ਅੱਜ ਰਾਤ 8 ਵਜੇ ਐੱਸਡੀਐੱਮ ਦਫ਼ਤਰ ’ਚ ਹੋਵੇਗੀ ਬਲੈਕਆਊਟ ਮੌਕ ਐਕਸਰਸਾਈਜ਼ ਅੱਜ ਰਾਤ 8 ਵਜੇ ਐੱਸਡੀਐੱਮ ਦਫ਼ਤਰ ’ਚ ਹੋਵੇਗੀ ਬਲੈਕਆਊਟ ਮੌਕ ਐਕਸਰਸਾਈਜ਼
Publish Date: Thu, 26 Nov 2026 08:04 PM (IST)
Updated Date: Thu, 26 Nov 2026 08:07 PM (IST)
ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ, ਤਰਨਤਾਰਨ : ਸਿਵਲ ਡਿਫੈਂਸ ਦੀਆਂ ਤਿਆਰੀਆਂ ਨੂੰ ਹੋਰ ਮਜ਼ਬੂਤ ਕਰਨ ਤੇ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਦੀ ਸਮਰੱਥਾ ਪਰਖਣ ਲਈ ਅੱਜ ਸ਼ੁਕਰਵਾਰ ਨੂੰ ਰਾਤ 8 ਵਜੇ ਐੱਸਡੀਐੱਮ ਦਫ਼ਤਰ ਤਰਨਤਾਰਨ ’ਚ ਸਾਲ 2026 ਦੀ ਦੂਜੀ ਸਿਵਲ ਡਿਫੈਂਸ ਏਅਰ ਰੇਡ ਬਲੈਕਆਊਟ ਮੌਕ ਐਕਸਰਸਾਈਜ਼ ਕਰਵਾਈ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਨਿਰਮਲ ਓਸੇਪਚਨ ਨੇ ਦੱਸਿਆ ਕਿ ਇਹ ਅਭਿਆਸ ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਵਿਭਾਗ ਵੱਲੋਂ ਸਿਵਲ, ਪੁਲਿਸ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੌਕ ਐਕਸਰਸਾਈਜ਼ ਦੀ ਸ਼ੁਰੂਆਤ ਏਅਰ ਰੇਡ ਚੇਤਾਵਨੀ ਸਿਗਨਲ ਨਾਲ ਹੋਵੇਗੀ, ਜੋ ਦੋ ਮਿੰਟ ਲਈ ਉੱਚੀ-ਨੀਵੀਂ ਪਿੱਚ ਵਾਲੇ ਸਾਇਰਨ ਰਾਹੀਂ ਦਿੱਤਾ ਜਾਵੇਗਾ। ਇਸ ਦੌਰਾਨ ਐੱਸਡੀਐੱਮ ਦਫ਼ਤਰ ਦੇ ਨਾਲ ਲੱਗਦੇ ਖੇਤਰ ਵਿੱਚ ਬਲੈਕਆਊਟ ਲਾਗੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੌਕ ਐਕਸਰਸਾਈਜ਼ ਦੀ ਸਮਾਪਤੀ ’ਤੇ ਦੋ ਮਿੰਟ ਲਈ ਲਗਾਤਾਰ ਉੱਚੀ ਪਿੱਚ ਵਾਲਾ ਸਾਇਰਨ ਵਜਾਇਆ ਜਾਵੇਗਾ, ਜੋ ‘ਸਭ ਠੀਕ ਹੈ’ ਦਾ ਸੰਕੇਤ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਅਭਿਆਸ ਦੌਰਾਨ ਫਾਇਰ ਰਿਸਪਾਂਸ, ਸਰਚ ਐਂਡ ਰੈਸਕਿਊ, ਫਸਟ ਏਡ ਅਤੇ ਮੈਡੀਕਲ ਸਹਾਇਤਾ, ਜ਼ਖ਼ਮੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਅਤੇ ਟ੍ਰੈਫਿਕ ਤੇ ਭੀੜ ਨੂੰ ਕੰਟਰੋਲ ਕਰਨ ਸਬੰਧੀ ਕਾਰਵਾਈਆਂ ਦਾ ਅਭਿਆਸ ਕੀਤਾ ਜਾਵੇਗਾ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੌਕ ਡਰਿੱਲ ਦੌਰਾਨ ਕਿਸੇ ਵੀ ਤਰ੍ਹਾਂ ਘਬਰਾਉਣ ਨਾ, ਕਿਉਂਕਿ ਇਹ ਸਿਵਲ ਡਿਫੈਂਸ ਦੀਆਂ ਤਿਆਰੀਆਂ ਅਤੇ ਐਮਰਜੈਂਸੀ ਪ੍ਰਬੰਧਾਂ ਦੀ ਜਾਂਚ ਲਈ ਕੀਤਾ ਜਾਣ ਵਾਲਾ ਨਿਯਮਿਤ ਅਭਿਆਸ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਮੌਕ ਡਰਿੱਲਾਂ ਦਾ ਮਕਸਦ ਕਿਸੇ ਵੀ ਸੰਭਾਵੀ ਹੰਗਾਮੀ ਸਥਿਤੀ ਵਿਚ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਵੱਖ-ਵੱਖ ਵਿਭਾਗਾਂ ਵਿਚਕਾਰ ਤਾਲਮੇਲ ਨੂੰ ਹੋਰ ਬਿਹਤਰ ਬਣਾਉਣਾ ਹੈ।