ਵਿਦੇਸ਼ੀ ਮਹਿਮਾਨਾਂ ਨਾਲ ਗੁਲਜ਼ਾਰ ਹੋ ਰਹੀ ਹੈ ਵਿਸ਼ਵ ਪ੍ਰਸਿੱਧ ਹਰੀਕੇ ਝੀਲ ਵਿਦੇਸ਼ੀ ਮਹਿਮਾਨਾਂ ਨਾਲ ਗੁਲਜ਼ਾਰ ਹੋ ਰਹੀ ਹੈ ਵਿਸ਼ਵ ਪ੍ਰਸਿੱਧ ਹਰੀਕੇ ਝੀਲ
Publish Date: Sun, 29 Nov 2026 06:03 PM (IST)
Updated Date: Sun, 29 Nov 2026 06:04 PM (IST)
ਇਸ ਵਰ੍ਹੇ 100 ਤੋਂ ਵੱਧ ਕਿਸਮਾਂ ਦੇ ਇਕ ਲੱਖ ਪੰਛੀਆਂ ਦੀ ਆਮਦ ਦਾ ਅਨੁਮਾਨ 25 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਹਰੀਕੇ ਪਹੁੰਚਦੇ ਹਨ ਪ੍ਰਵਾਸੀ ਪੰਛੀ ਕਿਰਪਾਲ ਸਿੰਘ ਰੰਧਾਵਾ, •ਪੰਜਾਬੀ ਜਾਗਰਣ ਹਰੀਕੇ ਪੱਤਣ : ਵਿਸ਼ਵ ਪ੍ਰਸਿੱਧ ਹਰੀਕੇ ਝੀਲ ਇਕ ਵਾਰ ਫਿਰ ਵਿਦੇਸ਼ੀ ਮਹਿਮਾਨਾਂ ਦੀ ਆਮਦ ਨਾਲ ਗੁਲਜ਼ਾਰ ਹੋਣ ਲੱਗੀ ਹੈ। ਸਰਦੀਆਂ ਦੀ ਦਸਤਕ ਦੇ ਨਾਲ ਹੀ ਹਜ਼ਾਰਾਂ ਕਿਲੋਮੀਟਰ ਦਾ ਲੰਮਾ ਸਫ਼ਰ ਤੈਅ ਕਰਕੇ ਵੱਖ-ਵੱਖ ਦੇਸ਼ਾਂ ਤੋਂ ਪ੍ਰਵਾਸੀ ਪੰਛੀਆਂ ਦੇ ਹਰੀਕੇ ਪੁੱਜਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਝੀਲ ਦੇ ਪਾਣੀਆਂ ਅਤੇ ਆਲੇ-ਦੁਆਲੇ ਦੇ ਜਲਗਾਹ ਖੇਤਰਾਂ ’ਚ ਪੰਛੀਆਂ ਦੀ ਚਹਿਲ-ਪਹਿਲ ਨੇ ਕੁਦਰਤ ਪ੍ਰੇਮੀਆਂ ਨੂੰ ਖਿੱਚਣਾ ਸ਼ੁਰੂ ਕਰ ਦਿੱਤਾ ਹੈ। ਇਸ ਵਰ੍ਹੇ 100 ਤੋਂ ਵੱਧ ਕਿਸਮਾਂ ਦੇ ਕਰੀਬ ਇਕ ਲੱਖ ਵਿਦੇਸ਼ੀ ਪੰਛੀਆਂ ਦੀ ਆਮਦ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਯੂਰਪ ਸਮੇਤ ਕਈ ਦੇਸ਼ਾਂ ’ਚ ਸਰਦੀਆਂ ਦੌਰਾਨ ਤਾਪਮਾਨ ਬੇਹੱਦ ਹੇਠਾਂ ਚਲਾ ਜਾਂਦਾ ਹੈ ਅਤੇ ਝੀਲਾਂ ਤੇ ਜਲ ਸਰੋਵਰਾਂ ਦਾ ਪਾਣੀ ਜੰਮਣ ਲੱਗਦਾ ਹੈ। ਅਜਿਹੇ ਹਾਲਾਤ ਵਿਚ ਪੰਛੀਆਂ ਲਈ ਖੁਰਾਕ ਦੀ ਉਪਲਬਧਤਾ ਅਤੇ ਜੀਵਨ ਬਚਾਉਣਾ ਮੁਸ਼ਕਿਲ ਹੋ ਜਾਂਦਾ ਹੈ। ਇਸੇ ਕਾਰਨ ਪ੍ਰਵਾਸੀ ਪੰਛੀ ਹਜ਼ਾਰਾਂ ਮੀਲਾਂ ਦੀ ਉਡਾਣ ਭਰਦੇ ਹੋਏ ਭਾਰਤ ਦੇ ਗਰਮ ਇਲਾਕਿਆਂ ਵੱਲ ਰੁਖ਼ ਕਰਦੇ ਹਨ। ਕਈ ਪੰਛੀ ਲਗਭਗ 25 ਹਜ਼ਾਰ ਕਿਲੋਮੀਟਰ ਤਕ ਦਾ ਸਫ਼ਰ ਤੈਅ ਕਰਕੇ ਹਰੀਕੇ ਝੀਲ ਨੂੰ ਆਪਣੀ ਸਰਦੀਆਂ ਦੀ ਪਨਾਹਗਾਹ ਬਣਾਉਂਦੇ ਹਨ। ਇਨ੍ਹਾਂ ਵਿਦੇਸ਼ੀ ਮਹਿਮਾਨਾਂ ਦੀ ਆਮਦ ਨਾਲ ਹਰੀਕੇ ਝੀਲ ਦੀ ਕੁਦਰਤੀ ਸੁੰਦਰਤਾ ਨੂੰ ਚਾਰ ਚੰਨ ਲੱਗ ਜਾਂਦੇ ਹਨ। ਪੰਛੀਆਂ ਦੀ ਆਮਦ ਨੂੰ ਲੈ ਕੇ ਇਲਾਕੇ ਦੇ ਪੰਛੀ ਪ੍ਰੇਮੀਆਂ, ਫੋਟੋਗ੍ਰਾਫਰਾਂ ਅਤੇ ਕੁਦਰਤ ਦੇ ਸ਼ੌਕੀਨਾਂ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਦੂਰਬੀਨਾਂ ਅਤੇ ਕੈਮਰਿਆਂ ਨਾਲ ਲੈਸ ਹੋ ਕੇ ਲੋਕ ਝੀਲ ਦੇ ਵੱਖ-ਵੱਖ ਹਿੱਸਿਆਂ ਵਿਚ ਇਨ੍ਹਾਂ ਪੰਛੀਆਂ ਦੀਆਂ ਅਦਾਵਾਂ ਨੂੰ ਨਿਹਾਰਨ ਅਤੇ ਕੈਮਰੇ ਵਿਚ ਕੈਦ ਕਰਨ ਲਈ ਪਹੁੰਚ ਰਹੇ ਹਨ। ਪ੍ਰਵਾਸੀ ਪੰਛੀਆਂ ਦੀ ਆਮਦ ਨਾ ਸਿਰਫ਼ ਹਰੀਕੇ ਦੀ ਕੁਦਰਤੀ ਪਛਾਣ ਨੂੰ ਵਿਸ਼ਵ ਪੱਧਰ ’ਤੇ ਹੋਰ ਮਜ਼ਬੂਤ ਕਰਦੀ ਹੈ, ਸਗੋਂ ਇਹ ਜਲਗਾਹਾਂ ਦੀ ਮਹੱਤਤਾ ਅਤੇ ਵਾਤਾਵਰਨ ਸੰਭਾਲ ਦਾ ਸੁਨੇਹਾ ਵੀ ਦਿੰਦੀ ਹੈ। ਹਰੀਕੇ ਝੀਲ ਦੀ ਇਹ ਰੌਣਕ ਆਉਣ ਵਾਲੇ ਮਹੀਨਿਆਂ ਦੌਰਾਨ ਹੋਰ ਵਧਣ ਦੀ ਉਮੀਦ ਹੈ। ਇਸ ਸਬੰਧੀ ਵਣਾ ਰੇਂਜ ਅਧਿਕਾਰੀ ਤਜਿੰਦਰ ਸਿੰਘ ਗਿੱਲ ਦਾ ਕਹਿਣਾ ਹੈ ਕਿ ਵਿਦੇਸ਼ੀ ਮਹਿਮਾਨਾਂ ਦੀ ਆਮਦ ਨੂੰ ਮੁੱਖ ਰੱਖਦਿਆਂ ਵਿਭਾਗ ਵੱਲੋਂ ਰੱਖ ਰਖਾਵ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਪੰਛੀਆਂ ਦੇ ਨਜਾਇਜ਼ ਸ਼ਿਕਾਰ ਨੂੰ ਲੈ ਕੇ ਵਿਭਾਗ ਵੱਲੋਂ ਸਖਤੀ ਦੀ ਵੱਡੀ ਮੁਹਿੰਮ ਵਿੱਢੀ ਜਾਵੇਗੀ ਅਤੇ ਕਾਨੂੰਨ ਦੇ ਖਿਲਾਫ ਕੰਮ ਕਰਨ ਵਾਲਿਆਂ ਨੂੰ ਜੇਲ੍ਹ ਦੀ ਹਵਾ ਖਾਣੀ ਪਵੇਗੀ।