- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਾਣਾ ਮੰਡੀਆਂ ’ਚ ਹਰ ਸਾਲ ਵਾਂਗ ਕਿਸਾਨਾਂ ਲਈ ਛਾਂ ਦੀ ਵਿਵਸਥਾ, ਪੀਣ ਵਾਲੇ ਸਾਫ਼ ਪਾਣੀ ਦੀ ਉਪਲੱਬਧਤਾ ਤੇ ਬੈਠਣ ਲਈ ਢੰਗ ਦੇ ਪ੍ਰਬੰਧਾਂ ਦਾ ਖ਼ਾਸ ਧਿਆਨ ਰੱਖਿਆ ਜਾਵੇਗਾ।

ਬੱਲੂ ਮਹਿਤਾ,• ਪੰਜਾਬੀ ਜਾਗਰਣ, ਪੱਟੀ : ਆਉਣ ਵਾਲੇ ਕਣਕ ਖ਼ਰੀਦ ਸੀਜ਼ਨ ਨੂੰ ਧਿਆਨ ’ਚ ਰੱਖਦਿਆਂ ਇਲਾਕੇ ਦੀਆਂ ਅਨਾਜ ਮੰਡੀਆਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸਬੰਧਿਤ ਅਧਿਕਾਰੀਆਂ ਨੂੰ ਹੁਕਮ ਜਾਰੀ ਕੀਤੇ ਗਏ ਹਨ। ਮਾਰਕੀਟ ਕਮੇਟੀ ਪੱਟੀ ਦੇ ਸੈਕਟਰੀ ਗੁਰਜੀਤ ਸਿੰਘ ਮੱਲ੍ਹੀ ਨੇ ਦੱਸਿਆ ਕਿ ਮਾਰਕੀਟ ਪੱਟੀ ਮੰਡੀ ਅਧੀਨ ਆਉਂਦੀਆਂ ਦਾਣਾ ਮੰਡੀਆਂ ’ਚ ਉਪਲੱਬਧ ਸੁਵਿਧਾਵਾਂ ਤੇ ਕਮੀਆਂ ਬਾਰੇ ਵਿਸਥਾਰ ਪੂਰਵਕ ਰਿਪੋਰਟ ਤਿਆਰ ਕਰ ਕੇ ਮਹਿਕਮੇ ਨੂੰ ਭੇਜੀ ਜਾਵੇ।
ਉਨ੍ਹਾਂ ਅੱਗੇ ਦੱਸਿਆ ਕਿ ਦਾਣਾ ਮੰਡੀਆਂ ’ਚ ਹਰ ਸਾਲ ਵਾਂਗ ਕਿਸਾਨਾਂ ਲਈ ਛਾਂ ਦੀ ਵਿਵਸਥਾ, ਪੀਣ ਵਾਲੇ ਸਾਫ਼ ਪਾਣੀ ਦੀ ਉਪਲੱਬਧਤਾ ਤੇ ਬੈਠਣ ਲਈ ਢੰਗ ਦੇ ਪ੍ਰਬੰਧਾਂ ਦਾ ਖ਼ਾਸ ਧਿਆਨ ਰੱਖਿਆ ਜਾਵੇਗਾ।
ਇਸ ਤੋਂ ਇਲਾਵਾ ਮੰਡੀ ਦੇ ਫੜ੍ਹਾਂ ਦੀ ਹਾਲਤ, ਸਫ਼ਾਈ ਪ੍ਰਬੰਧ ਤੇ ਆਵਾਜਾਈ ਸਹੂਲਤਾਂ ਦੀ ਵੀ ਪੂਰੀ ਜਾਂਚ ਕੀਤੀ ਜਾਵੇਗੀ, ਤਾਂ ਜੋ ਖ਼ਰੀਦ ਦੌਰਾਨ ਕਿਸੇ ਤਰ੍ਹਾਂ ਦੀ ਦਿੱਕਤ ਪੈਦਾ ਨਾ ਹੋਵੇ। ਉਨ੍ਹਾਂ ਅੱਗੇ ਦੱਸਿਆ ਕਿ ਪੱਟੀ ਦਾਣਾ ਮੰਡੀ ’ਚ ਕਿਸਾਨਾਂ ਦੀ ਸਹੂਲਤ ਲਈ ਲੱਖਾਂ ਰੁਪਏ ਦੀ ਲਾਗਤ ਨਾਲ ਨਵਾਂ ਸ਼ੈੱਡ ਬਣਵਾਇਆ ਜਾ ਰਿਹਾ ਹੈ। ਦਾਣਾ ਮੰਡੀਆਂ ’ਚ ਕਿਸਾਨਾਂ ਤੇ ਆੜ੍ਹਤੀਆਂ ਨੂੰ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।
=====
ਪ੍ਰਸ਼ਾਸਨ ਦੇ ਦਾਅਵੇ ਵੱਡੇ-ਵੱਡੇ, ਜ਼ਮੀਨੀ ਹਕੀਕਤ ਕੁਝ ਹੋਰ : ਕਾਮਰੇਡ ਗਿੱਲ
ਇਸ ਸਬੰਧੀ ਕਾਮਰੇਡ ਮਹਾਵੀਰ ਸਿੰਘ ਗਿੱਲ ਦਾ ਕਹਿਣਾ ਹੈ ਕਿ ਕਣਕ ਦੇ ਖ਼ਰੀਦ ਸੀਜ਼ਨ ਦੌਰਾਨ ਦਾਣਾ ਮੰਡੀਆਂ ਵਿਚ ਕਿਸਾਨਾਂ ਅਤੇ ਆੜਤੀਆਂ ਨੂੰ ਦਰਪੇਸ਼ ਮੁਸ਼ਕਿਲਾਂ ਹਰ ਸਾਲ ਇਕ ਵੱਡਾ ਮਸਲਾ ਬਣ ਕੇ ਸਾਹਮਣੇ ਆਉਂਦੀਆਂ ਹਨ। ਭਾਵੇਂ ਪ੍ਰਸ਼ਾਸਨ ਵਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਦੱਸਦੀ ਹੈ। ਦਾਣਾ ਮੰਡੀਆਂ ’ਚ ਸਭ ਤੋਂ ਵੱਡੀ ਸਮੱਸਿਆ ਛਾਂ ਦੀ ਕਮੀ ਦੀ ਹੁੰਦੀ ਹੈ। ਤਪਦੇ ਧੁੱਪ ’ਚ ਕਿਸਾਨਾਂ ਨੂੰ ਆਪਣੀ ਫ਼ਸਲ ਦੀ ਰਾਖੀ ਕਰਦੇ ਹੋਏ ਘੰਟਿਆਂ ਖੜ੍ਹਾ ਰਹਿਣਾ ਪੈਂਦਾ ਹੈ, ਜਿਸ ਨਾਲ ਉਨ੍ਹਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਪੀਣ ਵਾਲੇ ਸਾਫ਼ ਪਾਣੀ ਦੀ ਉਪਲੱਬਧਤਾ ਵੀ ਕਈ ਮੰਡੀਆਂ ’ਚ ਢੰਗ ਨਾਲ ਨਹੀਂ ਹੁੰਦੀ, ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ। ਜੇਕਰ ਸਮੇਂ ਸਿਰ ਮੰਡੀਆਂ ਦੀਆਂ ਕਮੀਆਂ ਨੂੰ ਦੂਰ ਨਾ ਕੀਤਾ ਗਿਆ, ਤਾਂ ਆਉਣ ਵਾਲੇ ਕਣਕ ਖ਼ਰੀਦ ਸੀਜ਼ਨ ਦੌਰਾਨ ਕਿਸਾਨਾਂ ਤੇ ਆੜ੍ਹਤੀਆਂ ਨੂੰ ਹੋਰ ਵੱਧ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
====
ਦਾਣਾ ਮੰਡੀਆਂ ’ਚ ਮੁੱਢਲੀਆਂ ਸੁਵਿਧਾਵਾਂ ਨੂੰ ਯਕੀਨੀ ਬਣਾਇਆ ਜਾਵੇ : ਨਿਸ਼ਾਨ ਸਿੰਘ ਬੁੱਟਰ
ਕਿਸਾਨ ਨਿਸ਼ਾਨ ਸਿੰਘ ਬੁੱਟਰ ਨੇ ਕਿਹਾ ਕਿ ਹਰ ਸਾਲ ਸੀਜ਼ਨ ਤੋਂ ਪਹਿਲਾਂ ਵਾਅਦੇ ਤਾਂ ਬਹੁਤ ਕੀਤੇ ਜਾਂਦੇ ਹਨ, ਪਰ ਅਸਲ ’ਚ ਮੰਡੀਆਂ ’ਚ ਸੁਧਾਰ ਨਹੀਂ ਹੁੰਦਾ। ਉਨ੍ਹਾਂ ਆਖਿਆ ਸਰਕਾਰ ਵੱਲੋਂ ਮੰਡੀਆਂ ਦੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾਵੇ, ਤਾਂ ਜੋ ਕੰਮ ਸਹੀ ਢੰਗ ਨਾਲ ਚੱਲ ਸਕੇ। ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੰਡੀਆਂ ’ਚ ਮੁੱਢਲੀਆਂ ਸੁਵਿਧਾਵਾਂ ਜਿਵੇਂ ਛਾਂ, ਪਾਣੀ, ਬੈਠਣ ਦੀ ਵਿਵਸਥਾ ਤੇ ਸਫ਼ਾਈ ਨੂੰ ਯਕੀਨੀ ਬਣਾਇਆ ਜਾਵੇ, ਤਾਂ ਜੋ ਉਨ੍ਹਾਂ ਨੂੰ ਸੀਜ਼ਨ ਦੌਰਾਨ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।