ਮਾਮੂਲੀ ਗੱਲ ਤੋਂ ਵਧਿਆ ਵਿਵਾਦ: ਗਲੀ ’ਚੋਂ ਕਾਰ ਨਾ ਲੰਘਣ ਕਰਕੇ ਕੀਤਾ ਗਾਲੀ-ਗਲੋਚ, ਗੇਟ ’ਚ ਮਾਰੀਆਂ ਗੋਲੀਆਂ, ਇਲਾਕੇ ’ਚ ਫੈਲੀ ਦਹਿਸ਼ਤ
ਗਲੀ ’ਚ ਘਰ ਨੂੰ ਪਲਸੱਤਰ ਕਰਨ ਲਈ ਲਗਾਈ ਗੋਅ ਦੇ ਕਰਕੇ ਕਾਰ ਨਾ ਲੰਘਣ ਨੂੰ ਲੈ ਕੇ ਪਹਿਲਾਂ ਗਾਲੀ ਗਲੋਚ ਕਰਨ ਅਤੇ ਫਿਰ ਘਰ ਦੇ ਗੇਟ ’ਚ ਗੋਲੀਆਂ ਮਾਰਨ ਦੇ ਕਥਿਤ ਦੋਸ਼ ਹੇਠ ਥਾਣਾ ਸਰਹਾਲੀ ਦੀ ਪੁਲਿਸ ਨੇ ਸੱਤ ਲੋਕਾਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
Publish Date: Tue, 14 Jul 2026 03:22 PM (IST)
Updated Date: Tue, 14 Jul 2026 03:27 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਾਲੀ ਕਲਾਂ। ਗਲੀ ’ਚ ਘਰ ਨੂੰ ਪਲਸੱਤਰ ਕਰਨ ਲਈ ਲਗਾਈ ਗੋਅ ਦੇ ਕਰਕੇ ਕਾਰ ਨਾ ਲੰਘਣ ਨੂੰ ਲੈ ਕੇ ਪਹਿਲਾਂ ਗਾਲੀ ਗਲੋਚ ਕਰਨ ਅਤੇ ਫਿਰ ਘਰ ਦੇ ਗੇਟ ’ਚ ਗੋਲੀਆਂ ਮਾਰਨ ਦੇ ਕਥਿਤ ਦੋਸ਼ ਹੇਠ ਥਾਣਾ ਸਰਹਾਲੀ ਦੀ ਪੁਲਿਸ ਨੇ ਸੱਤ ਲੋਕਾਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਵੀਰਪਾਲ ਕੌਰ ਪਤਨੀ ਹਰਦੀਪ ਸਿੰਘ ਵਾਸੀ ਸਰਹਾਲੀ ਕਲਾਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਬਤੌਰ ਆਸ਼ਾ ਵਰਕਰ ਸਰਹਾਲੀ ਵਿਖੇ ਡਿਊਟੀ ਕਰਦੀ ਹੈ। ਉਨ੍ਹਾਂ ਦੇ ਘਰ ’ਤੇ ਪਲਸੱਤਰ ਦੇ ਚੱਲ ਰਹੇ ਕੰਮ ਕਰਕੇ ਗਲੀ ’ਚ ਗੋਅ ਲਗਾਈ ਹੋਈ ਸੀ।
ਇਸੇ ਦੌਰਾਨ ਹਰਪ੍ਰੀਤ ਸਿੰਘ ਪੁੱਤਰ ਗੰਗਾ ਸਿੰਘ, ਵਿਸ਼ਾਲ ਸਿੰਘ ਪੁੱਤਰ ਬਲਦੇਵ ਸਿੰਘ, ਹਰਪਾਲ ਸਿੰਘ ਭਾਲਾ ਪੁੱਤਰ ਬੀਰਾ ਸਿੰਘ, ਹਰਪ੍ਰੀਤ ਸਿੰਘ ਹੈਪੀ ਪੁੱਤਰ ਸੁਜਾਨ ਸੰਘ, ਅਕਾਸ਼ ਸਿੰਘ ਪੁੱਤਰ ਬਲਦੇਵ ਸਿੰਘ, ਪਲਵਿੰਦਰ ਸਿੰਘ ਗੁੱਲੂ ਪੁੱਤਰ ਲੱਖਾ ਸਿੰਘ ਵਾਸੀ ਸਰਹਾਲੀ ਅਤੇ ਅਕਾਸ਼ਦੀਪ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਦਦੇਹਰ ਸਾਹਿਬ ਕਾਰ ’ਤੇ ਸਵਾਰ ਹੋ ਕੇ ਆਏ ਪਰ ਗੋਅ ਲੱਗੀ ਹੋਣ ਕਾਰਨ ਕਾਰ ਲੰਘ ਨਾ ਸਕੀ।
ਜਿਸ ਕਰਕੇ ਉਕਤ ਲੋਕ ਗਾਲੀ ਗਲੋਚ ਕਰਨ ਲੱਗੇ ਅਤੇ ਫਿਰ ਚਲੇ ਗਏ। ਉਕਤ ਘਟਨਾ ਦੇ 6 ਦਿਨ ਬਾਅਦ ਰਾਤ 12 ਵਜੇ ਉਕਤ ਲੋਕਾਂ ਨੇ ਉਨ੍ਹਾਂ ਦੇ ਘਰ ਦੇ ਦਰਵਾਜੇ ’ਚ ਗੋਲੀਆਂ ਮਾਰੀਆਂ ਅਤੇ ਧਮਕੀਆਂ ਵੀ ਦਿੱਤੀਆਂ।
ਜਾਂਚ ਅਧਿਕਾਰੀ ਏ.ਐੱਸ.ਆਈ. ਬੀਰ ਸਿੰਘ ਨੇ ਦੱਸਿਆ ਸ਼ਿਕਾਇਤ ’ਚ ਦਰਜ ਲੋਕਾਂ ਨੂੰ ਕੇਸ ’ਚ ਨਾਮਜ਼ਦ ਕਰ ਲਿਆ ਗਿਆ ਹੈ ਅਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ।