ਕਾਂਗਰਸੀਆਂ ਦੇ ਇਕੱਠ ਮਗਰੋਂ ਪੁਲਿਸ ਨੇ ਕੇਸ ’ਚ ਜੋੜੀਆਂ ਕਤਲ ਦੀਆਂ ਧਾਰਾਵਾਂ ਕਾਂਗਰਸੀਆਂ ਦੇ ਇਕੱਠ ਤੋਂ ਬਾਅਦ ਪੁਲਿਸ ਨੇ ਕੇਸ ’ਚ ਜੋੜੀਆਂ ਕਤਲ ਦੀਆਂ ਧਾਰਾਵਾਂ
Publish Date: Fri, 27 Nov 2026 05:33 PM (IST)
Updated Date: Fri, 27 Nov 2026 05:34 PM (IST)
ਸਹੁਰੇ ਪਰਿਵਾਰ ਦੀ ਕਥਿਤ ਕੁੱਟਮਾਰ ਕਾਰਨ ਨੌਜਵਾਨ ਦੀ ਮੌਤ ਦਾ ਮਾਮਲਾ ਤੇਜਿੰਦਰ ਸਿੰਘ ਬੱਬੂ•, ਪੰਜਾਬੀ ਜਾਗਰਣ ਝਬਾਲ : ਪਿੰਡ ਝਬਾਲ ਦੇ ਇਕ ਨੌਜਵਾਨ ਦੀ ਕਥਿਤ ਤੌਰ ’ਤੇ ਉਸ ਦੇ ਸਹੁਰੇ ਪਰਿਵਾਰ ਵੱਲੋਂ ਕੀਤੀ ਗਈ ਕੁੱਟਮਾਰ ਤੋਂ ਬਾਅਦ ਇਲਾਜ ਦੌਰਾਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਮ੍ਰਿਤਕ ਦੀ ਪਛਾਣ ਅਮਰਬੀਰ ਸਿੰਘ ਪੁੱਤਰ ਸ਼ਿੰਦਰ ਸਿੰਘ ਵਾਸੀ ਝਬਾਲ ਵਜੋਂ ਹੋਈ ਹੈ। ਇਸ ਘਟਨਾ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ’ਤੇ ਕਾਰਵਾਈ ਨਾ ਕਰਨ ਦੇ ਦੋਸ਼ ਲਗਾਉਂਦਿਆਂ ਮ੍ਰਿਤਕ ਦੀ ਦੇਹ ਝਬਾਲ ਚੌਂਕ ’ਚ ਰੱਖ ਕੇ ਧਰਨਾ ਦਿੱਤਾ ਸੀ। ਪਰਿਵਾਰ ਦਾ ਦੋਸ਼ ਸੀ ਕਿ ਚਾਰ ਦਿਨ ਬੀਤ ਜਾਣ ਦੇ ਬਾਵਜੂਦ ਪੁਲਿਸ ਨੇ ਉਨ੍ਹਾਂ ਦੀ ਦਰਖਾਸਤ ਦੇ ਆਧਾਰ ’ਤੇ ਨਾਮਜ਼ਦ ਵਿਅਕਤੀਆਂ ਦੇ ਨਾਂ ਕੇਸ ’ਚ ਸ਼ਾਮਿਲ ਨਹੀਂ ਕੀਤੇ, ਨਾ ਹੀ ਪਹਿਲਾਂ ਦਰਜ ਮਾਮਲੇ ਨੂੰ ਕਤਲ ਦੇ ਕੇਸ ’ਚ ਤਬਦੀਲ ਕੀਤਾ ਗਿਆ। ਇਸੇ ਕਾਰਨ ਪਰਿਵਾਰ ਵੱਲੋਂ ਅਜੇ ਤਕ ਮ੍ਰਿਤਕ ਦਾ ਸਸਕਾਰ ਨਹੀਂ ਕੀਤਾ ਗਿਆ ਸੀ। ਇਸ ਮਾਮਲੇ ਨੂੰ ਲੈ ਕੇ ਕਾਂਗਰਸ ਦੇ ਹਲਕਾ ਇੰਚਾਰਜ ਕਰਨਬੀਰ ਸਿੰਘ ਬੁਰਜ ਆਪਣੇ ਵਰਕਰਾਂ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਸਮੇਤ ਥਾਣਾ ਝਬਾਲ ਪਹੁੰਚੇ। ਉਨ੍ਹਾਂ ਵੱਲੋਂ ਮ੍ਰਿਤਕ ਦੀ ਦੇਹ ਥਾਣੇ ਅੱਗੇ ਰੱਖ ਕੇ ਮੁੜ ਧਰਨਾ ਲਗਾਉਣ ਦਾ ਫੈਸਲਾ ਕੀਤਾ ਗਿਆ। ਇਸ ਦੌਰਾਨ ਮੌਕੇ ’ਤੇ ਪਹੁੰਚੇ ਡੀਐੱਸਪੀ ਅਮੋਲਕ ਸਿੰਘ, ਥਾਣਾ ਮੁਖੀ ਜਗਰਾਜ ਸਿੰਘ ਅਤੇ ਥਾਣਾ ਮੁਖੀ ਬਲਜਿੰਦਰ ਸਿੰਘ ਬਾਜਵਾ ਨੇ ਪਰਿਵਾਰ ਨਾਲ ਗੱਲਬਾਤ ਕੀਤੀ। ਇਸ ਉਪਰੰਤ ਪੁਲਿਸ ਨੇ ਕੇਸ ’ਚ ਵਾਧਾ ਕਰਦਿਆਂ ਪਰਿਵਾਰ ਵੱਲੋਂ ਦੱਸੇ ਗਏ ਟਿੰਕੂ ਪੁੱਤਰ ਹੀਰਾ ਸਿੰਘ ਮੰਨਣ, ਅਰਸ਼ਦੀਪ ਕੌਰ, ਹਰਦੀਪ ਸਿੰਘ, ਮਨਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਦੇ ਨਾਂ ਸ਼ਾਮਿਲ ਕਰਕੇ ਪਹਿਲਾਂ ਦਰਜ ਧਾਰਾ 174 ਤਹਿਤ ਮਾਮਲੇ ’ਚ ਕਤਲ ਨਾਲ ਸਬੰਧਿਤ ਧਾਰਾਵਾਂ ਦਾ ਵਾਧਾ ਕੀਤਾ ਅਤੇ ਜਾਂਚ ਸ਼ੁਰੂ ਕਰ ਦਿੱਤੀ। ਇਸ ਕਾਰਵਾਈ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਰਨਬੀਰ ਸਿੰਘ ਬੁਰਜ ਦਾ ਧੰਨਵਾਦ ਕੀਤਾ। ਇਸ ਮੌਕੇ ਕਾਂਗਰਸ ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਲਾਲੀ, ਬਲਾਕ ਪ੍ਰਧਾਨ ਨੌਨਿਹਾਲ ਸਿੰਘ ਕਸੇਲ, ਸਾਬਕਾ ਚੇਅਰਮੈਨ ਰਮਨ ਕੁਮਾਰ, ਸਾਬਕਾ ਚੇਅਰਮੈਨ ਬਲਵਿੰਦਰ ਸਿੰਘ ਗੱਗੋਬੂਹਾ, ਨਿੰਪੀ ਸੂਦ, ਪ੍ਰਧਾਨ ਅਸ਼ੋਕ ਕੁਮਾਰ ਝਬਾਲ, ਸਰਪੰਚ ਗੁਰਚਰਨ ਸਿੰਘ, ਕੁਲਬੀਰ ਸਿੰਘ ਕੋਟ, ਸਾਬਕਾ ਸਰਪੰਚ ਅਮਰਜੀਤ ਸਿੰਘ ਬਘੇਲ ਸਿੰਘ ਵਾਲਾ, ਬਿੱਲਾ ਬਘੇਲ ਸਿੰਘ ਵਾਲਾ ਸਮੇਤ ਵੱਡੀ ਗਿਣਤੀ ’ਚ ਕਾਂਗਰਸੀ ਵਰਕਰ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ।