ਸਰਹੱਦ ਪਾਰੋਂ ਨਾਪਾਕ ਸਾਜ਼ਿਸ਼ ਨਾਕਾਮ: ਡਰੋਨ ਰਾਹੀਂ ਭੇਜੀ ਗਈ ਭਾਰੀ ਮਾਤਰਾ ’ਚ ਕਾਰਤੂਸਾਂ ਦੀ ਖੇਪ ਬਰਾਮਦ
ਉਕਤ ਕਾਰਤੂਸਾਂ ਨੂੰ ਕਬਜ਼ੇ ’ਚ ਲੈ ਕੇ ਪੁਲਿਸ ਨੇ ਅਣਪਛਾਤੇ ਵਿਅਕਤੀ ਵਿਰੁੱਧ ਅਸਲਾ ਅਤੇ ਭਾਰਤੀ ਵਾਯੂਯਾਨ ਅਧੀਨਿਯਮ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
Publish Date: Sun, 04 Oct 2026 04:07 PM (IST)
Updated Date: Sun, 04 Oct 2026 04:09 PM (IST)
ਸਰਬਜੀਤ ਸਿੰਘ ਛੀਨਾ, ਪੰਜਾਬੀ ਜਾਗਰਣ, ਖਾਲੜਾ। ਤਰਨਤਾਰਨ ਜ਼ਿਲ੍ਹੇ ਦੇ ਸੈਕਟਰ ਖਾਲੜਾ ਅਧੀਨ ਆਉਂਦੇ ਪਿੰਡ ਕਲਸੀਆਂ ਖੁਰਦ ’ਚ ਸਰਹੱਦ ਪਾਰੋਂ ਡਰੋਨ ਨਾਲ ਸੁੱਟੇ ਗਏ ਵੱਡੀ ਗਿਣਤੀ ਕਾਰਤੂਸ ਥਾਣਾ ਖਾਲੜਾ ਦੀ ਪੁਲਿਸ ਨੇ ਬੀ.ਐੱਸ.ਐੱਫ. ਦੀ ਸੂਚਨਾ ਤੋਂ ਬਾਅਦ ਬਰਾਮਦ ਕੀਤੇ ਹਨ।
ਉਕਤ ਕਾਰਤੂਸਾਂ ਨੂੰ ਕਬਜ਼ੇ ’ਚ ਲੈ ਕੇ ਪੁਲਿਸ ਨੇ ਅਣਪਛਾਤੇ ਵਿਅਕਤੀ ਵਿਰੁੱਧ ਅਸਲਾ ਅਤੇ ਭਾਰਤੀ ਵਾਯੂਯਾਨ ਅਧੀਨਿਯਮ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਡੀ.ਐੱਸ.ਪੀ. ਭਿੱਖੀਵਿੰਡ ਅਤੁਲ ਸੋਨੀ ਨੇ ਦੱਸਿਆ ਕਿ ਥਾਣਾ ਖਾਲੜਾ ਦੀ ਪੁਲਿਸ ਨੂੰ ਸਰਹੱਦੀ ਚੌਂਕੀ ਬਾਬਾ ਪੀਰ ’ਤੇ ਤਾਇਨਾਤ ਬੀ.ਐੱਸ.ਐੱਫ. ਦੇ ਕੰਪਨੀ ਕਮਾਂਡਰ ਏ ਕੰਪਨੀ ਇੰਸਪੈਕਟਰ ਮਨਜੀਤ ਸਿੰਘ ਨੇ ਸੂਚਨਾ ਦਿੱਤੀ ਕਿ ਹਰਦਿਆਲ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਕਲਸੀਆਂ ਖੁਰਦ ਦੇ ਖੇਤ ਵਿਚ ਪੀਲੇ ਰੰਗ ਦਾ ਪੈਕੇਟ ਡਰੋਨ ਨਾਲ ਸੁੱਟਿਆ ਗਿਆ ਹੈ।
ਸੂਚਨਾ ਮਿਲਦਿਆਂ ਹੀ ਥਾਣਾ ਖਾਲੜਾ ਦੇ ਏ.ਐੱਸ.ਆਈ. ਗੁਰਨਾਮ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਉਕਤ ਪੈਕੇਟ ਦੀ ਜਦੋਂ ਜਾਂਚ ਕੀਤੀ ਤਾਂ ਉਸ ’ਚੋਂ 30 ਬੋਰ ਦੇ 66 ਕਾਰਤੂਸ ਬਰਾਮਦ ਹੋਏ।
ਉਨ੍ਹਾਂ ਦੱਸਿਆ ਕਿ ਕਾਰਤੂਸਾਂ ਦੀ ਖੇਪ ਮੰਗਵਾਉਣ ਵਾਲੇ ਦਾ ਪਤਾ ਲਗਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜਲਦ ਉਸਦੀ ਪਛਾਣ ਕਰਕੇ ਕਾਬੂ ਕਰ ਲਿਆ ਜਾਵੇਗਾ।