ਗਊਸ਼ਾਲਾ ਦੀ ਚਿਰੋਕਣੀ ਮੰਗ ਨੂੰ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਕੀਤਾ ਪੂਰਾ ਗਊਸ਼ਾਲਾ ਦੀ ਚਿਰੋਕਣੀ ਮੰਗ ਨੂੰ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਕੀਤਾ ਪੂਰਾ
Publish Date: Sun, 29 Nov 2026 06:45 PM (IST)
Updated Date: Sun, 29 Nov 2026 06:46 PM (IST)
ਗਊਸ਼ਾਲਾ ਦੀ ਚਿਰੋਕਣੀ ਮੰਗ ਨੂੰ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਕੀਤਾ ਪੂਰਾ 50 ਲੱਖ ਨਾਲ ਇਕ ਏਕੜ ’ਚ ਬਣਨ ਵਾਲੀ ਗਊਸ਼ਾਲਾ ਦੀ ਕਰਵਾਈ ਆਰੰਭਤਾ, ਬੇਸਹਾਰਾ ਗਊਆਂ ਦੀ ਸੰਭਾਲ ਲਈ ਨਿੱਜੀ ਤੌਰ ’ਤੇ ਵੀ ਦਿੱਤੀ ਪੰਜ ਲੱਖ ਦੀ ਰਾਸ਼ੀ ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ ਤਰਨਤਾਰਨ : ਤਰਨਤਾਰਨ ਸ਼ਹਿਰ ’ਚ ਗਊਸ਼ਾਲਾ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਦਿਆਂ ਤਰਨਤਾਰਨ ਦੇ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਕਸੂਰ ਨਾਲੇ ਕੰਢੇ ਹੋਲੀ ਸਿਟੀ ਕਲੋਨੀ ਦੇ ਕੋਲ ਇਕ ਏਕੜ ਜ਼ਮੀਨ ’ਚ ਤਿਆਰ ਕੀਤੀ ਜਾਣ ਵਾਲੀ ਗਊਸ਼ਾਲਾ ਦਾ ਕਾਰਜ ਐਤਵਾਰ ਨੂੰ ਰੱਖੇ ਗਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਆਰੰਭ ਕਰਵਾ ਦਿੱਤਾ ਹੈ। ਨਗਰ ਕੌਂਸਲ ਵੱਲੋਂ ਦਿੱਤੀ ਗਈ ਜਗ੍ਹਾ ’ਤੇ ਗਊਸ਼ਾਲਾ ਦੀ ਉਸਾਰੀ ਲਈ 50 ਲੱਖ ਦੀ ਰਾਸ਼ੀ ਦਾ ਵੀ ਵਿਧਾਇਕ ਨੇ ਪ੍ਰਬੰਧ ਕਰਕੇ ਦਿੱਤਾ। ਜਦੋਂਕਿ ਬੇਸਹਾਰਾ ਗਊਆਂ ਦੀ ਸੰਭਾਲ ਵਾਸਤੇ ਪੰਜ ਲੱਖ ਦੀ ਰਾਸ਼ੀ ਨਿੱਜੀ ਤੌਰ ’ਤੇ ਵੀ ਗਊ ਸ਼ਾਲਾ ਚਲਾਉਣ ਵਾਲੀ ਸ਼੍ਰੀ ਸ਼ਿਆਮ ਪਰਿਵਾਰ ਸੰਸਥਾ ਨੂੰ ਸੌਂਪੀ। ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਕਿਹਾ ਕਿ ਸ਼ਹਿਰ ’ਚ ਗਊਸ਼ਾਲਾ ਬਣਾਉਣ ਵਾਸਤੇ ਸ਼ਹਿਰ ਵਾਸੀਆਂ ਦੀ ਕਈ ਚਿਰਾਂ ਤੋਂ ਮੰਗ ਉੱਠ ਰਹੀ ਸੀ। ਜਿਸ ਨੂੰ ਧਿਆਨ ’ਚ ਰੱਖਦਿਆਂ ਉਨ੍ਹਾਂ ਨੇ ਇਸ ਯੋਜਨਾ ਵੱਲ ਕਦਮ ਅੱਗੇ ਵਧਾਏ ਤੇ ਨਗਰ ਕੌਂਸਲ ਤੋਂ ਇਕ ਏਕੜ ਜ਼ਮੀਨ ਦਾ ਪ੍ਰਬੰਧ ਕਰਵਾ ਕੇ ਦੇਣ ਦੇ ਨਾਲ ਨਾਲ 50 ਲੱਖ ਦੀ ਗ੍ਰਾਂਟ ਮੁਹੱਈਆ ਕਰਵਾ ਦਿੱਤੀ ਹੈ। ਸੰਧੂ ਨੇ ਦੱਸਿਆ ਕਿ ਗਊਸ਼ਾਲਾ ਲਈ ਰਾਸ਼ੀ ਦਾ ਪ੍ਰਬੰਧ ਹੋਣ ਉਪਰੰਤ ਹੀ ਉਨ੍ਹਾਂ ਨੇ ਇਸਦਾ ਕਾਰਜ ਆਰੰਭ ਕਰਵਾਇਆ ਹੈ ਤੇ ਇਸ ਗਊਸ਼ਾਲਾ ਦੀ ਦੇਖਭਾਲ ਸ਼੍ਰੀ ਸ਼ਿਆਮ ਪਰਿਵਾਰ ਸੰਸਥਾ ਦੇ ਸੇਵਾਦਾਰਾਂ ਵਲੋਂ ਸ਼ਹਿਰ ਵਾਸੀਆਂ ਨਾਲ ਮਿਲ ਕੇ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਜਾਰੀ ਕੀਤੀ ਗਈ ਰਾਸ਼ੀ ਨਾਲ ਇਥੇ ਗਊ ਧਨ ਲਈ ਜਿੱਥੇ ਸ਼ੈੱਡ ਉਸਾਰੇ ਜਾਣਗੇ, ਉਥੇ ਹੀ ਉਨ੍ਹਾਂ ਦੇ ਚਾਰੇ ਵਾਸਤੇ ਹਾਲ ਤੇ ਹੋਰ ਜ਼ਰੂਰੀ ਢਾਂਚਾ ਵੀ ਤਿਆਰ ਹੋਵੇਗਾ। ਉਨ੍ਹਾਂ ਦੱਸਿਆ ਕਿ ਦੋ ਮਹੀਨੇ ਲਗਾ ਕੇ ਜਗ੍ਹਾ ਨੂੰ ਪੱਧਰੀ ਕਰਨ ਦੇ ਨਾਲ-ਨਾਲ ਚਾਰ ਦੀਵਾਰੀ ਕਰਵਾ ਦਿੱਤੀ ਗਈ ਸੀ ਤੇ ਹੁਣ ਇਸ ’ਚ ਹੋਰ ਲੋੜੀਂਦਾ ਢਾਂਚਾ ਬਣਨਾ ਆਰੰਭ ਹੋ ਜਾਵੇਗਾ। ਹਰਮੀਤ ਸਿੰਘ ਸੰਧੂ ਨੇ ਸਰਕਾਰੀ ਰਾਸ਼ੀ ਦੇ ਨਾਲ ਨਿੱਜੀ ਤੌਰ ’ਤੇ ਪੰਜ ਲੱਖ ਰੁਪਏ ਵੀ ਗਊ ਧੰਨ ਦੀ ਸੇਵਾ ਸੰਭਾਲ ਵਾਸਤੇ ਸੰਸਥਾ ਨੂੰ ਭੇਟ ਕੀਤੇ ਤੇ ਕਿਹਾ ਕਿ ਸ਼੍ਰੀ ਸ਼ਿਆਮ ਪਰਿਵਾਰ ਵਲੋਂ ਗਊ ਮਾਤਾ ਦੀ ਸੇਵਾ ਸੰਭਾਲ ਲਈ ਕੀਤਾ ਜਾ ਰਿਹਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਇਸ ਮੌਕੇ ਸ਼੍ਰੀ ਸ਼ਿਆਮ ਪਰਿਵਾਰ ਸੰਸਥਾ ਦੇ ਪ੍ਰਧਾਨ ਅਰੁਣ ਗੁਪਤਾ, ਵਾਈਸ ਪ੍ਰਧਾਨ ਰਮਨ ਕੁਮਾਰ, ਕੈਸ਼ੀਅਰ ਚਿਰੰਤਨ ਗੁਪਤਾ, ਜਨਰਲ ਸਕੱਤਰ ਰਾਜੀਵ ਕੁਮਾਰ, ਸੈਕਟਰੀ ਅਮਨ ਗੁਪਤਾ, ਮੈਂਬਰ ਰਾਜ ਕੁਮਾਰ ਅਤੇ ਵਿਕਾਸ ਮਹਾਜਨ ਨੇ ਵਿਧਾਇਕ ਹਰਮੀਤ ਸਿੰਘ ਸੰਧੂ ਤੇ ਸਰਕਾਰ ਦਾ ਧੰਨਵਾਦ ਕਰਦਿਆਂ ਜਿਥੇ ਸਨਮਾਨ ਕੀਤਾ। ਉਥੇ ਹੀ ਕਿਹਾ ਕਿ ਇਸ ਗਊਸ਼ਾਲਾ ਦੇ ਬਣਨ ਨਾਲ ਬੇਸਹਾਰਾ ਗਊ ਧੰਨ ਨੂੰ ਇਥੇ ਲਿਆ ਕੇ ਸੇਵਾ ਸੰਭਾਲ ਕੀਤੀ ਜਾਵੇਗੀ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਵੀ ਇਸ ਸੇਵਾ ’ਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ। ਬਾਕਸ- ਸ਼੍ਰੀ ਖਾਟੂ ਸ਼ਿਆਮ ਜੀ ਦੇ ਮੰਦਰ ਨਿਰਮਾਣ ਦੀ ਵੀ ਯੋਜਨਾ : ਸੰਧੂ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਇਸ ਮੌਕੇ ਕਿਹਾ ਕਿ ਸ਼੍ਰੀ ਸ਼ਿਆਮ ਪਰਿਵਾਰ ਵਲੋਂ ਸ਼੍ਰੀ ਖਾਟੂ ਸ਼ਿਆਮ ਜੀ ਦੇ ਮੰਦਰ ਨਿਰਮਾਣ ਦੀ ਵੀ ਯੋਜਨਾ ਬਣਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸੰਸਥਾ ਜੋ ਵੀ ਯੋਜਨਾ ਬਾਵੇਗੀ, ਉਸਨੂੰ ਮੁਕੰਮਲ ਕਰਨ ’ਚ ਵੀ ਪੂਰਾ ਸਹਿਯੋਗ ਦਿੱਤਾ ਜਾਵੇਗਾ। ਹਰਮੀਤ ਸਿੰਘ ਸੰਧੂ ਨੇ ਕਿਹਾ ਕਿ ਹਰ ਕਾਰਜ ਨੂੰ ਸੇਵਾ ਦੇ ਤੌਰ ’ਤੇ ਪੂਰਾ ਕਰਨਾ ਉਨ੍ਹਾਂ ਲਈ ਕਿਸੇ ਸੁਭਾਗ ਤੋਂ ਘੱਟ ਨਹੀਂ ਹੈ।