ਚੋਹਲਾ ਸਾਹਿਬ ’ਚ ਗਦਰੀ ਬਾਬਾ ਸੁੱਚਾ ਸਿੰਘ ਦੀ ਯਾਦ ’ਚ ਕਰਵਾਇਆ ਯਾਦਗਾਰੀ ਮੇਲਾ ਚੋਹਲਾ ਸਾਹਿਬ ’ਚ ਗਦਰੀ ਬਾਬਾ ਸੁੱਚਾ ਸਿੰਘ ਦੀ ਯਾਦ ਵਿਚ ਕਰਵਾਇਆ ਯਾਦਗਾਰੀ ਮੇਲਾ
Publish Date: Sun, 29 Nov 2026 06:55 PM (IST)
Updated Date: Sun, 29 Nov 2026 06:58 PM (IST)
ਚੋਹਲਾ ਸਾਹਿਬ ’ਚ ਗਦਰੀ ਬਾਬਾ ਸੁੱਚਾ ਸਿੰਘ ਦੀ ਯਾਦ ਵਿਚ ਕਰਵਾਇਆ ਯਾਦਗਾਰੀ ਮੇਲਾ ਵੱਖ-ਵੱਖ ਮੁਕਾਬਲਿਆਂ ਰਾਹੀਂ ਦੇਸ਼ ਭਗਤੀ ਤੇ ਇਨਕਲਾਬੀ ਵਿਚਾਰਧਾਰਾ ਦਾ ਦਿੱਤਾ ਸੁਨੇਹਾ, ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ : ਚਿਰੰਜੀ ਲਾਲ ਕੰਗਣੀਵਾਲ ਰਾਕੇਸ਼ ਨਈਅਰ•, ਪੰਜਾਬੀ ਜਾਗਰਣ ਚੋਹਲਾ ਸਾਹਿਬ : ਅਮਰੀਕਾ ਦੇ ਸ਼ਹਿਰ ਸੈਨ ਫਰਾਂਸਿਸਕੋ ਤੋਂ ਸ਼ੁਰੂ ਹੋਈ ਗਦਰ ਪਾਰਟੀ ਨੇ ਕਰਤਾਰ ਸਿੰਘ ਸਰਾਭਾ ਅਤੇ ਬਾਬਾ ਸੋਹਣ ਸਿੰਘ ਭਕਨਾ ਦੀ ਅਗਵਾਈ ਹੇਠ 1915 ’ਚ ਅੰਗਰੇਜ਼ ਹਕੂਮਤ ਵਿਰੁੱਧ ਆਜ਼ਾਦੀ ਦੀ ਲੜਾਈ ਨੂੰ ਨਵੀਂ ਦਿਸ਼ਾ ਤੇ ਜੋਸ਼ ਪ੍ਰਦਾਨ ਕੀਤਾ। ਇਸ ਲਹਿਰ ਤੋਂ ਪ੍ਰਭਾਵਿਤ ਹੋ ਕੇ ਚੋਹਲਾ ਸਾਹਿਬ ਦੇ ਵਸਨੀਕ ਸੁੱਚਾ ਸਿੰਘ ਨੇ ਵੀ ਦੇਸ਼ ਦੀ ਆਜ਼ਾਦੀ ਲਈ ਆਪਣੀ ਨੌਕਰੀ ਤੇ ਨਿੱਜੀ ਜੀਵਨ ਦੀ ਪ੍ਰਵਾਹ ਕੀਤੇ ਬਿਨ੍ਹਾਂ ਸੰਘਰਸ਼ ਦਾ ਰਾਹ ਚੁਣਿਆ। ਉਸ ਸਮੇਂ ਉਹ ਅੰਗਰੇਜ਼ੀ ਫ਼ੌਜ ਦੇ 23ਵੇਂ ਰਸਾਲੇ ’ਚ ਘੋੜਸਵਾਰ ਵਜੋਂ ਸੇਵਾ ਨਿਭਾਅ ਰਹੇ ਸਨ। ਉਹ ਆਪਣੇ ਚਾਰ ਸਾਥੀਆਂ ਸਮੇਤ ਫ਼ੌਜ ’ਚੋਂ ਫ਼ਰਾਰ ਹੋ ਕੇ ਝਾੜ ਸਾਹਿਬ ਵਿਖੇ ਗਦਰੀਆਂ ਦੇ ਇਕੱਠ ’ਚ ਸ਼ਾਮਿਲ ਹੋਣ ਲਈ ਰਵਾਨਾ ਹੋ ਗਏ। ਆਜ਼ਾਦੀ ਦੇ ਸੰਘਰਸ਼ ਦੌਰਾਨ ਕਈ ਗਦਰੀ ਯੋਧਿਆਂ ਦੀ ਗ੍ਰਿਫ਼ਤਾਰੀ ਦੇ ਨਾਲ ਬਾਬਾ ਸੁੱਚਾ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਨੂੰ ਹਜ਼ਾਰੀ ਬਾਗ ਜੇਲ੍ਹ ’ਚ ਉਮਰ ਕੈਦ ਦੀ ਸਜ਼ਾ ਹੋਈ, ਪਰ ਉਹ ਜੇਲ੍ਹ ਦੀਆਂ ਕੰਧਾਂ ਟੱਪ ਕੇ ਆਪਣੇ ਸਾਥੀਆਂ ਸਮੇਤ ਫ਼ਰਾਰ ਹੋ ਗਏ ਤੇ ਮੁੜ ਆਜ਼ਾਦੀ ਦੇ ਸੰਘਰਸ਼ ਵਿਚ ਸਰਗਰਮ ਹੋ ਗਏ। ਬਾਅਦ ’ਚ ਮਹਾਤਮਾ ਗਾਂਧੀ ਦੀ ਪ੍ਰੇਰਨਾ ਸਦਕਾ 1937 ’ਚ ਪੁਲਿਸ ਅੱਗੇ ਪੇਸ਼ ਹੋਏ। ਦੂਹਰੀ ਕੈਦ ਭੁਗਤਣ ਤੋਂ ਬਾਅਦ ਦੇਸ਼ ਦੀ ਆਜ਼ਾਦੀ ਉਪਰੰਤ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਅਜਿਹੇ ਮਹਾਨ ਦੇਸ਼ ਭਗਤ ਤੇ ਲਾਸਾਨੀ ਸੂਰਬੀਰ ਗਦਰੀ ਬਾਬਾ ਸੁੱਚਾ ਸਿੰਘ ਦੀ ਯਾਦ ’ਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦੇਸ਼ ਭਗਤ ਸੁੱਚਾ ਸਿੰਘ ਯਾਦਗਾਰੀ ਸੁਸਾਇਟੀ ਚੋਹਲਾ ਸਾਹਿਬ ਵੱਲੋਂ ਦੇਸ਼ ਭਗਤ ਯਾਦਗਾਰ ਹਾਲ ਵਿਖੇ ਸਾਲਾਨਾ ਸ਼ਰਧਾਂਜਲੀ ਸਮਾਗਮ ਅਤੇ ਯਾਦਗਾਰੀ ਮੇਲਾ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਉਣ ਉਪਰੰਤ ਹੋਈ। ਇਸ ਵਾਰ ਦਾ ਸਮੁੱਚਾ ਪ੍ਰੋਗਰਾਮ ਸ਼ਹੀਦ-ਏ-ਆਜ਼ਮ ਭਗਤ ਸਿੰਘ ਵੱਲੋਂ 1926 ’ਚ ਸਥਾਪਿਤ ਕੀਤੀ ਗਈ ਨੌਜਵਾਨ ਭਾਰਤ ਸਭਾ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਇਲਾਕੇ ਦੇ ਵੱਖ-ਵੱਖ ਸਕੂਲਾਂ ਅਤੇ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀਆਂ ਦੇ ਕੁਇਜ਼, ਸੁੰਦਰ ਲਿਖਾਈ, ਲੇਖ ਰਚਨਾ, ਕਵੀਸ਼ਰੀ ਅਤੇ ਦੇਸ਼ ਭਗਤੀ ਦੇ ਗੀਤਾਂ ਸਮੇਤ ਕਈ ਦਿਲਚਸਪ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ’ਚ ਇਲਾਕੇ ਦੀਆਂ ਨਾਮਵਰ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਮੁਕਾਬਲਿਆਂ ਉਪਰੰਤ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੀ ਕਮੇਟੀ ਵੱਲੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਇਤਿਹਾਸਕਾਰ ਚਿਰੰਜੀ ਲਾਲ ਕੰਗਣੀਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਸ਼ਹੀਦਾਂ ਦੀਆਂ ਮਹਾਨ ਕੁਰਬਾਨੀਆਂ ਸਦਕਾ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਹਾਲਾਂਕਿ ਮਹਾਨ ਕ੍ਰਾਂਤੀਕਾਰੀਆਂ ਅਤੇ ਗਦਰੀ ਯੋਧਿਆਂ ਨੇ ਜਿਸ ਤਰ੍ਹਾਂ ਦੇ ਸਮਾਜ ਅਤੇ ਰਾਜਨੀਤਿਕ ਢਾਂਚੇ ਦੀ ਕਲਪਨਾ ਕੀਤੀ ਸੀ, ਉਹ ਅਜੇ ਤਕ ਸਾਕਾਰ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਬਾਬਾ ਸੁੱਚਾ ਸਿੰਘ ਦੀ ਲਾਸਾਨੀ ਘਾਲਣਾ ਨੇ ਦੱਬੇ-ਕੁਚਲੇ ਲੋਕਾਂ ਨੂੰ ਜਾਗਰੂਕ ਕਰਨ ਵਿਚ ਅਹਿਮ ਯੋਗਦਾਨ ਪਾਇਆ। ਗਦਰ ਪਾਰਟੀ ਦੇ ਸੂਰਬੀਰਾਂ ਦੀਆਂ ਕੁਰਬਾਨੀਆਂ ਨੂੰ ਸਿਜਦਾ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਵੀ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਦੀ ਲੁੱਟ ਤੋਂ ਬਚਾਉਣ ਲਈ ਗਦਰੀ ਬਾਬਿਆਂ ਵਰਗੇ ਜਜ਼ਬੇ ਅਤੇ ਸੰਘਰਸ਼ ਦੀ ਲੋੜ ਹੈ। ਇਤਿਹਾਸਕਾਰ ਡਾ. ਸੈਲਿਸ਼ ਨੇ ਵਿਦਿਆਰਥੀਆਂ ਦੀ ਸਟੇਜੀ ਪੇਸ਼ਕਾਰੀ ਅਤੇ ਕਲਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੁਸਾਇਟੀ ਵੱਲੋਂ ਬੱਚਿਆਂ ਦੇ ਮਨਾਂ ਵਿਚ ਦੇਸ਼ ਭਗਤੀ ਦੇ ਬੀਜ ਬੀਜਣ ਦਾ ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਵਿਦਿਆਰਥੀ ਸ਼ੁਰੂਆਤੀ ਦੌਰ ’ਚ ਹੀ ਸਹੀ ਸੋਚ ਅਤੇ ਚੰਗੀਆਂ ਕਦਰਾਂ-ਕੀਮਤਾਂ ਅਪਣਾ ਲੈਂਦੇ ਹਨ, ਉਹ ਜੀਵਨ ਵਿਚ ਹਮੇਸ਼ਾ ਸਫਲਤਾ ਵੱਲ ਵਧਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਜਲੰਧਰ ਵਿਖੇ ਲੱਗਣ ਵਾਲੇ ਗਦਰੀ ਮੇਲੇ ’ਚ ਵੀ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਉਘੇ ਚਿੰਤਕ ਨਰਭਿੰਦਰ ਨੇ ਗਦਰ ਲਹਿਰ ਦੇ ਇਤਿਹਾਸਕ ਪਿਛੋਕੜ ਬਾਰੇ ਚਾਨਣਾ ਪਾਉਂਦਿਆਂ ਵਿਦਿਆਰਥੀਆਂ ਨੂੰ ਇਨ੍ਹਾਂ ਮਹਾਨ ਯੋਧਿਆਂ ਦੇ ਜੀਵਨ ਅਤੇ ਸੰਘਰਸ਼ ਤੋਂ ਪ੍ਰੇਰਨਾ ਲੈ ਕੇ ਆਪਣੇ ਜੀਵਨ ਨੂੰ ਸਫ਼ਲ ਬਣਾਉਣ ਦੀ ਅਪੀਲ ਕੀਤੀ। ਅੰਤ ’ਚ ਵੱਖ-ਵੱਖ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਪਤਵੰਤੇ ਸੱਜਣਾਂ ਵੱਲੋਂ ਇਨਾਮ ਤਕਸੀਮ ਕੀਤੇ ਗਏ। ਇਸ ਮੌਕੇ ਬੱਲੀ ਸਿੰਘ, ਸੁਖਵਿੰਦਰ ਸਿੰਘ ਖਾਰਾ, ਭੈਣ ਪਰਵਿੰਦਰ ਕੌਰ, ਸਿਮਰਨਜੀਤ ਕੌਰ, ਅਮਰਜੀਤ ਸਿੰਘ ਸੰਧੂ ਅਤੇ ਬਿਕਰਮਜੀਤ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਮਾਸਟਰ ਮਨਜਿੰਦਰ ਸਿੰਘ ਨੇ ਬਾਖੂਬੀ ਨਿਭਾਈ। ਇਸ ਮੌਕੇ ਬਾਬਾ ਸੁੱਚਾ ਸਿੰਘ ਦੇ ਨਾਲ ਹਜ਼ਾਰੀ ਬਾਗ ਜੇਲ੍ਹ ਦੀਆਂ ਕੰਧਾਂ ਟੱਪ ਕੇ ਫ਼ਰਾਰ ਹੋਣ ਵਾਲੇ ਬਾਬਾ ਨੱਥਾ ਸਿੰਘ ਧੁੰਨ ਖਾਲੜਾ ਦੇ ਪੋਤਰੇ ਬਲਦੇਵ ਸਿੰਘ ਅਤੇ ਹੋਰ ਦੇਸ਼ ਭਗਤਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਸਾਰਾ ਦਿਨ ਚਾਹ ਅਤੇ ਪ੍ਰਸ਼ਾਦਿਆਂ ਦਾ ਲੰਗਰ ਅਤੁੱਟ ਵਰਤਦਾ ਰਿਹਾ। ---------- ਬਾਕਸ- ‘ਗਦਰ ਲਹਿਰ ਦਾ ਸੁੱਚਾ ਮੋਤੀ ਗਦਰੀ ਬਾਬਾ ਸੁੱਚਾ ਸਿੰਘ ਚੋਹਲਾ ਸਾਹਿਬ’ ਕਿਤਾਬ ਰਿਲੀਜ਼ ਸਮਾਗਮ ਦੌਰਾਨ ਸੁਸਾਇਟੀ ਦੇ ਪ੍ਰਧਾਨ ਅਤੇ ਸਾਬਕਾ ਡੀਆਈਜੀ ਚਰਨਜੀਤ ਸਿੰਘ ਬਰਾੜ, ਖਜ਼ਾਨਚੀ ਅਮਰੀਕ ਸਿੰਘ ਨਿੱਕਾ ਚੋਹਲਾ, ਕਮੇਟੀ ਮੈਂਬਰ ਅਵਤਾਰ ਸਿੰਘ ਗਿੱਲ, ਰਣਜੀਤ ਸਿੰਘ ਬੁਟਰ, ਹਰਜੀਤ ਸਿੰਘ ਬਰਾੜ ਅਤੇ ਸੁਖਬੀਰ ਸਿੰਘ ਪੰਨੂੰ ਵੱਲੋਂ ਬਲਬੀਰ ਸਿੰਘ ਪਰਵਾਨਾ ਅਤੇ ਕਸ਼ਮੀਰ ਸਿੰਘ ਸੰਧੂ ਦੀ ਲਿਖੀ ਪੁਸਤਕ ‘ਗਦਰ ਲਹਿਰ ਦਾ ਸੁੱਚਾ ਮੋਤੀ ਗਦਰੀ ਬਾਬਾ ਸੁੱਚਾ ਸਿੰਘ ਚੋਹਲਾ ਸਾਹਿਬ’ ਰਿਲੀਜ਼ ਕੀਤੀ ਗਈ। ---------- ਬਾਕਸ- ਇਨਕਲਾਬੀ ਗੀਤ ਮੁਕਾਬਲਿਆਂ ’ਚ ਇਨ੍ਹਾਂ ਵਿਦਿਆਰਥੀਆਂ ਮਾਰੀਆਂ ਮੱਲਾਂ ਜੂਨੀਅਰ ਵਿੰਗ ਦੇ ਇਨਕਲਾਬੀ ਗੀਤ ਮੁਕਾਬਲੇ ’ਚ ਨਿਊ ਲਾਈਫ ਪਬਲਿਕ ਸਕੂਲ ਦੀ ਖੁਸ਼ਪ੍ਰੀਤ ਕੌਰ ਨੇ ਪਹਿਲਾ, ਸ਼ਾਹ ਹਰਬੰਸ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਰਾਣੀਵਲਾਹ ਦੇ ਹਰਸਿਮਰਤਜੀਤ ਸਿੰਘ ਨੇ ਦੂਜਾ ਅਤੇ ਨਿਊ ਲਾਈਫ ਪਬਲਿਕ ਸਕੂਲ ਦੀਆਂ ਜੈਸਲੀਨ ਕੌਰ ਤੇ ਉਨ੍ਹਾਂ ਦੀਆਂ ਸਾਥਣਾਂ ਨੇ ਤੀਜਾ ਸਥਾਨ ਹਾਸਿਲ ਕੀਤਾ। ਸੀਨੀਅਰ ਵਿੰਗ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੋਹਲਾ ਸਾਹਿਬ ਦੀ ਸੋਬਤਪ੍ਰੀਤ ਕੌਰ ਨੇ ਪਹਿਲਾ, ਨਿਊ ਲਾਈਫ ਪਬਲਿਕ ਸਕੂਲ ਦੀ ਸੁਖਬੀਰ ਕੌਰ ਨੇ ਦੂਜਾ ਅਤੇ ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਦੀ ਮਨਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। --------- ਬਾਕਸ- ਲੇਖ ਰਚਨਾ ਮੁਕਾਬਲੇ ’ਚ ਵਿਦਿਆਰਥੀਆਂ ਲਿਆ ਉਤਸ਼ਾਹ ਨਾਲ ਹਿੱਸਾ ਲੇਖ ਰਚਨਾ ਦੇ ਸੀਨੀਅਰ ਵਰਗ ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਚੋਹਲਾ ਸਾਹਿਬ ਦੀ ਰਵਨੀਤ ਕੌਰ ਨੇ ਪਹਿਲਾ, ਗੁਰੂ ਅਰਜਨ ਦੇਵ ਪਬਲਿਕ ਸਕੂਲ ਚੋਹਲਾ ਸਾਹਿਬ ਦੀ ਮਹਿਕਪ੍ਰੀਤ ਕੌਰ ਨੇ ਦੂਜਾ ਅਤੇ ਨਿਊ ਲਾਈਫ ਪਬਲਿਕ ਸਕੂਲ ਦੀ ਸਮਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੂਨੀਅਰ ਵਰਗ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਚੋਹਲਾ ਸਾਹਿਬ ਦੀਆਂ ਗੁਰਲੀਨ ਕੌਰ, ਰਮਨਪ੍ਰੀਤ ਕੌਰ ਅਤੇ ਰੇਬਿਕਾ ਰਾਣੀ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ। ---------- ਬਾਕਸ- ਸੁੰਦਰ ਲਿਖਾਈ ਮੁਕਾਬਲੇ ’ਚ ਵੀ ਚਮਕੇ ਵੱਖ-ਵੱਖ ਵਿਦਆਰਥੀ ਸੁੰਦਰ ਲਿਖਾਈ ਦੇ ਸਬ-ਜੂਨੀਅਰ ਵਰਗ ’ਚ ਸਰਕਾਰੀ ਕੰਨਿਆ ਐਲੀਮੈਂਟਰੀ ਸਕੂਲ ਚੋਹਲਾ ਸਾਹਿਬ ਦੀ ਰਵਨੀਤ ਕੌਰ ਨੇ ਪਹਿਲਾ, ਨਿਊ ਲਾਈਫ ਪਬਲਿਕ ਸਕੂਲ ਦੇ ਰਚਿਤ ਕੁਮਾਰ ਨੇ ਦੂਜਾ ਅਤੇ ਸ਼ਾਹ ਹਰਬੰਸ ਸਿੰਘ ਪਬਲਿਕ ਸਕੂਲ ਰਾਣੀਵਲਾਹ ਦੀ ਸਿਮਰਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਮਿਡਲ ਵਰਗ ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਚੋਹਲਾ ਸਾਹਿਬ ਦੀ ਅਨਮੋਲਪ੍ਰੀਤ ਕੌਰ ਪਹਿਲੇ, ਗੁਰੂ ਅਰਜਨ ਦੇਵ ਸਕੂਲ ਚੋਹਲਾ ਸਾਹਿਬ ਦੀ ਜਸ਼ਨਦੀਪ ਕੌਰ ਦੂਜੇ ਅਤੇ ਨਿਊ ਲਾਈਫ ਪਬਲਿਕ ਸਕੂਲ ਦੀ ਗੁਰਲੀਨ ਕੌਰ ਤੀਜੇ ਸਥਾਨ ’ਤੇ ਰਹੀ। ਸੀਨੀਅਰ ਵਰਗ ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਚੋਹਲਾ ਸਾਹਿਬ ਦੀ ਨਵਜੋਤ ਕੌਰ ਨੇ ਪਹਿਲਾ, ਗੁਰੂ ਅਰਜਨ ਦੇਵ ਖਾਲਸਾ ਕਾਲਜ ਦੀ ਅਮਨਪ੍ਰੀਤ ਕੌਰ ਨੇ ਦੂਜਾ ਅਤੇ ਨਿਊ ਲਾਈਫ ਪਬਲਿਕ ਸਕੂਲ ਦੀ ਗੁਰਲੀਨ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ----------- ਬਾਕਸ- ਕੁਇਜ਼ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਮਿਲਿਆ ਸਨਮਾਨ ਅੱਠਵੀਂ ਜਮਾਤ ਤਕ ਦੇ ਕੁਇਜ਼ ਮੁਕਾਬਲੇ ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਚੋਹਲਾ ਸਾਹਿਬ ਦੀ ਹਰਸਿਮਰਨ ਕੌਰ ਨੇ ਪਹਿਲਾ, ਨਿਊ ਲਾਈਫ ਪਬਲਿਕ ਸਕੂਲ ਦੀ ਹਰਨੂਰਪ੍ਰੀਤ ਕੌਰ ਨੇ ਦੂਜਾ ਅਤੇ ਅਨੁਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸੀਨੀਅਰ ਵਿੰਗ ਦੇ ਕੁਇਜ਼ ਮੁਕਾਬਲੇ ਵਿਚ ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਦੀ ਮਨਦੀਪ ਕੌਰ ਨੇ ਪਹਿਲਾ, ਮਨਰੂਪ ਕੌਰ ਅਤੇ ਕੋਮਲਪ੍ਰੀਤ ਕੌਰ ਨੇ ਦੂਜਾ ਅਤੇ ਨਿਊ ਲਾਈਫ ਪਬਲਿਕ ਸਕੂਲ ਦੀ ਜੈਸਮੀਨ ਕੌਰ ਤੇ ਗੁਰੂ ਅਰਜਨ ਦੇਵ ਖਾਲਸਾ ਕਾਲਜ ਦੇ ਤਰਲੋਕ ਸਿੰਘ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਪ੍ਰਾਪਤ ਕੀਤਾ। --------- ਬਾਕਸ- ਕਵੀਸ਼ਰੀ ਮੁਕਾਬਲੇ ’ਚ ਵਿਦਿਆਰਥੀਆਂ ਮਾਰੀਆਂ ਮੱਲਾਂ ਕਵੀਸ਼ਰੀ ਮੁਕਾਬਲੇ ਵਿਚ ਗੁਰੂ ਅਰਜਨ ਦੇਵ ਕਾਲਜ ਦੇ ਜੁਗਰਾਜ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਜਥੇ ਨੇ ਪਹਿਲਾ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਚੋਹਲਾ ਸਾਹਿਬ ਦੀ ਸੋਬਤਪ੍ਰੀਤ ਕੌਰ ਅਤੇ ਉਨ੍ਹਾਂ ਦੇ ਸਾਥੀਆਂ ਦੇ ਜਥੇ ਨੇ ਦੂਜਾ ਅਤੇ ਨਿਊ ਲਾਈਫ ਪਬਲਿਕ ਸਕੂਲ ਦੀ ਸੁਮਨਦੀਪ ਕੌਰ ਦੀ ਟੀਮ ਨੇ ਤੀਜਾ ਸਥਾਨ ਹਾਸਿਲ ਕੀਤਾ।