ਪੱਟੀ ਨਗਰ ਕੌਂਸਲ ਚੋਣਾਂ ਲਈ ’ਆਪ‘ ਨੇ ਹਰਭਜਨ ਸਿੰਘ ਈਟੀਓ ਨੂੰ ਇੰਚਾਰਜ ਨਿਯੁਕਤ ਕੀਤਾ
ਕਮੇਟੀ ਪਾਰਟੀ ਦੇ ਯੋਗ ਅਤੇ ਜਨ ਆਧਾਰ ਵਾਲੇ ਉਮੀਦਵਾਰਾਂ ਦੀ ਚੋਣ ਕਰ ਕੇ ਨਗਰ ਕੌਂਸਲ ਚੋਣਾਂ ’ਚ ਪਾਰਟੀ ਨੂੰ ਮਜ਼ਬੂਤ ਕਰੇਗੀ।
Publish Date: Wed, 06 May 2026 06:31 PM (IST)
Updated Date: Thu, 07 May 2026 04:09 AM (IST)

ਬੱਲੂ ਮਹਿਤਾ•,ਪੰਜਾਬੀ ਜਾਗਰਣ, ਪੱਟੀ : ਆਮ ਆਦਮੀ ਪਾਰਟੀ ਪੰਜਾਬ ਵੱਲੋਂ ਪੱਟੀ ਨਗਰ ਕੌਂਸਲ ਚੋਣਾਂ 2026 ਲਈ ਸਕ੍ਰੀਨਿੰਗ ਕਮੇਟੀ ਦਾ ਅਧਿਕਾਰਕ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੂੰ ਪੱਟੀ ਨਗਰ ਕੌਂਸਲ ਚੋਣਾਂ ਲਈ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਗੁਰਦੇਵ ਸਿੰਘ ਲਾਖਣਾ ਸਟੇਟ ਸੈਕਟਰੀ, ਗੁਰਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਤੇ ਬਲਜੀਤ ਸਿੰਘ ਖਹਿਰਾ ਚੇਅਰਮੈਨ ਨੂੰ ਸਕ੍ਰੀਨਿੰਗ ਕਮੇਟੀ ਦੇ ਮੈਂਬਰ ਵਜੋਂ ਜ਼ਿੰਮੇਵਾਰੀ ਸੌਂਪੀ ਗਈ ਹੈ। ਇਹ ਸੂਚੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਤੇ ਪੰਜਾਬ ਦੇ ਸੂਬਾ ਇੰਚਾਰਜ ਮਨੀਸ਼ ਸਿਸੋਦੀਆ ਦੇ ਦਸਤਖਤਾਂ ਹੇਠ ਜਾਰੀ ਕੀਤੀ ਗਈ। ਪਾਰਟੀ ਵਰਕਰਾਂ ’ਚ ਇਸ ਐਲਾਨ ਤੋਂ ਬਾਅਦ ਖੁਸ਼ੀ ਤੇ ਉਤਸ਼ਾਹ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਆਗੂਆਂ ਦਾ ਮੰਨਣਾ ਹੈ ਕਿ ਇਹ ਕਮੇਟੀ ਪਾਰਟੀ ਦੇ ਯੋਗ ਅਤੇ ਜਨ ਆਧਾਰ ਵਾਲੇ ਉਮੀਦਵਾਰਾਂ ਦੀ ਚੋਣ ਕਰ ਕੇ ਨਗਰ ਕੌਂਸਲ ਚੋਣਾਂ ’ਚ ਪਾਰਟੀ ਨੂੰ ਮਜ਼ਬੂਤ ਕਰੇਗੀ। ਇਸ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਪਾਰਦਰਸ਼ੀ ਤੇ ਇਮਾਨਦਾਰ ਰਾਜਨੀਤੀ ਦੀ ਪੱਖਦਾਰ ਰਹੀ ਹੈ। ਉਨ੍ਹਾਂ ਕਿਹਾ ਕਿ ਪੱਟੀ ਨਗਰ ਕੌਂਸਲ ਚੋਣਾਂ ’ਚ ਵੀ ਪਾਰਟੀ ਵੱਲੋਂ ਸਾਫ਼-ਸੁਥਰੀ ਛਵੀ ਵਾਲੇ ਤੇ ਲੋਕਾਂ ਦੀ ਸੇਵਾ ਕਰਨ ਵਾਲੇ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ। ਪੰਜਾਬ ਸਰਕਾਰ ਵੱਲੋਂ ਸ਼ਹਿਰਾਂ ਤੇ ਪਿੰਡਾਂ ਦੇ ਵਿਕਾਸ ਲਈ ਕੀਤੇ ਜਾ ਰਹੇ ਕੰਮਾਂ ਨੂੰ ਦੇਖਦਿਆਂ ਲੋਕਾਂ ਦਾ ਵਿਸ਼ਵਾਸ ਆਮ ਆਦਮੀ ਪਾਰਟੀ ’ਤੇ ਹੋਰ ਮਜ਼ਬੂਤ ਹੋਇਆ ਹੈ। ਪੱਟੀ ਸ਼ਹਿਰ ਦੇ ਵਿਕਾਸ, ਸਫ਼ਾਈ ਪ੍ਰਬੰਧ, ਸੀਵਰੇਜ, ਸੜਕਾਂ ਤੇ ਹੋਰ ਬੁਨਿਆਦੀ ਸੁਵਿਧਾਵਾਂ ਨੂੰ ਸੁਧਾਰਨਾ ਪਾਰਟੀ ਦੀ ਪਹਿਲ ਰਹੇਗੀ। ਉਨ੍ਹਾਂ ਵਰਕਰਾਂ ਨੂੰ ਇਕਜੁੱਟ ਹੋ ਕੇ ਮਿਹਨਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਆਉਣ ਵਾਲੀਆਂ ਚੋਣਾਂ ’ਚ ਆਮ ਆਦਮੀ ਪਾਰਟੀ ਵੱਡੀ ਜਿੱਤ ਦਰਜ ਕਰੇਗੀ। ਇਸ ਐਲਾਨ ਨਾਲ ਪੱਟੀ ਹਲਕੇ ’ਚ ਚੋਣ ਸਰਗਰਮੀਆਂ ਹੋਰ ਤੇਜ਼ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਤੇ ਵਰਕਰ ਘਰ-ਘਰ ਤਕ ਪਾਰਟੀ ਦੀਆਂ ਨੀਤੀਆਂ ਪਹੁੰਚਾਉਣ ’ਚ ਜੁਟ ਗਏ ਹਨ।