ਪੱਟੀ ਦੀ ਧੀ ਗੁਰਮੰਨਤ ਕੌਰ ਨੇ ਮੋਹਾਲੀ ’ਚ ਜਿੱਤਿਆ ਕਾਂਸੀ ਦਾ ਤਮਗਾ, ਸ਼ਹਿਰ ਤੇ ਜ਼ਿਲ੍ਹੇ ਦਾ ਨਾਂ ਕੀਤਾ ਰੌਸ਼ਨ ਪੱਟੀ ਦੀ ਧੀ ਗੁਰਮੰਨਤ ਕੌਰ ਨੇ ਮੋਹਾਲੀ ’ਚ ਜਿੱਤਿਆ ਕਾਂਸੀ ਦਾ ਤਮਗਾ, ਸ਼ਹਿਰ ਤੇ ਜ਼ਿਲ੍ਹੇ ਦਾ ਨਾਂ ਕੀਤਾ ਰੌਸ਼ਨ
Publish Date: Sun, 29 Nov 2026 04:51 PM (IST)
Updated Date: Sun, 29 Nov 2026 04:53 PM (IST)
10 ਮਹੀਨਿਆਂ ਦੀ ਪ੍ਰੈਕਟਿਸ ਨਾਲ ‘ਖੇਡਾਂ ਵਤਨ ਪੰਜਾਬ ਦੀਆਂ’ ’ਚ ਮਾਰੀ ਮੱਲ, 400 ’ਚੋਂ 366 ਅੰਕ ਕੀਤੇ ਹਾਸਿਲ ਬੱਲੂ ਮਹਿਤਾ•, ਪੰਜਾਬੀ ਜਾਗਰਣ ਪੱਟੀ : ਬ੍ਰਿਟਿਸ਼ ਸ਼ੂਟਿੰਗ ਅਕੈਡਮੀ ਪੱਟੀ ਦੀ ਖਿਡਾਰਨ ਗੁਰਮੰਨਤ ਕੌਰ ਪੁੱਤਰੀ ਰਮਨਦੀਪ ਸਿੰਘ ਨੇ ਮੋਹਾਲੀ ਵਿਖੇ ਹੋਈਆਂ ਸਟੇਟ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ ਵਿਚ 10 ਮੀਟਰ ਏਅਰ ਪਿਸਟਲ ਅੰਡਰ-17 ਵਰਗ ’ਚ ਕਾਂਸੀ ਦਾ ਤਮਗਾ ਜਿੱਤ ਕੇ ਪੱਟੀ ਸ਼ਹਿਰ ਅਤੇ ਜ਼ਿਲ੍ਹਾ ਤਰਨਤਾਰਨ ਦਾ ਨਾਂ ਰੌਸ਼ਨ ਕੀਤਾ ਹੈ। ਗੁਰਮੰਨਤ ਕੌਰ ਨੇ 400 ਵਿੱਚੋਂ 366 ਅੰਕ ਹਾਸਿਲ ਕਰਕੇ ਇਹ ਪ੍ਰਾਪਤੀ ਆਪਣੇ ਨਾਂ ਕੀਤੀ। ਉਸ ਨੇ ਸਿਰਫ਼ 10 ਮਹੀਨਿਆਂ ਦੀ ਪ੍ਰੈਕਟਿਸ ਨਾਲ ਸਟੇਟ ਪੱਧਰ ’ਤੇ ਇਹ ਮੁਕਾਮ ਹਾਸਿਲ ਕੀਤਾ ਹੈ। ਗੁਰਮੰਨਤ ਕੌਰ ਬ੍ਰਿਟਿਸ਼ ਸ਼ੂਟਿੰਗ ਅਕੈਡਮੀ ਵਿਖੇ ਕੋਚ ਅੰਕੁਰ ਖੋਖਰ ਦੀ ਅਗਵਾਈ ਹੇਠ ਸਿਖਲਾਈ ਲੈ ਰਹੀ ਹੈ। ਕੋਚ ਅੰਕੁਰ ਖੋਖਰ ਨੇ ਦੱਸਿਆ ਕਿ ਗੁਰਮੰਨਤ ਨੇ ਪਿਛਲੇ 10 ਮਹੀਨਿਆਂ ਦੌਰਾਨ ਬਹੁਤ ਮਿਹਨਤ ਅਤੇ ਅਨੁਸ਼ਾਸਨ ਨਾਲ ਅਭਿਆਸ ਕੀਤਾ ਹੈ, ਜਿਸ ਦਾ ਨਤੀਜਾ ਅੱਜ ਤਮਗੇ ਦੇ ਰੂਪ ਵਿਚ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਸ਼ੂਟਿੰਗ ਵਿਚ ਇਕਾਗਰਤਾ, ਸਬਰ ਅਤੇ ਨਿਸ਼ਾਨੇ ’ਤੇ ਪੂਰਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਗੁਰਮੰਨਤ ਨੇ ਆਪਣੀ ਲਗਨ ਨਾਲ ਇਹ ਸਾਬਿਤ ਕੀਤਾ ਹੈ ਕਿ ਮਿਹਨਤ ਅਤੇ ਦ੍ਰਿੜ੍ਹ ਇਰਾਦੇ ਨਾਲ ਘੱਟ ਸਮੇਂ ਵਿਚ ਵੀ ਵੱਡੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਉਨ੍ਹਾਂ ਉਮੀਦ ਜਤਾਈ ਕਿ ਇਹ ਖਿਡਾਰਨ ਭਵਿੱਖ ਵਿਚ ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ ’ਤੇ ਵੀ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਏਗੀ। ਇਸ ਮੌਕੇ ਗੁਰਮੰਨਤ ਕੌਰ ਦੇ ਪਿਤਾ ਰਮਨਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਧੀ ਦੀ ਪ੍ਰਾਪਤੀ ’ਤੇ ਬੇਹੱਦ ਮਾਣ ਹੈ। ਉਨ੍ਹਾਂ ਕਿਹਾ ਕਿ ਇਨ੍ਹੇਂ ਘੱਟ ਸਮੇਂ ਵਿਚ ਸਟੇਟ ਪੱਧਰ ’ਤੇ ਤਮਗਾ ਜਿੱਤਣਾ ਪਰਿਵਾਰ ਲਈ ਬਹੁਤ ਖੁਸ਼ੀ ਵਾਲੀ ਗੱਲ ਹੈ। ਇਸ ਪ੍ਰਾਪਤੀ ਪਿੱਛੇ ਧੀ ਦੀ ਮਿਹਨਤ ਅਤੇ ਕੋਚ ਅੰਕੁਰ ਖੋਖਰ ਦੀ ਅਗਵਾਈ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਪੜ੍ਹਾਈ ਤੇ ਖੇਡਾਂ ਦੋਵਾਂ ਖੇਤਰਾਂ ਵਿਚ ਆਪਣੀ ਧੀ ਨੂੰ ਅੱਗੇ ਵਧਣ ਲਈ ਹਮੇਸ਼ਾ ਸਹਿਯੋਗ ਦਿੰਦਾ ਰਹੇਗਾ। ਗੁਰਮੰਨਤ ਦੀ ਮਾਤਾ ਨੇ ਭਾਵੁਕ ਹੁੰਦਿਆਂ ਕਿਹਾ ਕਿ ਧੀ ਵੱਲੋਂ ਪੂਰੇ ਇਲਾਕੇ ਦਾ ਨਾਂ ਰੌਸ਼ਨ ਕਰਨਾ ਉਨ੍ਹਾਂ ਲਈ ਮਾਣ ਅਤੇ ਖੁਸ਼ੀ ਦਾ ਪਲ ਹੈ। ਉਹ ਸਵੇਰੇ ਜਲਦੀ ਉੱਠ ਕੇ ਅਭਿਆਸ ਲਈ ਜਾਂਦੀ ਸੀ ਅਤੇ ਥਕਾਵਟ ਦੇ ਬਾਵਜੂਦ ਕਦੇ ਹਿੰਮਤ ਨਹੀਂ ਹਾਰੀ। ਅਕੈਡਮੀ ਵੱਲੋਂ ਵੀ ਉਸ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਗੁਰਮੰਨਤ ਦੀ ਇਹ ਪ੍ਰਾਪਤੀ ਹੋਰ ਲੜਕੀਆਂ ਲਈ ਪ੍ਰੇਰਨਾ ਬਣੇਗੀ ਅਤੇ ਸਾਬਿਤ ਕਰਦੀ ਹੈ ਕਿ ਪੱਟੀ ਦੀਆਂ ਧੀਆਂ ਖੇਡਾਂ ਦੇ ਖੇਤਰ ’ਚ ਵੀ ਨਵੀਆਂ ਮੰਜ਼ਿਲਾਂ ਸਰ ਕਰ ਰਹੀਆਂ ਹਨ।