ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਣ ਪਹੂਵਿੰਡ ਸਾਹਿਬ ’ਚ ਆਇਆ ਸੰਗਤ ਦਾ ਹੜ੍ਹ
25 ਜਨਵਰੀ ਤੋਂ ਆਰੰਭ ਹੋਏ ਸਾਲਾਨਾ ਜੋੜ ਮੇਲੇ ਦੌਰਾਨ ਆਸ-ਪਾਸ ਦੇ ਇਲਾਕਿਆਂ ਅਤੇ ਦੂਰ ਦਰਾਡੇ ਤੋਂ ਲੱਖਾਂ ਦੀ ਗਿਣਤੀ ਵਿਚ ਸੰਗਤ ਇਸ ਪਵਿੱਤਰ ਅਸਥਾਨ ਦੇ ਦਰਸ਼ਨਾਂ ਲਈ ਪੁੱਜੀ
Publish Date: Tue, 27 Jan 2026 07:59 PM (IST)
Updated Date: Wed, 28 Jan 2026 04:13 AM (IST)

ਰਾਜਨ ਚੋਪੜਾ,•ਪੰਜਾਬੀ ਜਾਗਰਣ, ਭਿੱਖੀਵਿੰਡ : ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ 344ਵਾਂ ਜਨਮ ਦਿਹਾੜਾ ਉਨ੍ਹਾਂ ਦੇ ਜਨਮ ਅਸਥਾਨ ਗੁਰਦੁਆਰਾ ਪਹੂਵਿੰਡ ਸਾਹਿਬ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। 25 ਜਨਵਰੀ ਤੋਂ ਆਰੰਭ ਹੋਏ ਸਾਲਾਨਾ ਜੋੜ ਮੇਲੇ ਦੌਰਾਨ ਆਸ-ਪਾਸ ਦੇ ਇਲਾਕਿਆਂ ਅਤੇ ਦੂਰ ਦਰਾਡੇ ਤੋਂ ਲੱਖਾਂ ਦੀ ਗਿਣਤੀ ਵਿਚ ਸੰਗਤ ਇਸ ਪਵਿੱਤਰ ਅਸਥਾਨ ਦੇ ਦਰਸ਼ਨਾਂ ਲਈ ਪੁੱਜੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਸੀਸ ਨਿਵਾ ਕੇ ਜਿੱਥੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ, ਉੱਥੇ ਹੀ ਕੜਾਹ ਪ੍ਰਸ਼ਾਦ ਦੀ ਦੇਗ ਕਰਵਾ ਕੇ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀ। ਦੱਸ ਦਈਏ ਕਿ 25 ਜਨਵਰੀ ਨੂੰ ਸਵੇਰੇ ਸਾਢੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਨਾਲ ਬਾਬਾ ਜੀ ਦੇ ਜਨਮ ਦਿਵਸ ਸਬੰਧੀ ਇਹ ਮੇਲਾ ਆਰੰਭ ਹੋ ਗਿਆ ਸੀ। 11 ਵਜੇ ਨਗਰ ਕੀਰਤਨ ਦੀ ਅਰੰਭਤਾ ਹੋਈ ਤੇ ਰਾਤ 7 ਵਜੇ ਹਜ਼ੂਰੀ ਰਾਗੀ ਗੁਰਦੁਆਰਾ ਜਨਮ ਅਸਥਾਨ ਪਹੂਵਿੰਡ ਸਾਹਿਬ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਗਈ। 8 ਵਜੇ ਰਾਤ ਕਵੀ ਦਰਬਾਰ ਹੋਇਆ ਤੇ ਇਸ ਦਿਨ ਦੇ ਸਮਾਗਮਾਂ ਦੀ ਰਾਤ ਸਾਢੇ 10 ਵਜੇ ਸਮਾਪਤੀ ਹੋਈ। 26 ਜਨਵਰੀ ਸੋਮਵਾਰ ਨੂੰ ਜਨਮ ਅਸਥਾਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਸਵੇਰੇ 11 ਵਜੇ ਮਹਾਨ ਦੀਵਾਨ ਸਜਿਆ। ਜਿਸ ’ਚ ਭਾਈ ਗੁਰਬਚਨ ਸਿੰਘ ਕਲਸੀਆਂ ਅਤੇ ਗੁਰਲਾਲ ਸਿੰਘ ਉਧੋਕੇ ਨੇ ਕਥਾ ਵਿਚਾਰਾਂ ਦੀ ਸਾਂਝ ਪਾਈ। ਜਦੋਂਕਿ ਬਾਬਾ ਬੰਤਾ ਸਿੰਘ ਮੁੰਡਾਪਿੰਡ, ਢਾਡੀ ਭਾਈ ਮਨਬੀਰ ਸਿੰਘ ਬੀਏ ਪਹੂਵਿੰਡ, ਢਾਡੀ ਮਿਲਖਾ ਸਿੰਘ ਮੌਜੀ ਵੱਲੋਂ ਹਾਜ਼ਰੀ ਲਗਵਾਏ ਜਾਣ ਉਪਰੰਤ ਦਿਨ ਦੇ ਦੀਵਾਨਾਂ ਦੀ ਸ਼ਾਮ 5 ਵਜੇ ਸਮਾਪਤੀ ਹੋਈ। ਜਦੋਂਕਿ ਸ਼ਾਮ 7 ਵਜੇ ਮੁੜ ਕੀਰਤਨ ਆਰੰਭ ਹੋਏ ਸਮਾਗਮਾਂ ’ਚ ਗੁਰਭੇਜ ਸਿੰਘ ਚਵਿੰਡਾ, ਢਾਡੀ ਗੁਰਵਿੰਦਰ ਸਿੰਘ ਅਨਮੋਲ ਨੇ ਜਿੱਥੇ ਹਾਜ਼ਰੀ ਭਰੀ, ਉੱਥੇ ਹੀ ਇਹ ਦੀਵਾਨ ਰਾਤ ਸਾਢੇ 11 ਵਜੇ ਸਮਾਪਤ ਹੋਇਆ। ਇਸੇ ਤਰ੍ਹਾਂ ਮੰਗਲਵਾਰ ਨੂੰ ਸਵੇਰੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ’ਤੇ ਸਵੇਰੇ 9 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸੰਗੀਤ ਅਕੈਡਮੀ ਦੇ ਵਿਦਿਆਰਥੀਆਂ ਵੱਲੋਂ ਕੀਰਤਨ ਕੀਤਾ ਗਿਆ। ਉਪਰੰਤ ਹਜ਼ੂਰੀ ਰਾਗੀ ਜੱਥਾ ਜਨਮ ਅਸਥਾਨ ਬਾਬਾ ਦੀਪ ਸਿੰਘ ਜੀ ਸ਼ਹੀਦ, ਦੁਪਹਿਰੇ ਭਾਈ ਰਣਧੀਰ ਸਿੰਘ ਹਜੂਰੀ ਰਾਗੀ ਦੇ ਜੱਥੇ ਵੱਲੋਂ ਕੀਰਤਨ ਕੀਤਾ ਗਿਆ।ਜਦੋਂਕਿ ਗਿਆਨੀ ਭਾਈ ਪਿੰਦਰਪਾਲ ਸਿੰਘ ਨੇ ਸੰਗਤ ਨਾਲ ਸ਼ਬਦਾਂ ਦੀ ਸਾਂਝ ਪਾਉਂਦਿਆਂ ਸੰਗਤ ਨੂੰ ਬਾਣੀ ਤੇ ਬਾਣੇ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਮਾਤਾ ਕੌਲਾਂ ਜੀ ਭਲਾਈ ਕੇਂਦਰ ਦੇ ਸੇਵਾਦਾਰ ਭਾਈ ਗੁਰਇਕਬਾਲ ਸਿੰਘ ਵੱਲੋਂ ਗੁਰਬਾਣੀ ਦੀ ਛਹਿਬਰ ਲਾਈ ਗਈ। ਢਾਡੀ ਸਵਿੰਦਰ ਸਿੰਘ ਭੰਗੂ ਦੇ ਜੱਥੇ ਵੱਲੋਂ ਗੁਰੂ ਜਸ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਫਾਊਡੇਸ਼ਨ ਪਹੂਵਿੰਡ ਦੇ ਪ੍ਰਧਾਨ ਕਰਨਲ ਹਰੀਸਿਮਰਨ ਸਿੰਘ ਸੰਧੂ ਤੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਦੇ ਮੁੱਖ ਸੇਵਾਦਾਰ ਭਾਈ ਗੁਰਇਕਬਾਲ ਸਿੰਘ ਦੀ ਦੇਖ-ਰੇਖ ਹੇਠ ਇਨ੍ਹਾਂ ਸਮਾਗਮਾਂ ’ਚ ਸੰਗਤ ਦੀ ਭਾਰੀ ਆਮਦ ਦੇ ਮੱਦੇਨਜ਼ਰ ਫਾਊਂਡੇਸ਼ਨ ਵੱਲੋਂ ਹਰ ਤਰ੍ਹਾਂ ਦੇ ਪ੍ਰਬੰਧ ਪੁਖਤਾ ਢੰਗ ਨਾਲ ਕੀਤੇ ਗਏ। ਜਦੋਂਕਿ ਗੁਰਦੁਆਰਾ ਸਾਹਿਬ ਦੀ ਸ਼ਾਨਦਾਰ ਰੌਸ਼ਨੀਆ ਨਾਲ ਅਲੌਕਿਕ ਸਜਾਵਟ ਵੀ ਕੀਤੀ ਗਈ। ====== ਪਹੂਵਿੰਡ ਸਾਹਿਬ ਚ ਲੱਗੇ ਝੂਲੇ ਤੇ ਸਜੀਆਂ ਦੁਕਾਨਾਂ ਪਹੂਵਿੰਡ ਸਾਹਿਬ ਵਿਖੇ ਸਾਲਾਨਾ ਮੇਲੇ ਮੌਕੇ ਸੰਗਤ ਦੀ ਹੋਣ ਵਾਲੀ ਵੱਡੀ ਆਮਦ ਦੇ ਮੱਦੇਨਜ਼ਰ ਕਸਬਾ ਭਿਖੀਵਿੰਡ ਤੇ ਪਹੂਵਿੰਡ ਸਾਹਿਬ ਤਕ ਸਾਰੇ ਰਸਤੇ ’ਚ ਜਿੱਥੇ ਵੱਡੀ ਗਿਣਤੀ ’ਚ ਆਰਜੀ ਦੁਕਾਨਾਂ ਸਜਦੀਆਂ ਹਨ, ਉੱਥੇ ਹੀ ਕਈ ਥਾਵਾਂ ’ਤੇ ਵਿਸ਼ਾਲ ਝੂਲੇ ਵੀ ਲਾਏ ਜਾਂਦੇ ਹਨ। ਇਸ ਵਾਰ ਵੀ ਵੱਖ-ਵੱਖ ਤਰ੍ਹਾਂ ਦੇ ਝੂਲੇ ਪਹੂਵਿੰਡ ਸਾਹਿਬ ’ਚ ਵੇਖਣ ਨੂੰ ਮਿਲੇ। ਜਿਨ੍ਹਾਂ ਦਾ ਸੰਗਤ ਨੇ ਖੂਬ ਆਨੰਦ ਮਾਣਿਆ, ਉੱਥੇ ਹੀ ਕਈ ਤਰ੍ਹਾਂ ਦੇ ਸਾਮਾਨ ਦੀਆ ਸਜੀਆਂ ਆਰਜੀ ਤੇ ਪੱਕੀਆਂ ਦੁਕਾਨਾਂ ਤੋਂ ਜ਼ਰੂਰਤ ਦੇ ਸਾਮਾਨ ਦੀ ਖਰੀਦਦਾਰੀ ਵੀ ਕੀਤੀ। === ਸੰਗਤ ਦੀ ਆਮਦ ਮੌਕੇ ਲੱਗੇ 70 ਲੰਗਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਫਾਊਡੇਸ਼ਨ ਵੱਲੋਂ ਜਿੱਥੇ ਸੰਗਤ ਦੀ ਆਮਦ ਲਈ ਆਪਣੇ ਤੌਰ ਤੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਉੱਥੇ ਹੀ ਸ਼ਰਧਾਲੂਆਂ ਵੱਲੋਂ ਵੀ ਪਹੂਵਿੰਡ ਸਾਹਿਬ ’ਚ ਆਉਣ ਵਾਲੀ ਸੰਗਤ ਲਈ 70 ਤੋਂ ਵੱਧ ਲੰਗਰ ਵੱਖ-ਵੱਖ ਥਾਵਾਂ ਤੇ ਲਾਏ ਗਏ ਸਨ। ਇਨ੍ਹਾਂ ’ਚ ਕਈ ਤਰ੍ਹਾਂ ਦੇ ਪਕਵਾਨਾਂ ਤੋਂ ਇਲਾਵਾ ਫਲ ਤੇ ਹੋਰ ਵਸਤੂਆਂ ਵੀ ਸੰਗਤ ਨੂੰ ਵਰਤਾਈਆਂ ਗਈਆਂ। ਲੰਗਰ ਛਕਾਉਣ ਵਾਲੀਆਂ ਟੀਮਾਂ ਵੱਲੋਂ ਵਿਸ਼ਾਲ ਟੈਂਟ ਲਾਏ ਗਏ ਤੇ ਤਰਤੀਬ ਚ ਸੰਗਤ ਨੂੰ ਅੰਦਰ ਲਿਜਾ ਕੇ ਲੰਗਰ ਛਕਾਉਣ ਦੀ ਸੇਵਾ ਨਿਭਾਈ ਗਈ। === ਅੱਜ ਹੋਣਗੇ ਕਬੱਡੀ ਕੱਪ ਤੇ ਕੁਸ਼ਤੀ ਮੁਕਾਬਲੇ , ਘੁੜ ਦੌੜ , ਨੇਜੇਬਾਜ਼ੀ ਤੇ ਘੁੜਸਵਾਰੀ ਸ਼ੋਅ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਚੱਲ ਰਹੇ ਸਾਲਾਨਾ ਮੇਲੇ ਦੇ ਆਖਰੀ ਦਿਨ ਬੁੱਧਵਾਰ ਨੂੰ ਪਹੂਵਿੰਡ ਸਾਹਿਬ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਕਬੱਡੀ ਕੱਪ ਤੇ ਕੁਸ਼ਤੀਆਂ ਦੇ ਮੁਕਾਬਲੇ ਦੁਪਹਿਰ 12 ਵਜੇ ਕਰਵਾਏ ਜਾਣਗੇ। ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਫਾਊਂਡੇਸ਼ਨ ਪਹੂਵਿੰਡ ਦੇ ਪ੍ਰਧਾਨ ਕਰਨਲ ਹਰਸਿਮਰਨ ਸਿੰਘ ਸੰਧੂ ਨੇ ਦਸਿਆ ਕਿ ਇਹ ਕੱਪ ਫਾਊਂਡੇਸ਼ਨ ਤੇ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਇਕ ਵਜੇ ਘੁੜ ਦੌੜਾਂ, ਨੇਜ਼ੇਬਾਜ਼ੀ ਸੰਪਰਦਾਇ ਦਲ ਬਾਬਾ ਬਿਧੀ ਚੰਦ ਜੀ ਸੁਰਸਿੰਘ ਵੱਲੋਂ ਕੀਤੀ ਜਾਵੇਗੀ।