ਫੋਕਲ ਪੁਆਇੰਟ ਘਰਿਆਲਾ ਦੀ ਬਦਹਾਲੀ ਨੇ ਖੋਲ੍ਹੀ ਸਰਕਾਰੀ ਦਾਅਵਿਆਂ ਦੀ ਪੋਲ ਫੋਕਲ ਪੁਆਇੰਟ ਘਰਿਆਲਾ ਦੀ ਬਦਹਾਲੀ ਨੇ ਖੋਲ੍ਹੀ ਸਰਕਾਰੀ ਦਾਅਵਿਆਂ ਦੀ ਪੋਲ
Publish Date: Fri, 27 Nov 2026 06:33 PM (IST)
Updated Date: Fri, 27 Nov 2026 06:34 PM (IST)
ਕਦੇ ਲੋਕਾਂ ਦੀ ਸਹੂਲਤ ਦਾ ਹੁੰਦਾ ਸੀ ਕੇਂਦਰ, ਅੱਜ ਬਣਿਆ ਨਸ਼ੇੜੀਆਂ ਦਾ ਅੱਡਾ ਰਾਜਵਿੰਦਰ ਸਿੰਘ ਰਾਜੂ•, ਪੰਜਾਬੀ ਜਾਗਰਣ ਵਲਟੋਹਾ : ਇਲਾਕੇ ਦੇ ਕਿਸਾਨਾਂ, ਆਮ ਲੋਕਾਂ ਤੇ ਵੱਖ-ਵੱਖ ਪਿੰਡਾਂ ਦੇ ਵਸਨੀਕਾਂ ਦੀ ਸਹੂਲਤ ਲਈ ਬਣਾਇਆ ਗਿਆ ਫੋਕਲ ਪੁਆਇੰਟ ਘਰਿਆਲਾ ਅੱਜ ਆਪਣੀ ਹੋਂਦ ਬਚਾਉਣ ਲਈ ਸੰਘਰਸ਼ ਕਰਦਾ ਨਜ਼ਰ ਆ ਰਿਹਾ ਹੈ। ਜਿਸ ਫੋਕਲ ਪੁਆਇੰਟ ’ਚ ਕਦੇ ਲੋਕਾਂ ਦੇ ਕੰਮਕਾਜ ਹੁੰਦੇ ਸਨ, ਵੱਖ-ਵੱਖ ਪਿੰਡਾਂ ਦੇ ਪਟਵਾਰੀ ਅਤੇ ਨਵਾਦਾ ਬੈਠਦੇ ਸਨ ਤੇ ਲੋਕ ਆਪਣੀਆਂ ਸਰਕਾਰੀ ਸਹੂਲਤਾਂ ਦਾ ਲਾਭ ਲੈਂਦੇ ਸਨ, ਓਹੀ ਫੋਕਲ ਪੁਆਇੰਟ ਅੱਜ ਸਰਕਾਰੀ ਅਣਦੇਖੀ, ਬੇਰੁਖ਼ੀ ਤੇ ਲਾਪਰਵਾਹੀ ਦੀ ਜਿਉਂਦੀ-ਜਾਗਦੀ ਮਿਸਾਲ ਬਣ ਕੇ ਰਹਿ ਗਿਆ ਹੈ। ਹਾਲਾਤ ਇੱਥੋਂ ਤਕ ਪਹੁੰਚ ਚੁੱਕੇ ਹਨ ਕਿ ਇਹ ਸਥਾਨ ਕਥਿਤ ਤੌਰ ’ਤੇ ਨਸ਼ੇੜੀਆਂ ਦੀ ਪਨਾਹਗਾਹ ਬਣਦਾ ਜਾ ਰਿਹਾ ਹੈ ਤੇ ਨਸ਼ੇ ਦੀ ਪੂਰਤੀ ਲਈ ਚੋਰੀ ਦੀਆਂ ਵਾਰਦਾਤਾਂ ਹੋਣ ਦੀਆਂ ਸ਼ਿਕਾਇਤਾਂ ਵੀ ਸਾਹਮਣੇ ਆ ਰਹੀਆਂ ਹਨ। ਫੋਕਲ ਪੁਆਇੰਟ ਘਰਿਆਲਾ ਦੀ ਮੌਜੂਦਾ ਹਾਲਤ ਨੂੰ ਦੇਖ ਕੇ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਸਰਕਾਰੀ ਇਮਾਰਤਾਂ ਦੀ ਦੇਖਭਾਲ ਤੇ ਸਾਂਭ-ਸੰਭਾਲ ਪ੍ਰਤੀ ਅਣਗਹਿਲੀ ਵਰਤੀ ਜਾਂਦੀ ਹੈ। ਇਮਾਰਤਾਂ ਦੀ ਹਾਲਤ ਬੇਹੱਦ ਖ਼ਸਤਾ ਹੋ ਚੁੱਕੀ ਹੈ। ਸੁਰੱਖਿਆ ਪ੍ਰਬੰਧਾਂ ਦੀ ਘਾਟ ਦਾ ਫਾਇਦਾ ਉਠਾਉਂਦਿਆਂ ਚੋਰਾਂ ਵੱਲੋਂ ਇਮਾਰਤਾਂ ਦੇ ਬੂਹੇ-ਬਾਰੀਆਂ ਤੱਕ ਚੋਰੀ ਕਰ ਲਏ ਜਾਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ----------- ਬਾਕਸ- 2001 ’ਚ ਰੱਖਿਆ ਗਿਆ ਸੀ ਨੀਂਹ ਪੱਥਰ, ਲੋਕਾਂ ਨੂੰ ਸਨ ਵੱਡੀਆਂ ਉਮੀਦਾਂ ਜ਼ਿਕਰਯੋਗ ਹੈ ਕਿ ਸਾਲ 2001 ’ਚ ਤਤਕਾਲੀ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵੱਲੋਂ ਫੋਕਲ ਪੁਆਇੰਟ ਘਰਿਆਲਾ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਉਸ ਸਮੇਂ ਇਸ ਕੇਂਦਰ ਦੀ ਸਥਾਪਨਾ ਨਾਲ ਇਲਾਕੇ ਦੇ ਕਿਸਾਨਾਂ ਤੇ ਆਮ ਲੋਕਾਂ ਨੂੰ ਵੱਡੀਆਂ ਉਮੀਦਾਂ ਸਨ। ਇਸ ਦਾ ਮਕਸਦ ਲੋਕਾਂ ਨੂੰ ਇੱਕੋ ਥਾਂ ’ਤੇ ਵੱਖ-ਵੱਖ ਸਰਕਾਰੀ ਸਹੂਲਤਾਂ ਮੁਹੱਈਆ ਕਰਵਾਉਣਾ ਤੇ ਕਿਸਾਨਾਂ ਦੇ ਕੰਮਕਾਜ ਨੂੰ ਆਸਾਨ ਬਣਾਉਣਾ ਸੀ। ਇਕ ਸਮਾਂ ਅਜਿਹਾ ਵੀ ਸੀ ਜਦੋਂ ਇਥੇ ਆਲੇ-ਦੁਆਲੇ ਦੇ ਵੱਖ-ਵੱਖ ਪਿੰਡਾਂ ਦੇ ਪਟਵਾਰੀ ਤੇ ਨਵਾਦਾ ਬੈਠਦੇ ਸਨ। ਲੋਕ ਆਪਣੇ ਜ਼ਮੀਨੀ ਤੇ ਹੋਰ ਕੰਮਾਂ ਲਈ ਇਥੇ ਪਹੁੰਚਦੇ ਸਨ, ਪਰ ਅੱਜ ਉਹੀ ਸਥਾਨ ਵੀਰਾਨ ਪਿਆ ਹੈ। --------- ਬਾਕਸ- ਸਰਕਾਰਾਂ ਬਦਲਦੀਆਂ ਰਹੀਆਂ ਪਰ ਫੋਕਲ ਪੁਆਇੰਟ ਦੀ ਕਿਸੇ ਨੇ ਨਹੀਂ ਲਈ ਸਾਰ ਇਸ ਫੋਕਲ ਪੁਆਇੰਟ ਦੀ ਬਦਤਰ ਹਾਲਤ ਕੋਈ ਇਕ ਦਿਨ ’ਚ ਨਹੀਂ ਹੋਈ, ਸਗੋਂ ਸਮੇਂ ਦੇ ਨਾਲ ਲਗਾਤਾਰ ਅਣਦੇਖੀ ਦਾ ਨਤੀਜਾ ਹੈ। ਸਮੇਂ-ਸਮੇਂ ਦੀਆਂ ਸਰਕਾਰਾਂ ਬਦਲਦੀਆਂ ਰਹੀਆਂ, ਵਿਕਾਸ ਦੇ ਵੱਡੇ-ਵੱਡੇ ਦਾਅਵੇ ਵੀ ਹੁੰਦੇ ਰਹੇ ਪਰ ਫੋਕਲ ਪੁਆਇੰਟ ਘਰਿਆਲਾ ਦੀ ਹਾਲਤ ਸੁਧਾਰਨ ਲਈ ਕੋਈ ਠੋਸ ਉਪਰਾਲਾ ਹੁੰਦਾ ਨਜ਼ਰ ਨਹੀਂ ਆਇਆ। ਜੇਕਰ ਸਮੇਂ ਸਿਰ ਇਸ ਦੀ ਮੁਰੰਮਤ, ਸਫ਼ਾਈ ਤੇ ਸੁਰੱਖਿਆ ਵੱਲ ਧਿਆਨ ਦਿੱਤਾ ਜਾਂਦਾ ਤਾਂ ਅੱਜ ਇਸ ਕੀਮਤੀ ਸਰਕਾਰੀ ਸੰਪਤੀ ਦੀ ਇਹ ਹਾਲਤ ਨਾ ਹੁੰਦੀ। ਜਦੋਂ ਇਕ ਸਰਕਾਰੀ ਫੋਕਲ ਪੁਆਇੰਟ ਵਿੱਚੋਂ ਬੂਹੇ-ਬਾਰੀਆਂ ਤਕ ਚੋਰੀ ਹੋ ਜਾਣ ਤਾਂ ਸਬੰਧਿਤ ਵਿਭਾਗ ਦੀ ਨਿਗਰਾਨੀ ਅਤੇ ਸੁਰੱਖਿਆ ਪ੍ਰਬੰਧਾਂ ਬਾਰੇ ਜਵਾਬਦੇਹੀ ਤੈਅ ਹੋਣੀ ਲਾਜ਼ਮੀ ਹੈ। ---------- ਬਾਕਸ- ਕਿਸਾਨ ਆਗੂ ਜਥੇਦਾਰ ਬੂਟਾ ਸਿੰਘ ਨੇ ਚੁੱਕਿਆ ਮੁੱਦਾ ਇਸ ਸਬੰਧੀ ਕਿਸਾਨ ਆਗੂ ਜਥੇਦਾਰ ਬੂਟਾ ਸਿੰਘ ਨੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਫੋਕਲ ਪੁਆਇੰਟ ਘਰਿਆਲਾ ਦੀ ਮੌਜੂਦਾ ਹਾਲਤ ਬੇਹੱਦ ਚਿੰਤਾਜਨਕ ਹੈ। ਲੋਕਾਂ ਦੀ ਸਹੂਲਤ ਲਈ ਬਣਾਇਆ ਗਿਆ ਇਹ ਕੇਂਦਰ ਅੱਜ ਸਰਕਾਰੀ ਅਣਦੇਖੀ ਕਾਰਨ ਬੇਕਾਰ ਹੋ ਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਇਥੇ ਕਦੇ ਵੱਖ-ਵੱਖ ਪਿੰਡਾਂ ਦੇ ਪਟਵਾਰੀ ਤੇ ਨਵਾਦਾ ਬੈਠਦੇ ਸਨ, ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਸਹੂਲਤ ਮਿਲਦੀ ਸੀ, ਪਰ ਅੱਜ ਇਮਾਰਤ ਦੀ ਹਾਲਤ ਅਤੇ ਸੁਰੱਖਿਆ ਪ੍ਰਬੰਧਾਂ ਦੀ ਘਾਟ ਕਾਰਨ ਇਹ ਸਥਾਨ ਆਪਣੀ ਮਹੱਤਤਾ ਗੁਆ ਚੁੱਕਾ ਹੈ। ਉਨ੍ਹਾਂ ਮੰਗ ਕੀਤੀ ਕਿ ਫੋਕਲ ਪੁਆਇੰਟ ਦੀ ਮੌਜੂਦਾ ਹਾਲਤ ਦਾ ਤੁਰੰਤ ਜਾਇਜ਼ਾ ਲਿਆ ਜਾਵੇ, ਚੋਰੀ ਹੋਈ ਸਰਕਾਰੀ ਸੰਪਤੀ ਸਬੰਧੀ ਜਾਂਚ ਕਰਵਾਈ ਜਾਵੇ, ਇਮਾਰਤ ਦੀ ਮੁਰੰਮਤ ਕੀਤੀ ਜਾਵੇ ਅਤੇ ਇਸ ਨੂੰ ਮੁੜ ਲੋਕਾਂ ਦੀ ਸਹੂਲਤ ਲਈ ਚਾਲੂ ਕੀਤਾ ਜਾਵੇ। --------- ਬਾਕਸ- ਵਿਧਾਇਕ ਧੁੰਨ ਨੇ ਕਿਹਾ, ਮੰਡੀ ਬੋਰਡ ਤੋਂ ਮੰਗੀ ਜਾਵੇਗੀ ਰਿਪੋਰਟ ਉੱਧਰ ਹਲਕਾ ਖੇਮਕਰਨ ਦੇ ਵਿਧਾਇਕ ਸਰਵਨ ਸਿੰਘ ਧੁੰਨ ਨੇ ਇਸ ਮਾਮਲੇ ਸਬੰਧੀ ਕਿਹਾ ਕਿ ਫੋਕਲ ਪੁਆਇੰਟ ਘਰਿਆਲਾ ਦੀ ਮੌਜੂਦਾ ਸਥਿਤੀ ਬਾਰੇ ਮੰਡੀ ਬੋਰਡ ਦੇ ਅਧਿਕਾਰੀਆਂ ਕੋਲੋਂ ਰਿਪੋਰਟ ਮੰਗੀ ਜਾਵੇਗੀ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਤੋਂ ਇਸ ਸਥਾਨ ਦੀ ਮੌਜੂਦਾ ਹਾਲਤ, ਇਮਾਰਤ ਨੂੰ ਹੋਏ ਨੁਕਸਾਨ ਅਤੇ ਇਸ ਦੀ ਸਾਂਭ-ਸੰਭਾਲ ਸਬੰਧੀ ਜਾਣਕਾਰੀ ਲਈ ਜਾਵੇਗੀ, ਤਾਂ ਜੋ ਰਿਪੋਰਟ ਦੇ ਆਧਾਰ ’ਤੇ ਅਗਲੀ ਲੋੜੀਂਦੀ ਕਾਰਵਾਈ ਕੀਤੀ ਜਾ ਸਕੇ।