ਬਿਨਾਂ ਨਾਂ ਦੇ ਬਦਤਰ ਹਾਲਤ ਇਮਾਰਤ ’ਚ ਚੱਲ ਰਿਹਾ ਸੀ ਗ਼ੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਬਿਨਾ ਨਾਂ ਦੇ ਬੱਦਤਰ ਹਾਲਤ ਇਮਾਰਤ ’ਚ ਚੱਲ ਰਿਹਾ ਸੀ ਗੈਰ ਕਾਨੂੰਨੀ ਨਸ਼ਾ ਛੁਡਾਊ ਕੇਂਦਰ
Publish Date: Thu, 27 Aug 2026 07:02 PM (IST)
Updated Date: Thu, 27 Aug 2026 07:04 PM (IST)
ਸਿਵਲ ਪ੍ਰਸ਼ਾਸਨ, ਸਿਹਤ ਵਿਭਾਗ ਤੇ ਪੁਲਿਸ ਦੀਆਂ ਟੀਮਾਂ ਨੇ ਕੀਤਾ ਪਰਦਾਫਾਸ਼ ਨਸ਼ੇ ਤੋਂ ਪੀੜਤ 16 ਲੋਕਾਂ ਨੂੰ ਰੈਸਕਿਊ ਕਰ ਕੇ ਸਰਕਾਰੀ ਕੇਂਦਰ ’ਚ ਕਰਵਾਇਆ ਦਾਖ਼ਲ ਜਸਪਾਲ ਸਿੰਘ ਜੱਸੀ/ਰਾਜਨ ਚੋਪੜਾ, •ਪੰਜਾਬੀ ਜਾਗਰਣ ਤਰਨਤਾਰਨ/ਭਿੱਖੀਵਿੰਡ : ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਕਸਬੇ ਭਿੱਖੀਵਿੰਡ ਦੇ ਨਾਲ ਲੱਗਦੇ ਪਿੰਡ ਪਹੂਵਿੰਡ ਵਿਖੇ ਬਿਨਾਂ ਕਿਸੇ ਨਾਂ ਦੇ ਬਦਤਰ ਹਾਲਤ ਇਮਾਰਤ ਵਿਚ ਚੱਲ ਰਹੇ ਗ਼ੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਦਾ ਸਿਵਲ ਪ੍ਰਸ਼ਾਸਨ, ਸਿਹਤ ਵਿਭਾਗ ਤੇ ਪੁਲਿਸ ਦੀਆਂ ਟੀਮਾਂ ਨੇ ਸਾਂਝੇ ਤੌਰ ’ਤੇ ਕਾਰਵਾਈ ਕਰਦਿਆਂ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਉਕਤ ਕੇਂਦਰ ’ਚ ਰਹਿ ਰਹੇ 16 ਨਸ਼ਾ ਪੀੜਤ ਮਰੀਜ਼ਾਂ ਨੂੰ ਰੈਸਕਿਊ ਕਰ ਕੇ ਸਿਹਤ ਵਿਭਾਗ ਨੇ ਤਰਨਤਾਰਨ ਦੇ ਪਿੰਡ ਠਰੂ ਵਿਚ ਸਥਿਤ ਸਰਕਾਰੀ ਨਸ਼ਾ ਛੁਡਾਊ ਕੇਂਦਰ ਵਿਚ ਦਾਖਲ ਕਰਵਾਇਆ। ਪੁਲਿਸ ਨੇ ਮੌਕੇ ਤੋਂ ਗ੍ਰਿਫਤਾਰ ਕੀਤੇ ਗਏ ਤਿੰਨ ਲੋਕਾਂ ਵਿਰੁੱਧ ਥਾਣਾ ਭਿੱਖੀਵਿੰਡ ’ਚ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਸ਼ਾਸਨ ਦੇ ਹੱਥ ਸੂਚਨਾ ਲੱਗੀ ਸੀ ਕਿ ਪਹੂਵਿੰਡ ਪਿੰਡ ’ਚ ਬਣੀਆਂ ਦੁਕਾਨਾਂ ਦੇ ਅੰਦਰ ਆਰਜੀ ਹਾਲ ਤਿਆਰ ਕਰਕੇ ਗੈਰ ਕਾਨੂੰਨੀ ਨਸ਼ਾ ਛੁਡਾਊ ਕੇਂਦਰ ਚਲਾਇਆ ਜਾ ਰਿਹਾ ਹੈ, ਜਿਸ ਦਾ ਕੋਈ ਨਾਂ ਵੀ ਨਹੀਂ ਹੈ। ਇਸ ਤੋਂ ਬਾਅਦ ਡਿਪਟੀ ਕਮਿਸ਼ਨਲ ਰਾਹੁਲ ਤੇ ਸਿਵਲ ਸਰਜਨ ਡਾ. ਸੰਦੀਪ ਧਵਨ ਨੇ ਸਿਹਤ ਵਿਭਾਗ ਦੀ ਟੀਮ ਜਿਸ ਵਿਚ ਡਿਪਟੀ ਮੈਡੀਕਲ ਕਮਿਸ਼ਨਰ ਡਾ. ਰੂਪਮ ਚੌਧਰੀ, ਮੈਡੀਕਲ ਅਫਸਰ ਡਾ. ਪਵਨਦੀਪ ਨੋਡਲ ਅਫ਼ਸਰ ਡੀ-ਅਡੀਕਸ਼ਨ ਸੈਂਟਰ, ਡਰੱਗ ਇੰਸਪੈਕਟਰ ਹਰਪ੍ਰੀਤ ਸਿੰਘ, ਕਾਊਂਸਲਰ ਪਰਮਿੰਦਰ ਸਿੰਘ ਅਤੇ ਸਰਬਜੀਤ ਸਿੰਘ ਸ਼ਾਮਲ ਸਨ, ਦਾ ਗਠਨ ਕੀਤਾ। ਪ੍ਰਸ਼ਾਸਨ ਵਲੋਂ ਐੱਸਡੀਐੱਮ ਭਿੱਖੀਵਿੰਡ ਤੇ ਪੁਲਿਸ ਪ੍ਰਸ਼ਾਸਨ ਵਲੋਂ ਡੀਐੱਸਪੀ ਭਿੱਖੀਵਿੰਡ ਤੇ ਥਾਣਾ ਭਿੱਖੀਵਿੰਡ ਦੇ ਮੁਖੀ ਦੀ ਅਗਵਾਈ ਹੇਠ ਪੁਲਿਸ ਟੀਮ ਨੂੰ ਸ਼ਾਮਲ ਕੀਤਾ ਗਿਆ। ਇਸ ਵਿਸ਼ੇਸ਼ ਟੀਮ ਨੇ ਉਕਤ ਗੈਰ-ਕਾਨੂੰਨੀ ਨਸ਼ਾ ਮੁਕਤੀ ਕੇਂਦਰ ’ਤੇ ਸਾਂਝੀ ਛਾਪੇਮਾਰੀ ਕਰਕੇ ਜਾਂਚ ਸ਼ੁਰੂ ਕੀਤੀ ਤਾਂ ਸਾਹਮਣੇ ਆਇਆ ਕਿ ਇਹ ਕੇਂਦਰ ਬਿਨਾਂ ਲੋੜੀਂਦੀ ਮਨਜ਼ੂਰੀ, ਬਿਨਾਂ ਰਜਿਸਟ੍ਰੇਸ਼ਨ ਅਤੇ ਬਿਨਾਂ ਯੋਗਤਾ ਪ੍ਰਾਪਤ ਸਟਾਫ਼ ਦੇ ਗੈਰ-ਕਾਨੂੰਨੀ ਢੰਗ ਨਾਲ ਚਲਾਇਆ ਜਾ ਰਿਹਾ ਸੀ। ਡੀਐੱਮਸੀ ਡਾ. ਰੂਪਮ ਚੌਧਰੀ ਨੇ ਦੱਸਿਆ ਕਿ ਮਰੀਜ਼ਾਂ ਦੀ ਦੇਖਭਾਲ, ਇਲਾਜ, ਰਿਹਾਇਸ਼ ਅਤੇ ਸੁਰੱਖਿਆ ਸਬੰਧੀ ਬੁਨਿਆਦੀ ਮਾਪਦੰਡਾਂ ਦੀ ਗੰਭੀਰ ਉਲੰਘਣਾ ਕੀਤੀ ਜਾ ਰਹੀ ਸੀ। ਕਾਰਵਾਈ ਦੌਰਾਨ 16 ਮਰੀਜ਼ ਅਜਿਹੇ ਪਾਏ ਗਏ ਜਿਨ੍ਹਾਂ ਨੂੰ ਜ਼ਬਰਦਸਤੀ ਕੇਂਦਰ ਵਿਚ ਦਾਖ਼ਲ ਕਰਕੇ ਰੱਖਿਆ ਗਿਆ ਸੀ ਤੇ ਉਨ੍ਹਾਂ ਨੂੰ ਸਾਰੇ ਦਿਨ ’ਚ ਜਿਥੇ ਕੇਵਲ ਇਕ ਵਾਰ ਖਾਣਾ ਦਿੱਤਾ ਜਾਂਦਾ। ਉੱਥੇ ਹੀ ਪਖਾਨੇ ਵਰਗੀ ਬੁਨਿਆਦੀ ਸਹੂਲਤ ਦਾ ਵੀ ਕੋਈ ਪ੍ਰਬੰਧ ਨਹੀਂ ਸੀ। ਇੱਥੋਂ ਤਕ ਕਿ ਦੋ-ਦੋ ਮਹੀਨੇ ਤੋਂ ਰਹਿ ਰਹੇ ਮਰੀਜ਼ਾਂ ਨੂੰ ਉਨ੍ਹਾਂ ਦੇ ਘਰ ਗੱਲ ਕਰਨ ਦੀ ਵੀ ਇਜਾਜ਼ਤ ਨਹੀਂ ਸੀ ਦਿੱਤੀ ਜਾਂਦੀ। ਡਾ. ਚੌਧਰੀ ਨੇ ਦੱਸਿਆ ਕਿ ਸਾਰੇ ਮਰੀਜ਼ਾਂ ਨੂੰ ਸੁਰੱਖਿਅਤ ਤਰੀਕੇ ਨਾਲ ਸਰਕਾਰੀ ਨਸ਼ਾ ਮੁਕਤੀ ਕੇਂਦਰ ਠਰੂ ਤਰਨਤਾਰਨ ਵਿਖੇ ਭੇਜ ਦਿੱਤਾ ਗਿਆ, ਜਿੱਥੇ ਉਨ੍ਹਾਂ ਨੂੰ ਲੋੜੀਂਦੀ ਡਾਕਟਰੀ ਦੇਖਭਾਲ ਅਤੇ ਇਲਾਜ ਮੁਹੱਈਆ ਕਰਵਾਇਆ ਜਾਵੇਗਾ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਕਤ ਕੇਂਦਰ ਨੂੰ ਤੁਰੰਤ ਬੰਦ ਕਰਵਾ ਦਿੱਤਾ ਗਿਆ ਹੈ ਅਤੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਵਿੱਚੋਂ ਇਕ ਮੈਨੇਜਰ ਤੇ ਸਟਾਫ ਦੇ ਦੋ ਹੋਰ ਲੋਕ ਮਿਲੇ ਸਨ, ਜਿਨ੍ਹਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਕੇ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਾ ਮੁਕਤੀ ਲਈ ਇਲਾਜ ਕਰਵਾਉਣ ਸਮੇਂ ਕੇਵਲ ਸਰਕਾਰ ਵੱਲੋਂ ਮਨਜ਼ੂਰਸ਼ੁਦਾ, ਪ੍ਰਮਾਣਿਤ ਅਤੇ ਰਜਿਸਟਰਡ ਨਸ਼ਾ ਮੁਕਤੀ ਕੇਂਦਰਾਂ ਨਾਲ ਹੀ ਸੰਪਰਕ ਕੀਤਾ ਜਾਵੇ ਅਤੇ ਗੈਰ-ਕਾਨੂੰਨੀ ਕੇਂਦਰਾਂ ਤੋਂ ਬਚਿਆ ਜਾਵੇ।