ਪਿੰਡ ਐਮਾ ਮੱਲ੍ਹੀਆ ’ਚ ਅਕਾਲੀ ਦਲ ਦੀ ਵਰਕਰ ਮੀਟਿੰਗ, ਜ਼ਮੀਨੀ ਪੱਧਰ ‘ਤੇ ਪਾਰਟੀ ਮਜ਼ਬੂਤ ਕਰਨ ਲਈ ਬਣਾਈ ਰਣਨੀਤੀ
ਪਿੰਡ ਐਮਾ ਮੱਲ੍ਹੀਆ ‘ਚ ਅਕਾਲੀ ਦਲ ਦੀ ਵਰਕਰ ਮੀਟਿੰਗ, ਜ਼ਮੀਨੀ ਪੱਧਰ ‘ਤੇ ਪਾਰਟੀ ਮਜ਼ਬੂਤ ਕਰਨ ਲਈ ਬਣਾਈ ਰਣਨੀਤੀ
Publish Date: Mon, 23 Mar 2026 06:26 PM (IST)
Updated Date: Tue, 24 Mar 2026 04:07 AM (IST)

ਪੱਤਰ ਪ੍ਰੇਰਕ,•ਪੰਜਾਬੀ ਜਾਗਰਣ, ਤਰਨਤਾਰਨ : ਵਿਧਾਨ ਸਭਾ ਹਲਕਾ ਸ੍ਰੀ ਖਡੂਰ ਸਾਹਿਬ ਦੇ ਪਿੰਡ ਐਮਾ ਮੱਲ੍ਹੀਆ ਵਿਖੇ ਸਰਵਨ ਸਿੰਘ ਦੇ ਗ੍ਰਹਿ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਵਰਕਰ ਮੀਟਿੰਗ ਕੀਤੀ ਗਈ, ਜਿਸ ’ਚ ਪਾਰਟੀ ਵਰਕਰਾਂ ਤੇ ਸਥਾਨਕ ਆਗੂਆਂ ਨੇ ਹਾਜ਼ਰੀ ਭਰੀ। ਮੀਟਿੰਗ ਦੀ ਅਗਵਾਈ ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਤੇ ਚੇਅਰਮੈਨ ਗੁਰਸੇਵਕ ਸਿੰਘ ਸ਼ੇਖ ਵੱਲੋਂ ਕੀਤੀ ਗਈ। ਮੀਟਿੰਗ ਦੌਰਾਨ ਹਲਕੇ ’ਚ ਸ਼੍ਰੋਮਣੀ ਅਕਾਲੀ ਦਲ ਦੀ ਸੰਗਠਨਾਤਮਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ, ਨਵੇਂ ਵਰਕਰਾਂ ਨੂੰ ਜੋੜਨ ਤੇ ਬੂਥ ਪੱਧਰ ਤੱਕ ਪਾਰਟੀ ਦੀ ਪਕੜ ਮਜ਼ਬੂਤ ਕਰਨ ਲਈ ਵਿਸਥਾਰ ਨਾਲ ਚਰਚਾ ਕੀਤੀ ਗਈ। ਆਗੂਆਂ ਨੇ ਕਿਹਾ ਕਿ ਪਾਰਟੀ ਦੀ ਅਸਲੀ ਤਾਕਤ ਉਸ ਦੇ ਵਰਕਰ ਹਨ ਤੇ ਉਨ੍ਹਾਂ ਦੀ ਮਿਹਨਤ ਨਾਲ ਹੀ ਅਕਾਲੀ ਦਲ ਹਰੇਕ ਚੁਣੌਤੀ ਨੂੰ ਪਾਰ ਕਰਦਾ ਆ ਰਿਹਾ ਹੈ। ਇਸ ਮੌਕੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਪੰਜਾਬ ਦੀ ਜਨਤਾ ਮੌਜੂਦਾ ਹਾਲਾਤਾਂ ਤੋਂ ਨਿਰਾਸ਼ ਹੋ ਚੁੱਕੀ ਹੈ ਤੇ ਅਕਾਲੀ ਦਲ ਦੀਆਂ ਨੀਤੀਆਂ ਤੇ ਪਿਛਲੇ ਵਿਕਾਸਕਾਰੀ ਕੰਮਾਂ ਨੂੰ ਯਾਦ ਕਰ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਨਾ ਸਿਰਫ਼ ਮਜ਼ਬੂਤੀ ਨਾਲ ਵਾਪਸੀ ਕਰੇਗਾ, ਸਗੋਂ ਭਾਰੀ ਬਹੁਮਤ ਨਾਲ ਸਰਕਾਰ ਵੀ ਬਣਾਏਗਾ। ਉਨ੍ਹਾਂ ਅੱਗੇ ਕਿਹਾ ਕਿ ਹਰ ਵਰਕਰ ਨੂੰ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਪਿੰਡ-ਪਿੰਡ ਤੇ ਘਰ-ਘਰ ਤੱਕ ਪਾਰਟੀ ਦੀਆਂ ਨੀਤੀਆਂ, ਪ੍ਰਾਪਤੀਆਂ ਤੇ ਭਵਿੱਖੀ ਵਿਜ਼ਨ ਨੂੰ ਪਹੁੰਚਾਉਣਾ ਚਾਹੀਦਾ ਹੈ, ਤਾਂ ਜੋ ਲੋਕਾਂ ਨਾਲ ਸਿੱਧਾ ਸੰਪਰਕ ਬਣਾਇਆ ਜਾ ਸਕੇ। ਇਸ ਮੌਕੇ ਬਲਕਾਰ ਸਿੰਘ ਆੜ੍ਹਤੀਆ, ਬਲਵਿੰਦਰ ਸਿੰਘ, ਹਰਜੀਤ ਸਿੰਘ, ਅਰਜਨ ਸਿੰਘ, ਭਜਨ ਸਿੰਘ, ਮਨਜਿੰਦਰ ਸਿੰਘ ਮੱਲ੍ਹੀ, ਸੁਖਦੇਵ ਸਿੰਘ, ਸੁਰਜਨ ਸਿੰਘ, ਗੁਰਸੇਵਕ ਸਿੰਘ ਸਰਪੰਚ, ਰਣਜੀਤ ਸਿੰਘ, ਸਕੱਤਰ ਸਿੰਘ, ਸੰਧਾਰਾ ਸਿੰਘ ਆਦਿ ਹੋਰ ਅਕਾਲੀ ਵਰਕਰ ਮੌਜੂਦ ਸਨ।