ਜ਼ਿਲ੍ਹੇ ਦੀਆਂ ਸਾਰੀਆਂ ਗੈਸ ਏਜੰਸੀਆਂ ਕੋਲ ਘਰੇਲੂ ਗੈਸ ਸਿਲੰਡਰਾਂ ਦਾ ਲੁੜੀਂਦਾ ਸਟਾਕ ਉਪਲੱਬਧ : ਡਿਪਟੀ ਕਮਿਸ਼ਨਰ
ਡੀਸੀ ਨੇ ਕਿਹਾ ਕਿ ਲੋਕ ਸਿਰਫ਼ ਆਪਣੀ ਲੋੜ ਅਨੁਸਾਰ ਹੀ ਗੈਸ ਬੁਕਿੰਗ ਕਰਵਾਉਣ ਤੇ ਪ੍ਰਸ਼ਾਸਨ ਨਾਲ ਸਹਿਯੋਗ ਕਰਨ।
Publish Date: Wed, 01 Apr 2026 05:40 PM (IST)
Updated Date: Thu, 02 Apr 2026 04:05 AM (IST)

ਕਿਹਾ, ਜ਼ਿਲ੍ਹੇ ਦੇ ਪੈਟਰੋਲ ਪੰਪਾਂ ‘ਤੇ ਪੈਟਰੋਲ ਤੇ ਡੀਜ਼ਲ ਦੀ ਵੀ ਕੋਈ ਘਾਟ ਨਹੀਂ ਜ਼ਿਲ੍ਹਾ ਵਾਸੀਆਂ ਨੂੰ ਲੋੜ ਅਨੁਸਾਰ ਹੀ ਤੇਲ ਖ਼ਰੀਦਣ ਅਤੇ ਗੈਸ ਬੁਕਿੰਗ ਕਰਵਾਉਣ ਦੀ ਕੀਤੀ ਅਪੀਲ ਸਟਾਫ਼ ਰਿਪੋਰਟਰ,•ਪੰਜਾਬੀ ਜਾਗਰਣ, ਤਰਨਤਾਰਨ : ਡਿਪਟੀ ਕਮਿਸ਼ਨਰ ਰਾਹੁਲ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਘਰੇਲੂ ਗੈਸ ਸਿਲੰਡਰਾਂ ਅਤੇ ਪੈਟਰੋਲ/ਡੀਜ਼ਲ ਦੀ ਸਪਲਾਈ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਘਬਰਾਹਟ ’ਚ ਨਾ ਆਉਣ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਆਉਂਦੀਆਂ ਸਾਰੀਆਂ ਗੈਸ ਏਜੰਸੀਆਂ ਕੋਲ ਘਰੇਲੂ ਗੈਸ ਸਿਲੰਡਰਾਂ ਦਾ ਲੁੜੀਂਦਾ ਸਟਾਕ ਉਪਲੱਬਧ ਹੈ ਤੇ ਸਪਲਾਈ ਨਿਰੰਤਰ ਜਾਰੀ ਹੈ। ਉਨ੍ਹਾਂ ਅੱਗੇ ਕਿਹਾ ਕਿ ਲੋਕਾਂ ਦੀ ਸੁਵਿਧਾ ਨੂੰ ਧਿਆਨ ’ਚ ਰੱਖਦਿਆਂ ਗੈਸ ਦੀ ਬੁਕਿੰਗ ਲਈ ਸਮਾਂ-ਸੀਮਾ ਨਿਰਧਾਰਤ ਕੀਤੀ ਗਈ ਹੈ, ਜਿਸ ਅਨੁਸਾਰ ਪੇਂਡੂ ਖੇਤਰਾਂ ’ਚ 45 ਦਿਨਾਂ ਬਾਅਦ ਤੇ ਸ਼ਹਿਰੀ ਖੇਤਰਾਂ ’ਚ 25 ਦਿਨਾਂ ਬਾਅਦ ਹੀ ਗੈਸ ਸਿਲੰਡਰ ਬੁੱਕ ਕਰਵਾਇਆ ਜਾ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਹਰ ਘਰ ਤਕ ਸਮੇਂ ਸਿਰ ਗੈਸ ਪਹੁੰਚ ਸਕੇ ਅਤੇ ਕਿਸੇ ਨੂੰ ਵੀ ਕਮੀ ਦਾ ਸਾਹਮਣਾ ਨਾ ਕਰਨਾ ਪਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਈ ਵਾਰ ਅਫ਼ਵਾਹਾਂ ਜਾਂ ਗ਼ਲਤ ਜਾਣਕਾਰੀ ਕਾਰਨ ਲੋਕ ਵੱਧ ਗੈਸ ਸਿਲੰਡਰ ਬੁੱਕ ਕਰਵਾ ਲੈਂਦੇ ਹਨ, ਜਿਸ ਨਾਲ ਹੋਰ ਲੋਕਾਂ ਨੂੰ ਮੁਸ਼ਕਿਲ ਆ ਸਕਦੀ ਹੈ। ਇਸ ਲਈ ਉਨ੍ਹਾਂ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਸਿਰਫ਼ ਆਪਣੀ ਲੋੜ ਅਨੁਸਾਰ ਹੀ ਗੈਸ ਬੁਕਿੰਗ ਕਰਵਾਉਣ ਤੇ ਪ੍ਰਸ਼ਾਸਨ ਨਾਲ ਸਹਿਯੋਗ ਕਰਨ। ਡੀਸੀ ਨੇ ਇਹ ਵੀ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਪੈਟਰੋਲ ਪੰਪਾਂ ’ਤੇ ਪੈਟਰੋਲ ਤੇ ਡੀਜ਼ਲ ਦੀ ਵੀ ਕੋਈ ਘਾਟ ਨਹੀਂ ਹੈ ਤੇ ਪੂਰਾ ਸਟਾਕ ਉਪਲੱਬਧ ਹੈ। ਇਸ ਲਈ ਲੋਕ ਕਿਸੇ ਘਬਰਾਹਟ ’ਚ ਆ ਕੇ ਵੱਧ ਮਾਤਰਾ ’ਚ ਪੈਟਰੋਲ ਜਾਂ ਡੀਜ਼ਲ ਖ਼ਰੀਦ ਕੇ ਸਟਾਕ ਨਾ ਕਰਨ। ਰਾਹੁਲ ਨੇ ਜ਼ਿਲ੍ਹਾ ਵਾਸੀਆਂ ਨੂੰ ਅਫ਼ਵਾਹਾਂ ਤੋਂ ਦੂਰ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਜ਼ਰੂਰੀ ਕਦਮ ਚੁੱਕਿਆ ਜਾ ਰਿਹਾ ਹੈ, ਤਾਂ ਜੋ ਨਾਗਰਿਕਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ।