ਸਰਹੱਦ ਪਾਰੋਂ ਫਿਰ ਨਾਪਾਕ ਹਰਕਤ: ਡਰੋਨ ਰਾਹੀਂ ਭਾਰਤੀ ਖੇਤਰ ’ਚ ਸੁੱਟਿਆ ਅਮਰੀਕਾ ਦਾ ਬਣਿਆ ਪਿਸਤੌਲ, ਇਲਾਕੇ 'ਚ ਸਰਚ ਆਪ੍ਰੇਸ਼ਨ ਜਾਰੀ
ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਪਿੰਡ ਡੱਲ ’ਚ ਇਕ ਵਿਅਕਤੀ ਵੱਲੋਂ ਪਸ਼ੂਆਂ ਲਈ ਬਣਾਈ ਗਈ ਹਵੇਲੀ ਵਿਚ ਪਾਕਿਸਤਾਨੀ ਤਸਕਰਾਂ ਵਲੋਂ ਡਰੋਨ ਨਾਲ ਯੂਐੱਸਏ ਦਾ ਬਣਿਆ ਪਿਸਤੌਲ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ।
Publish Date: Sun, 12 Jul 2026 12:59 PM (IST)
Updated Date: Sun, 12 Jul 2026 01:04 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਤਰਨਤਾਰਨ। ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਪਿੰਡ ਡੱਲ ’ਚ ਇਕ ਵਿਅਕਤੀ ਵੱਲੋਂ ਪਸ਼ੂਆਂ ਲਈ ਬਣਾਈ ਗਈ ਹਵੇਲੀ ਵਿਚ ਪਾਕਿਸਤਾਨੀ ਤਸਕਰਾਂ ਵਲੋਂ ਡਰੋਨ ਨਾਲ ਯੂਐੱਸਏ ਦਾ ਬਣਿਆ ਪਿਸਤੌਲ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ।
ਪੁਲਿਸ ਨੇ ਬੀਐੱਸਐੱਫ ਦੇ ਜਵਾਨਾਂ ਸਮੇਤ ਕਾਰਵਾਈ ਕਰਦਿਆਂ ਉਕਤ ਪਿਸਤੌਲ ਬਰਾਮਦ ਕਰਕੇ ਅਣਪਛਾਤੇ ਵਿਅਕਤੀ ਵਿਰੁੱਧ ਅਸਲਾ ਐਕਟ ਅਤੇ ਭਾਰਤੀ ਵਾਯੂਯਾਨ ਅਧੀਨਿਯਮ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਥਾਣਾ ਖਾਲੜਾ ਦੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਅਜੀਤ ਸਿੰਘ ਪੁੱਤਰ ਮੇਜਾ ਸਿੰਘ ਦੇ ਘਰ ਦੇ ਬਾਹਰ ਬਣੀ ਪਸ਼ੂਆਂ ਵਾਲੀ ਹਵੇਲੀ ’ਚ ਡਰੋਨ ਰਾਂਹੀ ਪੈਕੇਟ ਸੁੱਟਿਆ ਗਿਆ ਹੈ। ਉਨ੍ਹਾਂ ਨੇ ਇਸਦੀ ਸੂਚਨਾ ਬੀਐੱਸਐੱਫ ਦੀ ਸਰਹੱਦੀ ਚੌਕੀ ਵਾਂ ਤਾਰਾ ਸਿੰਘ ’ਤੇ ਤਾਇਨਾਤ ਕੰਪਨੀ ਕਮਾਂਡਰ ਸੁਰੇਸ਼ ਵੀਐੱਮ ਨੂੰ ਜਾਣੂ ਕਰਵਾਇਆ ਅਤੇ ਜਦੋਂ ਉਕਤ ਹਵੇਲੀ ਵਿਚ ਤਲਾਸ਼ੀ ਕੀਤੀ ਤਾਂ ਉਥੋਂ ਪੀਲੇ ਰੰਗ ਦਾ ਪੈਕੇਟ ਕੁੰਡੀ ਲੱਗਾ ਮਿਲਿਆ।
ਜਦੋਂ ਪੈਕੇਟ ਦੀ ਜਾਂਚ ਕੀਤੀ ਤਾਂ ਉਸ ਵਿੱਚੋਂ ਅਮਰੀਕਾ ਦਾ ਬਣਿਆ ਬਰੇਟਾ 30 ਬੋਰ ਪਿਸਟਲ ਤੇ ਖਾਲੀ ਮੈਗਜ਼ੀਨ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਸਰਹੱਦ ਪਾਰੋਂ ਪਿਸਤੌਲ ਮੰਗਵਾਉਣ ਵਾਲੇ ਵਿਅਕਤੀ ਦਾ ਪਤਾ ਲਗਾਉਣ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਜਲਦ ਉਸਦੀ ਪਛਾਣ ਕਰਕੇ ਕਾਬੂ ਕਰ ਲਿਆ ਜਾਵੇਗਾ।