ਸਵਿਫਟ ਡਿਜਾਈਰ ਕਾਰ ਸਵਾਰ ਵਿਅਕਤੀ ਦੋ ਬੱਕਰੀਆਂ ਚੁੱਕ ਕੇ ਹੋਏ ਫ਼ਰਾਰ
ਪੀੜਤ ਨੇ ਚੋਰਾਂ ਵੱਲੋਂ ਵਰਤੀ ਗਈ ਕਾਰ ਦੀਆਂ ਸੀਸੀਟੀਵੀ ਕੈਮਰੇ ’ਚ ਕੈਦ ਹੋਈਆਂ ਤਸਵੀਰਾਂ ਵੀ ਪੁਲਿਸ ਨੂੰ ਦਿੱਤੀਆਂ ਹਨ
Publish Date: Sat, 17 Jan 2026 07:17 PM (IST)
Updated Date: Sun, 18 Jan 2026 04:16 AM (IST)

-ਬੱਕਰੀਆਂ ਚਾਰ ਰਹੇ ਪਿਓ-ਪੁੱਤ ਦੇ ਸਾਹਮਣੇ ਦਿੱਤਾ ਵਾਰਦਾਤ ਨੂੰ ਅੰਜਾਮ ਸੀਸੀਟੀਵੀ ਕੈਮਰਿਆਂ ’ਚ ਕੈਦ ਹੋਈ ਬੱਕਰੀਆਂ ਚੋਰੀ ਕਰਨ ਵਾਲਿਆਂ ਦੀ ਤਸਵੀਰ ਸਰਬਜੀਤ ਸਿੰਘ ਛੀਨਾ,•ਪੰਜਾਬੀ ਜਾਗਰਣ, ਖਾਲੜਾ : ਪੰਜਾਬ ਸਰਕਾਰ ਬੇਸ਼ੱਕ ਯੁੱਧ ਨਸ਼ਿਆਂ ਵਿਰੁੱਧ ਤੇ ਅਪਰਾਧਿਕ ਅਨਸਰਾਂ ’ਤੇ ਸ਼ਿਕੰਜਾ ਕੱਸਣ ਦਾ ਦਾਅਵਾ ਕਰ ਰਹੀ ਹੈ। ਪਰ ਜ਼ਮੀਨੀ ਪੱਧਰ ’ਤੇ ਹਰ ਰੋਜ਼ ਹੀ ਹੋ ਰਹੀਆਂ ਲੁੱਟਾਂ, ਖੋਹਾਂ ਦੀਆਂ ਵਾਰਦਾਤਾਂ ਨੇ ਆਮ ਲੋਕਾਂ ਦੇ ਨੱਕ ’ਚ ਦਮ ਕੀਤਾ ਹੋਇਆ ਹੈ। ਲੋਕ ਮਿਹਨਤ ਨਾਲ ਕਮਾਏ ਪੈਸੇ, ਸੋਨਾ ਤੇ ਹੋਰ ਕੀਮਤੀ ਸਾਮਾਨ ਲੁਟਵਾ ਰਹੇ ਹਨ। ਜਿਸ ਦੇ ਚੱਲਦਿਆਂ ਲੋਕਾਂ ’ਚ ਸਹਿਮ ਹੈ। ਤਾਜ਼ੀ ਘਟਨਾ ਖਾਲੜਾ ਦੇ ਨਜ਼ਦੀਕੀ ਪਿੰਡ ਮਾੜੀਮੇਘਾ ਵਿਖੇ ਵਾਪਰੀ, ਜੋ ਲੋਕਾਂ ’ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਸਬੰਧੀ ਬੂਟਾ ਸਿੰਘ ਪੁੱਤਰ ਬਗੀਚਾ ਸਿੰਘ ਵਾਸੀ ਮਾੜੀਮੇਘਾ ਨੇ ਦੱਸਿਆ ਕਿ ਉਹ ਬੱਕਰੀਆਂ ਪਾਲਣ ਦਾ ਕੰਮ ਕਰ ਕੇ ਆਪਣੇ ਪਰਿਵਾਰ ਦਾ ਢਿੱਡ ਭਰਦਾ ਹੈ। ਉਹ ਤੇ ਉਸਦਾ ਲੜਕਾ ਪਿੰਡ ਮਾੜੀਮੇਘਾ ਡਰੇਨ ਦੇ ਨਾਲ ਆਪਣੀਆਂ ਬੱਕਰੀਆਂ ਚਾਰ ਰਹੇ ਸਨ ਤਾਂ ਚਾਰ ਅਣਪਛਾਤੇ ਵਿਅਕਤੀ ਇਕ ਮਰੂਤੀ ਡਿਜ਼ਾਇਰ ਗੱਡੀ ’ਚ ਸਵਾਰ ਹੋ ਕੇ ਆਏ ਤੇ ਦੋ ਬੱਕਰੀਆਂ ਚੁੱਕ ਕੇ ਗੱਡੀ ’ਚ ਸੁੱਟ ਕੇ ਲੈ ਗਏ। ਉਸ ਨੇ ਰੌਲ਼ਾ ਵੀ ਪਾਇਆ ਪਰ ਕਾਰ ਸਵਾਰ ਗੱਡੀ ਭਜਾ ਕੇ ਲਿਜਾਣ ’ਚ ਸਫਲ ਹੋ ਗਏ। ਉਸ ਨੇ ਥਾਣਾ ਖਾਲੜਾ ਵਿਚ ਸ਼ਿਕਾਇਤ ਦਰਜ ਕਰਵਾਉਂਦਿਆਂ ਦੱਸਿਆ ਕਿ ਉਸ ਦਾ 50 ਹਜ਼ਾਰ ਰੁਪਏ ਦੇ ਕਰੀਬ ਨੁਕਸਾਨ ਹੋ ਗਿਆ ਹੈ। ਬੂਟਾ ਸਿੰਘ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਉਸ ਨੂੰ ਇਨਸਾਫ਼ ਦਿਵਾਇਆ ਜਾਵੇ। ਪੀੜਤ ਨੇ ਚੋਰਾਂ ਵੱਲੋਂ ਵਰਤੀ ਗਈ ਕਾਰ ਦੀਆਂ ਸੀਸੀਟੀਵੀ ਕੈਮਰੇ ’ਚ ਕੈਦ ਹੋਈਆਂ ਤਸਵੀਰਾਂ ਵੀ ਪੁਲਿਸ ਨੂੰ ਦਿੱਤੀਆਂ ਹਨ। ਥਾਣਾ ਮੁਖੀ ਨੇ ਦੱਸਿਆ ਕਿ ਸੀਸੀਟੀਵੀ ਤਸਵੀਰਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਗੱਡੀ ਦਾ ਪਤਾ ਲਾ ਕੇ ਬੱਕਰੀਆਂ ਚੋਰੀਆਂ ਕਰਨ ਵਾਲਿਆਂ ਨੂੰ ਕਾਬੂ ਕਰ ਲਿਆ ਜਾਵੇਗਾ।