ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀ ਸ਼ਹਾਦਤ ਨੂੰ ਸਮਰਪਿਤ ਜੰਗਬਾਜ ਸਾਮਰਾਜ ਵਿਰੋਧੀ ਰੈਲੀ 29 ਮਾਰਚ ਨੂੰ
ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਅਨੇਕਾਂ ਸਾਥੀਆਂ ਨੇ ਸਾਮਰਾਜਵਾਦ ਖ਼ਿਲਾਫ਼ ਲਹੂ ਵੀਟਵਾਂ ਸੰਘਰਸ਼ ਲੜਿਆ
Publish Date: Mon, 23 Mar 2026 04:05 PM (IST)
Updated Date: Tue, 24 Mar 2026 03:59 AM (IST)

ਪੱਤਰ ਪ੍ਰੇਰਕ,•ਪੰਜਾਬੀ ਜਾਗਰਣ, ਤਰਨਤਾਰਨ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਆਰਐੱਮਪr ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੀ ਸ਼ਹਾਦਤ ਨੂੰ ਸਮਰਪਿਤ ਸਾਮਰਾਜ ਵਿਰੋਧੀ ਦਿਵਸ ‘ਤੇ ਜੰਗਬਾਜ ਖ਼ਿਲਾਫ਼ ਜੰਡਿਆਲਾ ਗੁਰੂ ’ਚ 29 ਮਾਰਚ ਦੀ ਰੈਲੀ ਦੀ ਤਿਆਰੀ ਸਬੰਧੀ ਪਿੰਡ ਜਹਾਂਗੀਰ ’ਚ ਭਰਵੀਂ ਮੀਟਿੰਗ ਚੈਚਲ ਸਿੰਘ ਜਹਾਂਗੀਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾ ਸਕੱਤਰ ਪ੍ਰਗਟ ਸਿੰਘ ਜਾਮਾਰਾਏ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਅਨੇਕਾਂ ਸਾਥੀਆਂ ਨੇ ਸਾਮਰਾਜਵਾਦ ਖ਼ਿਲਾਫ਼ ਲਹੂ ਵੀਟਵਾਂ ਸੰਘਰਸ਼ ਲੜਿਆ, ਫਾਂਸੀਆਂ ਦੇ ਰੱਸਿਆਂ ਨੂੰ ਚੁੰਮਿਆ, ਕਾਲੇ ਪਾਣੀਆਂ ਦੀਆਂ ਸਜਾਂਵਾਂ ਕੱਟੀਆਂ ਤੇ ਦੇਸ਼ ਨੂੰ ਆਜ਼ਾਦ ਕਰਵਾਇਆ। ਉਨ੍ਹਾਂ ਅੱਗੇ ਕਿਹਾ ਕਿ ਬੀਜੇਪੀ ਦੀ ਸਰਕਾਰ ਦੇਸ਼ ਨੂੰ ਸਾਮਰਾਜੀ ਮੁਲਕ ਅਮਰੀਕਾ ਅੱਗੇ ਗੋਡੇ ਟੇਕ ਕੇ ਲੋਕ ਵਿਰੋਧੀ ਸਮਝੌਤੇ ਕਰ ਰਹੀ ਹੈ ਤੇ ਕਾਰਪਰੇਟ ਘਰਾਣਿਆਂ ਨੂੰ ਫ਼ਾਇਦੇ ਦੇਣ ਲਈ ਸਮਝੌਤੇ ਕੀਤੇ ਜਾ ਰਹੇ ਹਨ। ਜਾਮਾਰਾਏ ਨੇ ਬੋਲਦਿਆਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਵੀ ਬੀਜੇਪੀ ਸਰਕਾਰ ਦੀਆਂ ਨੀਤੀਆਂ ’ਤੇ ਚੱਲ ਰਹੀ ਹੈ ਤੇ ਨਸ਼ੇ ਗੈਂਗਸਟਰਵਾਦ, ਕਤਲੋਗਾਰਦ, ਲੁੱਟਾਂ-ਖੋਹਾਂ ਨੂੰ ਬੜਾਵਾ ਦੇਣ ਲਈ ਪੁਲਿਸ ਨੂੰ ਖੁੱਲ੍ਹੀਆਂ ਛੁੱਟੀਆਂ ਦਿੱਤੀਆਂ ਜਾ ਰਹੀਆਂ ਹਨ ਤੇ ਝੂਠੇ ਪੁਲਿਸ ਮੁਕਾਬਲੇ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਭਗਵੰਤ ਮਾਨ ਦੇ ਕੈਬਨਿਟ ਮੰਤਰੀ ਨੇ ਇਕ ਬਹੁਤ ਹੀ ਇਮਾਨਦਾਰ ਵਾਲਾ ਅਫ਼ਸਰ ਗਗਨਦੀਪ ਰੰਧਾਵਾ ਨੂੰ ਹਿਰਾਸ ਕਰ ਕੇ ਮਰਨ ਲਈ ਮਜਬੂਰ ਕੀਤਾ ਹੈ। ਉਨ੍ਹਾਂ ਜ਼ੋਰਦਾਰ ਮੰਗ ਕੀਤੀ ਕੈਬਨਿਟ ਮੰਤਰੀ ਤੇ ਉਨ੍ਹਾਂ ਦੇ ਪਿਤਾ ਤੇ ਪੀਏ ਦੇ ਖ਼ਿਲਾਫ਼ ਜੋ ਪਰਚਾ ਦਰਜ ਹੋਇਆ ਹੈ, ਉਸ ’ਚ ਉਨ੍ਹਾਂ ਨੂੰ ਫੌਰੀ ਤੌਰ ’ਤੇ ਗ੍ਰਿਫ਼ਤਾਰ ਕੀਤਾ ਜਾਵੇ ਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ। ਪਾਰਟੀ ਦੇ ਜ਼ਿਲ੍ਹਾ ਸਕੱਤਰ ਮੁਖਤਾਰ ਸਿੰਘ ਮੱਲਾ ਨੇ ਬੋਲਦਿਆਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖ਼ਿਲਾਫ਼ ਪਾਰਟੀ ਵੱਲੋਂ ਸਾਮਰਾਜ ਵਿਰੋਧੀ ਦਿਵਸ ਨੂੰ ਸਮਰਪਿਤ 29 ਮਾਰਚ ਨੂੰ ਜੰਡਿਆਲਾ ਗੁਰੂ ’ਚ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਤਹਿਸੀਲ ਖਡੂਰ ਸਾਹਿਬ ਵੱਖ-ਵੱਖ ਪਿੰਡਾਂ ’ਚ ਭਰਵੀਆਂ ਮੀਟਿੰਗਾਂ ਲਾ ਕੇ ਤਿਆਰੀ ਕੀਤੀ ਜਾ ਰਹੀ ਹੈ। ਤਹਿਸੀਲ ਖਡੂਰ ਸਾਹਿਬ ਤੋਂ ਸੈਂਕੜੇ ਪਾਰਟੀ ਵਰਕਰ ਹਮਦਰਦ ਤੇ ਵੱਡੀ ਗਿਣਤੀ ’ਚ ਔਰਤਾਂ ਰੈਲੀ ’ਚ ਸ਼ਮੂਲੀਅਤ ਕਰਨਗੀਆਂ। ਇਸ ਮੌਕੇ ਨਵਦੀਪ ਸਿੰਘ, ਪਰਮਿੰਦਰ ਸਿੰਘ, ਗੁਰਸਾਹਿਬ ਸਿੰਘ, ਗੁਰਮੀਤ ਸਿੰਘ, ਗੁਰਿੰਦਰ ਸਿੰਘ, ਦੀਦਾਰ ਸਿੰਘ, ਸਰਬਜੀਤ ਸਿੰਘ, ਪੂਰਨ ਸਿੰਘ ਆਦਿ ਹਾਜ਼ਰ ਸਨ।