ਪੰਜਾਬ ਸਰਕਾਰ ਦੀ ਲਾਰਿਆਂ ਵਾਲੀ ਨੀਤੀ ਤੋਂ ਖ਼ਫ਼ਾ ਹਨ ਐੱਨਐੱਚਐੱਮ ਮੁਲਾਜ਼ਮ : ਮਨਦੀਪ ਸਿੰਘ ਪੰਜਾਬ ਸਰਕਾਰ ਦੀ ਲਾਰਿਆਂ ਵਾਲੀ ਨੀਤੀ ਤੋਂ ਖ਼ਫ਼ਾ ਹਨ ਐੱਨਐੱਚਐੱਮ ਕਰਮਚਾਰੀ : ਮਨਦੀਪ ਸਿੰਘ
Publish Date: Sat, 28 Nov 2026 06:21 PM (IST)
Updated Date: Sat, 28 Nov 2026 06:22 PM (IST)
ਐੱਨਐੱਚਐੱਮ ਯੂਨੀਅਨ ਨੇ ਪੰਜਾਬ ਸਰਕਾਰ ਖ਼ਿਲਾਫ਼ ਤਰਨਤਾਰਨ ’ਚ ਕੱਢਿਆ ਰੋਸ ਮਾਰਚ ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਲੰਮੇ ਸਮੇਂ ਤੋਂ ਰੈਗੂਲਰ ਹੋਣ ਲਈ ਸੰਘਰਸ਼ ਕਰ ਰਹੇ ਐੱਨਐੱਚਐੱਮ ਸਿਹਤ ਮੁਲਾਜ਼ਮ ਪੰਜਾਬ ਸਰਕਾਰ ਦੀ ਲਾਰਿਆਂ ਵਾਲੀ ਨੀਤੀ ਤੋਂ ਖ਼ਫ਼ਾ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਐੱਨਐੱਚਐੱਮ ਯੂਨੀਅਨ ਤਰਨਤਾਰਨ ਦੇ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਨੇ ਤਰਨਤਾਰਨ ਵਿਖੇ ਰੋਸ ਮਾਰਚ ਕੱਢਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀਆਂ ਉਮਰਾਂ ਸੰਘਰਸ਼ ਕਰਦਿਆਂ ਲੰਘ ਗਈਆਂ ਹਨ। ਪਹਿਲਾਂ ਰਵਾਇਤੀ ਪਾਰਟੀਆਂ ਵੱਲੋਂ ਉਨ੍ਹਾਂ ਦਾ ਰੱਜ ਕੇ ਸ਼ੋਸ਼ਣ ਕੀਤਾ ਗਿਆ ਅਤੇ ਰੈਗੂਲਰ ਕਰਨ ਦੇ ਲਾਰੇ ਲਾ ਕੇ ਸਮਾਂ ਲੰਘਾ ਦਿੱਤਾ ਗਿਆ। ਹੁਣ ਪੰਜਾਬ ਦੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੀ ਉਨ੍ਹਾਂ ਨੂੰ ਟਰਕਾ ਕੇ ਸਮਾਂ ਲੰਘਾ ਰਹੀ ਹੈ। ਪ੍ਰਧਾਨ ਮਨਦੀਪ ਸਿੰਘ ਨੇ ਦੱਸਿਆ ਕਿ ਵੋਟਾਂ ਸਮੇਂ ਮੁੱਖ ਮੰਤਰੀ ਭਗਵੰਤ ਮਾਨ, ਉਨ੍ਹਾਂ ਦੇ ਮੰਤਰੀ ਤੇ ਵਿਧਾਇਕ ਉਨ੍ਹਾਂ ਦੇ ਧਰਨਿਆਂ ’ਚ ਬੈਠ ਕੇ ਉਸ ਸਮੇਂ ਦੀਆਂ ਸਰਕਾਰਾਂ ਨੂੰ ਕੋਸਦੇ ਸਨ ਕਿ ਉਹ ਮੁਲਾਜ਼ਮਾਂ ਨਾਲ ਧੱਕਾ ਕਰ ਰਹੀਆਂ ਹਨ। ਉਨ੍ਹਾਂ ਵਾਅਦਾ ਕੀਤਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ’ਚ ਆਉਣ ’ਤੇ ਐੱਨਐੱਚਐੱਮ ਮੁਲਾਜ਼ਮਾਂ ਨੂੰ ਤੁਰੰਤ ਰੈਗੂਲਰ ਕਰਕੇ ਪੇਅ ਸਕੇਲ ਦਿੱਤੇ ਜਾਣਗੇ, ਪਰ ਅਫ਼ਸੋਸ ਦੀ ਗੱਲ ਹੈ ਕਿ ਮਾਨ ਸਰਕਾਰ ਵੀ ਲਾਰਿਆਂ ਵਾਲੀ ਨੀਤੀ ਅਪਣਾ ਕੇ ਵਾਰ-ਵਾਰ ਮੀਟਿੰਗਾਂ ਦੇ ਲਾਰੇ ਲਾ ਰਹੀ ਹੈ। ਉਨ੍ਹਾਂ ਮਾਨ ਸਰਕਾਰ ਨੂੰ ਸਖ਼ਤ ਸ਼ਬਦਾਂ ’ਚ ਚਿਤਾਵਨੀ ਦਿੱਤੀ ਕਿ ਜੇਕਰ ਕੁਝ ਦਿਨਾਂ ਦੇ ਅੰਦਰ ਐੱਨਐੱਚਐੱਮ ਮੁਲਾਜ਼ਮਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦੇਣ, ਰੈਗੂਲਰ ਕਰਨ ਜਾਂ ਪੇਅ ਸਕੇਲ ਦੇਣ ਸਬੰਧੀ ਨੋਟੀਫਿਕੇਸ਼ਨ ਜਾਰੀ ਨਾ ਕੀਤਾ ਗਿਆ ਤਾਂ ਭੁੱਖ ਹੜਤਾਲ ਤੇ ਮਰਨ ਵਰਤ ਦਾ ਸੰਘਰਸ਼ ਵਿੱਢਿਆ ਜਾਵੇਗਾ ਅਤੇ ਵੱਡੇ ਪੱਧਰ ’ਤੇ ਰੈਲੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਸਿਵਲ ਹਸਪਤਾਲ ਵਿਖੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਮਾਰਚ ਕੱਢਿਆ ਗਿਆ। ਇਸ ਮੌਕੇ ਰਵਿੰਦਰ ਕੌਰ ਸੀਐੱਚਓ, ਜੈਸਮੀਨ ਕੌਰ ਸੀਐੱਚਓ, ਪ੍ਰਭਜੋਤ ਕੌਰ ਸੀਐੱਚਓ, ਸੁਪਰੀਤ ਕੌਰ ਸੀਐੱਚਓ, ਰਮਨਦੀਪ ਕੌਰ ਸੀਐੱਚਓ ਕੈਰੋਂ, ਜੁਗਰਾਜ ਸਿੰਘ, ਵਿਦਿਆ ਦੇਵੀ, ਅਮਰਜੀਤ ਕੌਰ ਸੀਐੱਚਓ ਖੇਮਕਰਨ, ਕੁਲਵੰਤ ਕੌਰ, ਹਰਪ੍ਰੀਤ ਕੌਰ, ਨਵਜੋਤ ਕੌਰ ਸਰਹਾਲੀ, ਜੈਸਮੀਨ ਕੌਰ, ਜੀਵਨਜੋਤ ਸਿੰਘ, ਰਵਿੰਦਰ ਕੌਰ, ਮਨਦੀਪ ਕੌਰ ਸੀਐੱਚਓ ਝਬਾਲ, ਮਨਜਿੰਦਰ ਸਿੰਘ, ਪ੍ਰਵੀਨ ਕੌਰ, ਪ੍ਰਭਜੀਤ ਕੌਰ ਸੁਰਸਿੰਘ, ਜਗਦੀਪ ਕੌਰ, ਗੁਰਪ੍ਰੀਤ ਕੌਰ, ਡਾ. ਅਮਨ, ਯੋਗੇਸ਼ ਗਿੱਲ, ਡਾ. ਸ਼ਰਨ ਕਸੇਲ, ਡਾ. ਚੰਦਨ ਸ਼ਰਮਾ ਘਰਿਆਲਾ, ਡਾ. ਗੁਰਸ਼ਰਨ ਸਿੰਘ, ਤਰੁਣ, ਸੰਦੀਪ ਸਿੰਘ ਸੀਓ, ਕੰਵਲਜੀਤ ਕੌਰ ਡੀਐੱਸਏ, ਸਿਮਰਜੀਤ ਸਿੰਘ, ਆਰੂਸ਼ ਭੱਲਾ, ਕੋਮਲਜੀਤ ਕੌਰ, ਰਜਿੰਦਰ ਸਿੰਘ, ਕਮਲਜੀਤ ਕੌਰ, ਮਨਿੰਦਰ ਕੌਰ ਤੇ ਮਨਿੰਦਰਪ੍ਰੀਤ ਕੌਰ ਸਮੇਤ ਐੱਨਐੱਚਐੱਮ ਮੁਲਾਜ਼ਮ ਹਾਜ਼ਰ ਸਨ।