ਸੜਕਾਂ ’ਤੇ ਲੜਖੜਾਉਂਦੇ ਓਵਰਲੋਡ ਵਾਹਨ ਦੇ ਰਹੇ ਹਨ ਹਾਦਸਿਆਂ ਨੂੰ ਸੱਦਾ ਸੜਕਾਂ ’ਤੇ ਲੜਖੜਾਉਂਦੇ ਓਵਰਲੋਡ ਵਾਹਨ ਦੇ ਰਹੇ ਹਨ ਹਾਦਸਿਆਂ ਨੂੰ ਸੱਦਾ
Publish Date: Sun, 29 Nov 2026 07:24 PM (IST)
Updated Date: Sun, 29 Nov 2026 07:25 PM (IST)
ਕੌਮੀ ਸ਼ਾਹ ਮਾਰਗ ’ਤੇ ਪਹਿਲਾਂ ਵੀ ਅਜਿਹੇ ਵਾਹਨਾਂ ਕਾਰਨ ਵਾਪਰ ਚੁੱਕੇ ਹਨ ਭਿਆਨਕ ਹਾਦਸੇ ਚਲਾਨ ਕਰਨ ਵਾਲੀ ਟਰੈਫਿਕ ਪੁਲਿਸ ਓਵਰਲੋਡ ਟਰੱਕਾਂ ’ਤੇ ਮਿਹਰਬਾਨ ਕਿਉਂ? ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਹਰੀਕੇ ਪੱਤਣ : ਕੌਮੀ ਸ਼ਾਹ ਮਾਰਗ-54 ਸਮੇਤ ਇਲਾਕੇ ਦੀਆਂ ਪ੍ਰਮੁੱਖ ਸੜਕਾਂ ’ਤੇ ਲੜਖੜਾਉਂਦੇ ਓਵਰਲੋਡ ਵਾਹਨ ਆਵਾਜਾਈ ਕਰਨ ਵਾਲੇ ਲੋਕਾਂ ਲਈ ਵੱਡਾ ਖ਼ਤਰਾ ਬਣਦੇ ਜਾ ਰਹੇ ਹਨ। ਸਮਰੱਥਾ ਤੋਂ ਕਿਤੇ ਵੱਧ ਮਾਲ ਲੱਦ ਕੇ ਸੜਕਾਂ ’ਤੇ ਦੌੜਦੇ ਇਹ ਭਾਰੀ ਵਾਹਨ ਨਾ ਸਿਰਫ਼ ਆਵਾਜਾਈ ’ਚ ਵਿਘਨ ਪਾਉਂਦੇ ਹਨ, ਸਗੋਂ ਕਿਸੇ ਵੀ ਸਮੇਂ ਭਿਆਨਕ ਸੜਕ ਹਾਦਸੇ ਦਾ ਕਾਰਨ ਬਣ ਸਕਦੇ ਹਨ। ਹੈਰਾਨੀ ਦੀ ਗੱਲ ਹੈ ਕਿ ਇਸ ਗੰਭੀਰ ਸਮੱਸਿਆ ਦੇ ਬਾਵਜੂਦ ਸਬੰਧਿਤ ਵਿਭਾਗਾਂ ਵੱਲੋਂ ਠੋਸ ਕਾਰਵਾਈ ਹੁੰਦੀ ਦਿਖਾਈ ਨਹੀਂ ਦੇ ਰਹੀ। ਜ਼ਿਕਰਯੋਗ ਹੈ ਕਿ ਕੌਮੀ ਸ਼ਾਹ ਮਾਰਗ-54 ’ਤੇ ਪਹਿਲਾਂ ਵੀ ਭਾਰੀ ਵਾਹਨਾਂ ਨਾਲ ਵੱਡੇ ਹਾਦਸੇ ਵਾਪਰ ਚੁੱਕੇ ਹਨ। ਇਸ ਦੇ ਬਾਵਜੂਦ ਸੜਕਾਂ ’ਤੇ ਨਿਯਮਾਂ ਨੂੰ ਛਿੱਕੇ ਟੰਗ ਕੇ ਚੱਲ ਰਹੇ ਓਵਰਲੋਡ ਟਰੱਕਾਂ ਅਤੇ ਹੋਰ ਵਾਹਨਾਂ ’ਤੇ ਨਕੇਲ ਨਾ ਕੱਸਣਾ ਕਈ ਸਵਾਲ ਖੜ੍ਹੇ ਕਰਦਾ ਹੈ। ਓਵਰਲੋਡਿੰਗ ਕਾਰਨ ਵਾਹਨਾਂ ਦਾ ਸੰਤੁਲਨ ਵਿਗੜਨ, ਬ੍ਰੇਕਾਂ ਦੀ ਕਾਰਗੁਜ਼ਾਰੀ ਪ੍ਰਭਾਵਿਤ ਹੋਣ ਅਤੇ ਟਾਇਰ ਫਟਣ ਵਰਗੇ ਖ਼ਤਰੇ ਬਣੇ ਰਹਿੰਦੇ ਹਨ। ਅਜਿਹੇ ਵਾਹਨਾਂ ਦੇ ਨੇੜਿਓ ਲੰਘਣ ਵਾਲੇ ਦੋਪਹੀਆ ਵਾਹਨ ਚਾਲਕਾਂ ਅਤੇ ਛੋਟੀਆਂ ਕਾਰਾਂ ਵਿਚ ਸਫ਼ਰ ਕਰਨ ਵਾਲਿਆਂ ਦੀ ਜਾਨ ਹਮੇਸ਼ਾ ਖ਼ਤਰੇ ’ਚ ਰਹਿੰਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਟ੍ਰੈਫਿਕ ਪੁਲਸ ਵੱਲੋਂ ਓਵਰਸਪੀਡ ਵਾਹਨਾਂ ਦੇ ਚਲਾਨ ਕਰਨ ਅਤੇ ਆਮ ਵਾਹਨ ਚਾਲਕਾਂ ਨੂੰ ਨਿਯਮਾਂ ਦੀ ਪਾਲਣਾ ਕਰਵਾਉਣ ਲਈ ਨਾਕੇ ਲਗਾਏ ਜਾਂਦੇ ਹਨ, ਪਰ ਵੱਡੇ ਟਰਾਂਸਪੋਰਟਰਾਂ ਦੇ ਓਵਰਲੋਡ ਵਾਹਨਾਂ ਖ਼ਿਲਾਫ਼ ਕਾਰਵਾਈ ਨਜ਼ਰ ਨਹੀਂ ਆਉਂਦੀ। ਸਵਾਲ ਇਹ ਹੈ ਕਿ ਜੇਕਰ ਓਵਰਸਪੀਡ ਵਾਹਨ ਚਾਲਕਾਂ ਦੇ ਚਲਾਨ ਹੋ ਸਕਦੇ ਹਨ ਤਾਂ ਓਵਰਲੋਡ ਟਰੱਕਾਂ ’ਤੇ ਕਾਰਵਾਈ ਕਰਨ ਤੋਂ ਗੁਰੇਜ਼ ਕਿਉਂ ਕੀਤਾ ਜਾ ਰਿਹਾ ਹੈ? ਇਲਾਕਾ ਨਿਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ, ਟਰੈਫਿਕ ਪੁਲਿਸ ਅਤੇ ਟਰਾਂਸਪੋਰਟ ਵਿਭਾਗ ਤੋਂ ਮੰਗ ਕੀਤੀ ਹੈ ਕਿ ਓਵਰਲੋਡ ਵਾਹਨਾਂ ਦੀ ਨਿਯਮਤ ਜਾਂਚ ਕਰਕੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਕਿਸੇ ਵੱਡੇ ਹਾਦਸੇ ਤੋਂ ਪਹਿਲਾਂ ਕੀਮਤੀ ਜਾਨਾਂ ਬਚਾਈਆਂ ਜਾ ਸਕਣ।