ਐੱਸਐੱਚਓ ਬਲਜਿੰਦਰ ਸਿੰਘ ਸਣੇ ਤਿੰਨ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ
ਨਸ਼ੇ ਸਣੇ ਫੜੇ ਵਿਅਕਤੀਆਂ ਨੂੰ ਨਾਜਾਇਜ਼ ਲਾਭ ਦੇਣ ਲਈ ਸੱਤ ਲੱਖ ਰਿਸ਼ਵਤ ਲੈਣ ਦਾ ਹੈ ਦੋਸ਼
ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ, ਤਰਨਤਾਰਨ : ਐੱਨਡੀਪੀਐੱਸ ਐਕਟ ਦੇ ਮਾਮਲਿਆਂ ਵਿਚ ਮੁਲਜ਼ਮ ਨੂੰ ਕਥਿਤ ਤੌਰ ’ਤੇ ਨਾਜਾਇਜ਼ ਲਾਭ ਪਹੁੰਚਾਉਣ ਦੇ ਬਦਲੇ ਰਿਸ਼ਵਤ ਲੈਣ ਦੇ ਦੋਸ਼ਾਂ ਵਿਚ ਤਰਨਤਾਰਨ ਪੁਲਿਸ ਵੱਲੋਂ ਨਾਮਜ਼ਦ ਕੀਤੇ ਗਏ ਦੋ ਐੱਸਐੱਚਓਜ਼ ਅਤੇ ਦੋ ਵਿਚੋਲਿਆਂ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਥਾਣਾ ਕੱਚਾ ਪੱਕਾ ਦੇ ਐੱਸਐੱਚਓ ਸਬ-ਇੰਸਪੈਕਟਰ ਕਿਰਪਾਲ ਸਿੰਘ ਦਾ ਤਿੰਨ ਦਿਨਾ ਪੁਲਿਸ ਰਿਮਾਂਡ ਅੱਜ ਬੁੱਧਵਾਰ ਨੂੰ ਖਤਮ ਹੋਣ ਜਾ ਰਿਹਾ ਹੈ ਤੇ ਪੁਲਿਸ ਦੁਬਾਰਾ ਉਸ ਨੂੰ ਅਦਾਲਤ ਵਿਚ ਪੇਸ਼ ਕਰੇਗੀ। ਹਾਲਾਂਕਿ ਇਸ ਮਾਮਲੇ ’ਚ ਨਾਮਜ਼ਦ ਇਕ ਹੋਰ ਐੱਸਐੱਚਓ ਤੇ ਦੋ ਵਿਚੋਲੇ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ।
ਦੱਸ ਦਈਏ ਕਿ ਇਸ ਮਾਮਲੇ ਵਿਚ ਥਾਣਾ ਵਲਟੋਹਾ ਦੇ ਐੱਸਐੱਚਓ ਸਬ-ਇੰਸਪੈਕਟਰ ਬਲਜਿੰਦਰ ਸਿੰਘ, ਥਾਣਾ ਕੱਚਾ ਪੱਕਾ ਦੇ ਐੱਸਐੱਚਓ ਸਬ-ਇੰਸਪੈਕਟਰ ਕਿਰਪਾਲ ਸਿੰਘ ਤੋਂ ਇਲਾਵਾ ਰੋਬਿਨ ਸਿੰਘ ਵਾਸੀ ਮਾੜੀਮੇਘਾ ਅਤੇ ਪੂਰਨ ਸਿੰਘ ਵਾਸੀ ਦਾਓਕੇ ਖ਼ਿਲਾਫ਼ ਥਾਣਾ ਵਲਟੋਹਾ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਸਮੇਤ ਹੋਰ ਧਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਐੱਸਐੱਚਓ ਕਿਰਪਾਲ ਸਿੰਘ ਨੂੰ ਜਿੱਥੇ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, ਉੱਥੇ ਹੀ ਐੱਸਐੱਚਓ ਬਲਜਿੰਦਰ ਸਿੰਘ ਸਮੇਤ ਰੋਬਿਨ ਸਿੰਘ ਅਤੇ ਪੂਰਨ ਸਿੰਘ ਦੀ ਗ੍ਰਿਫ਼ਤਾਰੀ ਹਾਲੇ ਬਾਕੀ ਹੈ।
ਪੁਲਿਸ ਵੱਲੋਂ ਦਰਜ ਮਾਮਲੇ ਅਨੁਸਾਰ ਇਹ ਕਾਰਵਾਈ ਭਾਰਤੀ ਮਾਤਰਾ ’ਚ ਬਰਾਮਦ ਹੋਈ ਅਫੀਮ ਸਬੰਧੀ ਦਰਜ ਕੀਤੇ ਐੱਨਡੀਪੀਐੱਸ ਐਕਟ ਦੇ ਦੋ ਵੱਖ-ਵੱਖ ਮਾਮਲਿਆਂ ਵਿਚ ਨਾਮਜ਼ਦ ਵਿਅਕਤੀ ਗੁਰਮੀਤ ਸਿੰਘ ਉਰਫ਼ ਗੀਤੂ ਨੂੰ ਤਫ਼ਤੀਸ਼ ਦੌਰਾਨ ਕਥਿਤ ਨਾਜਾਇਜ਼ ਲਾਭ ਪਹੁੰਚਾਉਣ ਬਦਲੇ ਉਸ ਦੇ ਪਰਿਵਾਰਕ ਮੈਂਬਰਾਂ ਤੋਂ ਰਿਸ਼ਵਤ ਲੈਣ ਸਬੰਧੀ ਮਿਲੀ ਸੂਚਨਾ ਦੇ ਆਧਾਰ ’ਤੇ ਕੀਤੀ ਗਈ ਹੈ। ਦੋਸ਼ ਹੈ ਕਿ ਦੋਵੇਂ ਐੱਸਐੱਚਓਜ਼ ਨੇ ਕਥਿਤ ਤੌਰ ’ਤੇ ਵਿਚੋਲਿਆਂ ਰਾਹੀਂ ਰਿਸ਼ਵਤ ਦੀ ਰਕਮ ਹਾਸਲ ਕੀਤੀ। ਪੁਲਿਸ ਲਈ ਹੁਣ ਫ਼ਰਾਰ ਦੱਸੇ ਜਾ ਰਹੇ ਐੱਸਐੱਚਓ ਬਲਜਿੰਦਰ ਸਿੰਘ ਅਤੇ ਦੋਵਾਂ ਵਿਚੋਲਿਆਂ ਨੂੰ ਗ੍ਰਿਫ਼ਤਾਰ ਕਰਨਾ ਵੀ ਅਹਿਮ ਚੁਣੌਤੀ ਹੈ।
ਭ੍ਰਿਸ਼ਟਾਚਾਰ ਦੇ ਦਰਜ ਕੇਸ ’ਚ ਨਹੀਂ ਹੋਈ ਕੋਈ ਹੋਰ ਗ੍ਰਿਫ਼ਤਾਰੀ
ਥਾਣਾ ਵਲਟੋਹਾ ਵਿਚ ਦਰਜ ਕੀਤੇ ਗਏ ਕੇਸ ਦੀ ਜਾਂਚ ਕਰ ਰਹੇ ਡੀਐੱਸਪੀ ਸਬ-ਡਵੀਜ਼ਨ ਭਿੱਖੀਵਿੰਡ ਅਤੁਲ ਸੋਨੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਫਿਲਹਾਲ ਕੋਈ ਹੋਰ ਗ੍ਰਿਫਤਾਰੀ ਨਹੀਂ ਹੋਈ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਥਾਣਾ ਕੱਚਾ ਪੱਕਾ ਦੇ ਤੱਤਕਾਲੀ ਮੁਖੀ ਸਬ-ਇੰਸਪੈਕਟਰ ਕਿਰਪਾਲ ਸਿੰਘ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ’ਤੇ ਲਿਆ ਗਿਆ ਸੀ ਅਤੇ ਅੱਜ ਬੁੱਧਵਾਰ ਨੂੰ ਦੁਬਾਰਾ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਰਿਸ਼ਵਤ ਦੇ ਉਕਤ ਮਾਮਲੇ ਵਿਚ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟੋਲਰੈਂਸ ਨੀਤੀ ਤਹਿਤ ਕਾਰਵਾਈ ਕੀਤੀ ਗਈ ਹੈ ਅਤੇ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਐੱਸਆਈ ਬਲਜਿੰਦਰ ਸਿੰਘ ’ਤੇ ਪੁਰਾਣੇ ਦਰਜ ਕੇਸ ਦਾ ਰਿਕਾਰਡ ਵੀ ਚਰਚਾ ’ਚ ਆਇਆ
ਕੇਪੀ ਗਿੱਲ•, ਪੰਜਾਬੀ ਜਾਗਰਣ, ਕੈਰੋਂ : ਮੌਜੂਦਾ ਮਾਮਲੇ ਵਿਚ ਨਾਮਜ਼ਦ ਐੱਸਐੱਚਓ ਬਲਜਿੰਦਰ ਸਿੰਘ ਸਬੰਧੀ ਪੁਰਾਣਾ ਪੁਲਿਸ ਰਿਕਾਰਡ ਵੀ ਹੁਣ ਚਰਚਾ ਵਿਚ ਆ ਗਿਆ ਹੈ। ਉਪਲੱਬਧ ਪੁਲਿਸ ਰਿਕਾਰਡ ਅਨੁਸਾਰ 2017 ਵਿਚ ਥਾਣਾ ਹਰੀਕੇ ਵਿਖੇ ਐੱਨਡੀਪੀਐੱਸ ਐਕਟ ਅਧੀਨ ਦਰਜ ਮੁਕੱਦਮਾ ਨੰਬਰ 102 ਦੀ ਤਫ਼ਤੀਸ਼ ਦੌਰਾਨ ਵੀ ਬਲਜਿੰਦਰ ਸਿੰਘ ਦਾ ਨਾਂ ਰਿਸ਼ਵਤ ਦੇ ਕਥਿਤ ਮਾਮਲੇ ਵਿਚ ਸਾਹਮਣੇ ਆਇਆ ਸੀ। ਉਸ ਮਾਮਲੇ ਵਿਚ ਮੁਲਜ਼ਮ ਨੂੰ ਕਥਿਤ ਤੌਰ ’ਤੇ 265 ਗ੍ਰਾਮ ਅਤੇ 255 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤੇ ਜਾਣ ਦੀ ਗੱਲ ਪੁਲਿਸ ਰਿਕਾਰਡ ਵਿਚ ਦਰਜ ਹੈ। ਪੁੱਛਗਿੱਛ ਦੌਰਾਨ ਸੁਖਦੇਵ ਸਿੰਘ ਵੱਲੋਂ ਦਿੱਤੇ ਬਿਆਨ ਦੇ ਆਧਾਰ ’ਤੇ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਆਪਣੇ ਇਕ ਰਿਸ਼ਤੇਦਾਰ ਜਗਦੇਵ ਸਿੰਘ ਉਰਫ਼ ਜੱਗਾ ਦਾ ਨਾਂ ਦੱਸਿਆ ਸੀ, ਜਿਸ ਨੂੰ ਪੁਲਿਸ ਵੱਲੋਂ ਪੁੱਛਗਿੱਛ ਲਈ ਲਿਆਂਦਾ ਗਿਆ।
ਰਿਕਾਰਡ ਵਿਚ ਦਰਜ ਕਹਾਣੀ ਅਨੁਸਾਰ ਜਗਦੇਵ ਸਿੰਘ ਕੋਲੋਂ ਕੋਈ ਨਸ਼ੀਲਾ ਪਦਾਰਥ ਬਰਾਮਦ ਨਾ ਹੋਣ ਦੇ ਬਾਵਜੂਦ ਉਸ ਖ਼ਿਲਾਫ਼ ਐੱਨਡੀਪੀਐੱਸ ਦਾ ਕੇਸ ਦਰਜ ਕਰਨ ਦੀ ਧਮਕੀ ਦੇ ਕੇ ਕਥਿਤ ਤੌਰ ’ਤੇ ਦੋ ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ ਸੀ ਤੇ ਡੇਢ ਲੱਖ ਰੁਪਏ ਵਿਚ ਸੌਦਾ ਤੈਅ ਹੋਣ ਦੀ ਗੱਲ ਪੁਲਿਸ ਰਿਕਾਰਡ ਵਿਚ ਦਰਜ ਕੀਤੀ ਗਈ। ਉਸ ਸਮੇਂ ਦੇ ਤੱਤਕਾਲੀ ਮੁੱਖ ਅਫ਼ਸਰ ਥਾਣਾ ਹਰੀਕੇ ਐੱਸਆਈ ਬਲਜਿੰਦਰ ਸਿੰਘ ਅਤੇ ਉਸ ਦੇ ਗੰਨਮੈਨ ਐੱਚਸੀ ਜਤਿੰਦਰ ਸਿੰਘ ’ਤੇ ਜਗਦੇਵ ਸਿੰਘ ਨੂੰ ਛੱਡਣ ਬਦਲੇ ਡੇਢ ਲੱਖ ਦੀ ਰਿਸ਼ਵਤ ਵਜੋਂ ਲੈਣ ਦੇ ਦੋਸ਼ ਲਾਏ ਗਏ ਸਨ। ਇਸ ਸਬੰਧੀ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ ਤਹਿਤ ਕਾਰਵਾਈ ਕੀਤੇ ਜਾਣ ਦਾ ਵੀ ਰਿਕਾਰਡ ਵਿਚ ਜ਼ਿਕਰ ਹੈ। ਇਸ ਪੁਰਾਣੇ ਮਾਮਲੇ ਕਾਰਨ ਮੌਜੂਦਾ ਕੇਸ ਵਿੱਚ ਐੱਸਐੱਚਓ ਬਲਜਿੰਦਰ ਸਿੰਘ ਖ਼ਿਲਾਫ਼ ਲੱਗੇ ਦੋਸ਼ਾਂ ਨੇ ਹੋਰ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਕਿਉਕਿ ਪੁਰਾਣੇ ਭ੍ਰਿਸਟਾਚਾਰ ਮਾਮਲੇ ’ਚ ਐੱਸਐੱਚਓ ਬਲਜਿੰਦਰ ਸਿੰਘ ਸਾਢੇ ਚਾਰ ਮਹੀਨੇ ਪਹਿਲਾਂ ਹੀ ਬਰੀ ਹੋ ਕੇ ਮੁੜ ਵਲਟੋਹਾ ਥਾਣੇ ਦਾ ਮੁਖੀ ਨਿਯੁਕਤ ਹੋਇਆ ਸੀ। ਹਾਲਾਂਕਿ ਇਹ ਗੱਲ ਖਾਸ ਤੌਰ ’ਤੇ ਸਪੱਸ਼ਟ ਰਹੇ ਕਿ 2017 ਦੇ ਮਾਮਲੇ ਵਿਚ ਦਰਜ ਦੋਸ਼ ਅਤੇ ਮੌਜੂਦਾ 2026 ਦੇ ਮਾਮਲੇ ਵਿਚ ਲੱਗੇ ਦੋਸ਼ ਵੱਖ-ਵੱਖ ਮਾਮਲੇ ਹਨ ਅਤੇ ਕਿਸੇ ਵੀ ਦੋਸ਼ ਦੀ ਅੰਤਮ ਸੱਚਾਈ ਅਦਾਲਤੀ ਪ੍ਰਕਿਰਿਆ ਤੋਂ ਬਾਅਦ ਹੀ ਤੈਅ ਹੋਵੇਗੀ।