ਸਾਈਕਲ ਯਾਤਰਾ ਕਰਦੇ ਦੋ ਨੌਜਵਾਨ ਜਸਵੰਤ ਸਿੰਘ ਖਾਲੜਾ ਦੇ ਗ੍ਰਹਿ ਪੁੱਜੇ ਸਾਈਕਲ ਯਾਤਰਾ ਕਰਦੇ ਦੋ ਨੌਜਵਾਨ ਭਾਈ ਜਸਵੰਤ ਸਿੰਘ ਖਾਲੜਾ ਦੇ ਗ੍ਰਹਿ ਪੁੱਜੇ
Publish Date: Sat, 28 Nov 2026 06:28 PM (IST)
Updated Date: Sat, 28 Nov 2026 06:31 PM (IST)
ਸਰਬਜੀਤ ਸਿੰਘ ਛੀਨਾ•, ਪੰਜਾਬੀ ਜਾਗਰਣ ਖਾਲੜਾ : ਸਿੱਖ ਇਤਿਹਾਸ ਨਾਲ ਜੁੜੇ ਇਤਿਹਾਸਕ ਸਥਾਨਾਂ ਅਤੇ ਸ਼ਹੀਦਾਂ ਦੇ ਜੱਦੀ ਪਿੰਡਾਂ ਦੀ ਸਾਈਕਲ ਯਾਤਰਾ ਕਰ ਰਹੇ ਦੋ ਨੌਜਵਾਨ ਸਰਹੱਦੀ ਕਸਬਾ ਖਾਲੜਾ ਵਿਖੇ ਪੁੱਜੇ। ਇਸ ਦੌਰਾਨ ਉਨ੍ਹਾਂ ਨੇ ਮਨੁੱਖੀ ਅਧਿਕਾਰਾਂ ਦੇ ਰਾਖੇ ਜਸਵੰਤ ਸਿੰਘ ਖਾਲੜਾ ਦੇ ਗ੍ਰਹਿ ਵਿਖੇ ਨਤਮਸਤਕ ਹੋ ਕੇ ਉਨ੍ਹਾਂ ਦੀ ਯਾਦ ਨੂੰ ਸਿਜਦਾ ਕੀਤਾ। ਇਸ ਮੌਕੇ ਭਾਈ ਅਮਰਜੀਤ ਸਿੰਘ ਖਾਲੜਾ ਦੀ ਅਗਵਾਈ ਹੇਠ ਪਿੰਡ ਵਾਸੀਆਂ ਵੱਲੋਂ ਦੋਵਾਂ ਨੌਜਵਾਨਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਾਈਕਲਿਸਟ ਜਗਤਾਰ ਸਿੰਘ ਵਾਸੀ ਨਰਾਲੀ, ਜ਼ਿਲ੍ਹਾ ਸਿਰਸਾ ਹਰਿਆਣਾ ਨੇ ਦੱਸਿਆ ਕਿ ਉਹ ਹੁਣ ਤਕ ਲਗਭਗ 20 ਹਜ਼ਾਰ ਕਿਲੋਮੀਟਰ ਦੀ ਸਾਈਕਲ ਯਾਤਰਾ ਕਰ ਚੁੱਕੇ ਹਨ। ਇਸੇ ਤਰ੍ਹਾਂ ਮਨਤੇਜ ਸਿੰਘ ਰੁੜਕੀ ਨੇ ਦੱਸਿਆ ਕਿ ਉਹ ਹੁਣ ਤਕ 50 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰ ਚੁੱਕੇ ਹਨ। ਉਨ੍ਹਾਂ ਦੀ ਇਸ ਯਾਤਰਾ ਦਾ ਮੁੱਖ ਮਕਸਦ ਸਿੱਖ ਇਤਿਹਾਸ ਨਾਲ ਸਬੰਧਿਤ ਸਥਾਨਾਂ, ਸ਼ਹੀਦਾਂ ਦੇ ਜੱਦੀ ਪਿੰਡਾਂ ਅਤੇ 1984 ਦੇ ਦੌਰ ਨਾਲ ਜੁੜੇ ਇਤਿਹਾਸਕ ਅਸਥਾਨਾਂ ਦੇ ਦਰਸ਼ਨ ਕਰਨਾ ਹੈ। ਦੋਵਾਂ ਨੌਜਵਾਨਾਂ ਨੇ ਕਿਹਾ ਕਿ ਜਸਵੰਤ ਸਿੰਘ ਖਾਲੜਾ ਦੇ ਗ੍ਰਹਿ ਵਿਖੇ ਪਹੁੰਚਣਾ ਉਨ੍ਹਾਂ ਲਈ ਮਾਣ ਅਤੇ ਭਾਵੁਕਤਾ ਭਰਿਆ ਪਲ ਹੈ। ਇਸ ਦੌਰਾਨ ਉਨ੍ਹਾਂ ਨੇ ਪਰਿਵਾਰ ਦੀ ਫੋਟੋ ਗੈਲਰੀ ਅਤੇ ਹੋਰ ਯਾਦਗਾਰਾਂ ਨੂੰ ਵੀ ਗਹੁ ਨਾਲ ਦੇਖਿਆ। ਅਖੀਰ ’ਚ ਉਨ੍ਹਾਂ ਨੇ ਖਾਲੜਾ ਵਾਸੀਆਂ ਵੱਲੋਂ ਦਿੱਤੇ ਪਿਆਰ ਅਤੇ ਸਨਮਾਨ ਲਈ ਧੰਨਵਾਦ ਕੀਤਾ।