ਭਾਜਪਾ ਹਲਕਾ ਇੰਚਾਰਜ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਹੋਈ ਵਿਸ਼ੇਸ਼ ਮੀਟਿੰਗ, ਗੱਠਜੋੜ ਦਾ ਫ਼ੈਸਲਾ ਕੀਤਾ ਸਿਰ ਮੱਥੇ ਪ੍ਰਵਾਨ ਭਾਜਪਾ ਹਲਕਾ ਇੰਚਾਰਜ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਹੋਈ ਵਿਸ਼ੇਸ਼ ਮੀਟਿੰਗ, ਗੱਠਜੋੜ ਦਾ ਫ਼ੈਸਲਾ ਕੀਤਾ ਸਿਰ ਮੱਥੇ ਪ੍ਰਵਾਨ
Publish Date: Thu, 26 Nov 2026 06:32 PM (IST)
Updated Date: Thu, 26 Nov 2026 06:34 PM (IST)
ਅਕਾਲੀ-ਭਾਜਪਾ ਗੱਠਜੋੜ ਦੇ ਐਲਾਨ ਨਾਲ ਹਲਕਾ ਤਰਨਤਾਰਨ ਦੀ ਭਾਜਪਾ ਟੀਮ ’ਚ ਜੋਸ਼ ਦੀ ਲਹਿਰ ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਗੱਠਜੋੜ ਦੇ ਐਲਾਨ ਤੋਂ ਬਾਅਦ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਸਮੁੱਚੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ, ਅਹੁਦੇਦਾਰਾਂ ਤੇ ਵਰਕਰਾਂ ’ਚ ਭਾਰੀ ਉਤਸ਼ਾਹ ਤੇ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਇਤਿਹਾਸਕ ਸਿਆਸੀ ਫ਼ੈਸਲੇ ਦਾ ਸਵਾਗਤ ਕਰਦਿਆਂ ਭਾਜਪਾ ਦੇ ਹਲਕਾ ਤਰਨਤਾਰਨ ਇੰਚਾਰਜ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਭਾਜਪਾ ਦੇ ਮੁੱਖ ਦਫ਼ਤਰ ਤਰਨਤਾਰਨ ’ਚ ਇਕ ਵਿਸ਼ੇਸ਼ ਤੇ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ’ਚ ਹਲਕਾ ਤਰਨਤਾਰਨ ਦੇ ਵੱਖ-ਵੱਖ ਪਿੰਡਾਂ ਤੇ ਸ਼ਹਿਰੀ ਤਰਨਤਾਰਨ ਖੇਤਰ ਤੋਂ ਪਹੁੰਚੇ ਪਾਰਟੀ ਦੇ ਪ੍ਰਮੁੱਖ ਆਗੂਆਂ ਤੇ ਵਰਕਰਾਂ ਨੇ ਗੱਠਜੋੜ ਦੇ ਫ਼ੈਸਲੇ ਦਾ ਭਰਵਾਂ ਸਵਾਗਤ ਕਰਦਿਆਂ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਤੇ ਪਾਰਟੀ ਹਾਈਕਮਾਂਡ ਦੇ ਫ਼ੈਸਲੇ ਨਾਲ ਪੂਰੀ ਤਰ੍ਹਾਂ ਸਹਿਮਤੀ ਜਤਾਈ। ਇਸ ਮੌਕੇ ਸੰਬੋਧਨ ਕਰਦਿਆਂ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ’ਚ ਅਕਾਲੀ-ਭਾਜਪਾ ਗੱਠਜੋੜ ਦਾ ਫ਼ੈਸਲਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਵੱਲੋਂ ਲਿਆ ਗਿਆ ਇਕ ਅਹਿਮ ਸੰਗਠਨਾਤਮਕ ਤੇ ਸਿਆਸੀ ਫ਼ੈਸਲਾ ਹੈ, ਜਿਸ ਦਾ ਵਿਧਾਨ ਸਭਾ ਹਲਕਾ ਤਰਨਤਾਰਨ ਦੀ ਸਮੁੱਚੀ ਭਾਜਪਾ ਟੀਮ ਵੱਲੋਂ ਦਿਲੋਂ ਸਵਾਗਤ ਕੀਤਾ ਜਾਂਦਾ ਹੈ। ਪਾਰਟੀ ਹਾਈਕਮਾਂਡ ਵੱਲੋਂ ਲਿਆ ਗਿਆ ਹਰ ਫ਼ੈਸਲਾ ਸਾਡੇ ਲਈ ਸਿਰ ਮੱਥੇ ਹੈ ਤੇ ਪਾਰਟੀ ਵੱਲੋਂ ਜੋ ਵੀ ਜ਼ਿੰਮੇਵਾਰੀ ਸੌਂਪੀ ਜਾਵੇਗੀ, ਉਸ ਨੂੰ ਪੂਰੀ ਤਨਦੇਹੀ ਤੇ ਸਮਰਪਣ ਦੀ ਭਾਵਨਾ ਨਾਲ ਨਿਭਾਇਆ ਜਾਵੇਗਾ। ਸੰਧੂ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਭਾਰਤੀ ਜਨਤਾ ਪਾਰਟੀ ਦੇ ਸਮੂਹ ਆਗੂਆਂ ਤੇ ਮਿਹਨਤੀ ਵਰਕਰਾਂ ਨੇ ਹਲਕਾ ਤਰਨਤਾਰਨ ਦੇ ਹਰ ਪਿੰਡ, ਹਰ ਵਾਰਡ ਤੇ ਹਰ ਇਲਾਕੇ ਤਕ ਪਹੁੰਚ ਬਣਾਉਣ ਲਈ ਦਿਨ-ਰਾਤ ਮਿਹਨਤ ਕੀਤੀ ਹੈ। ਲੋਕਾਂ ਨਾਲ ਸਿੱਧਾ ਸੰਪਰਕ ਕਾਇਮ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝਿਆ ਹੈ ਤੇ ਪਾਰਟੀ ਦੀਆਂ ਨੀਤੀਆਂ ਤੇ ਵਿਚਾਰਧਾਰਾ ਨੂੰ ਘਰ-ਘਰ ਤਕ ਪਹੁੰਚਾਇਆ ਹੈ। ਇਹ ਸੰਗਠਨ ਕਿਸੇ ਇਕ ਵਿਅਕਤੀ ਦੀ ਮਿਹਨਤ ਦਾ ਨਤੀਜਾ ਨਹੀਂ, ਸਗੋਂ ਹਜ਼ਾਰਾਂ ਸਮਰਪਿਤ ਵਰਕਰਾਂ ਦੀ ਲਗਨ, ਮਿਹਨਤ ਤੇ ਕੁਰਬਾਨੀ ਨਾਲ ਖੜ੍ਹਾ ਹੋਇਆ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਤਰਨਤਾਰਨ ’ਚ ਭਾਰਤੀ ਜਨਤਾ ਪਾਰਟੀ ਦਾ ਸੰਗਠਨ ਪਿੰਡ ਪੱਧਰ ਤੋਂ ਲੈ ਕੇ ਸ਼ਹਿਰ ਦੇ ਹਰ ਵਾਰਡ ਤਕ ਹੋਰ ਮਜ਼ਬੂਤ ਕੀਤਾ ਜਾਵੇਗਾ। ਨਵੇਂ ਲੋਕਾਂ ਨੂੰ ਪਾਰਟੀ ਨਾਲ ਜੋੜਨ, ਨੌਜਵਾਨਾਂ ਨੂੰ ਸੰਗਠਨ ’ਚ ਅਹਿਮ ਭੂਮਿਕਾ ਦੇਣ ਤੇ ਹਰ ਵਰਗ ਤਕ ਪਹੁੰਚ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਤਰਨਤਾਰਨ ਇਕ ਸਰਹੱਦੀ ਜ਼ਿਲ੍ਹਾ ਹੈ ਤੇ ਇੱਥੋਂ ਦੇ ਲੋਕਾਂ ਦੀਆਂ ਆਪਣੀਆਂ ਵਿਸ਼ੇਸ਼ ਸਮੱਸਿਆਵਾਂ ਹਨ। ਨੌਜਵਾਨਾਂ ਲਈ ਰੁਜ਼ਗਾਰ, ਨਸ਼ਿਆਂ ਦਾ ਖਾਤਮਾ, ਕਿਸਾਨਾਂ ਦੀਆਂ ਮੁਸ਼ਕਿਲਾਂ, ਵਪਾਰੀਆਂ ਦੀਆਂ ਸਮੱਸਿਆਵਾਂ, ਸਿਹਤ ਤੇ ਸਿੱਖਿਆ ਸਹੂਲਤਾਂ ’ਚ ਸੁਧਾਰ ਤੇ ਇਲਾਕੇ ’ਚ ਉਦਯੋਗਿਕ ਵਿਕਾਸ ਵਰਗੇ ਮੁੱਦਿਆਂ ਨੂੰ ਪਹਿਲ ਦੇ ਆਧਾਰ ’ਤੇ ਉਠਾਇਆ ਜਾਵੇਗਾ। ਹਰਜੀਤ ਸਿੰਘ ਸੰਧੂ ਨੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਗੱਠਜੋੜ ਦੇ ਇਸ ਨਵੇਂ ਸਿਆਸੀ ਦੌਰ ’ਚ ਸਾਰੇ ਆਗੂ ਤੇ ਵਰਕਰ ਆਪਸੀ ਏਕਤਾ, ਤਾਲਮੇਲ ਤੇ ਅਨੁਸ਼ਾਸਨ ਨੂੰ ਕਾਇਮ ਰੱਖਣ। ਭਾਰਤੀ ਜਨਤਾ ਪਾਰਟੀ ਦਾ ਮਾਣ-ਸਨਮਾਨ ਪਹਿਲਾਂ ਵੀ ਪੂਰੇ ਮਾਣ ਨਾਲ ਕਾਇਮ ਰਿਹਾ ਹੈ ਤੇ ਆਉਣ ਵਾਲੇ ਸਮੇਂ ’ਚ ਵੀ ਇਸ ਨੂੰ ਹੋਰ ਉੱਚਾ ਚੁੱਕਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡੇ ਵਰਕਰ ਸਾਡੀ ਸਭ ਤੋਂ ਵੱਡੀ ਤਾਕਤ ਹਨ ਤੇ ਵਰਕਰਾਂ ਦੇ ਮਾਣ-ਸਨਮਾਨ ਤੇ ਉਨ੍ਹਾਂ ਦੀ ਮਿਹਨਤ ਦੀ ਕਦਰ ਕਰਨਾ ਸਾਡੀ ਮੁੱਢਲੀ ਜ਼ਿੰਮੇਵਾਰੀ ਹੈ। ਇਸ ਮੌਕੇ ਜ਼ਿਲ੍ਹਾ ਤਰਨਤਾਰਨ ਦੇ ਪ੍ਰਮੁੱਖ ਆਗੂ ਹਰਪ੍ਰੀਤ ਸਿੰਘ ਸਿੰਦਬਾਦ, ਚਰਨਜੀਤ ਸਿੰਘ ਖਾਲਸਾ, ਸੁਰਜੀਤ ਸਿੰਘ ਸਾਗਰ, ਦਿਨੇਸ਼ ਜੋਸ਼ੀ, ਅਮਨ ਅਰੋੜਾ, ਅਵਤਾਰ ਸਿੰਘ, ਨਿਸ਼ਾਨ ਸਿੰਘ, ਸਲੀਮ ਅਹਿਮਦ, ਰੋਹਿਤ ਸ਼ਰਮਾ, ਡਾ. ਸੁਖਵੰਤ ਸਿੰਘ, ਭੋਲਾ ਸਿੰਘ, ਹਰਪਾਲ ਸਿੰਘ, ਸੁਖਦੇਵ ਸਿੰਘ ਮਾਲੂਵਾਲ, ਦਿਲਬਾਗ ਸਿੰਘ, ਕਨਵਰਦੀਪ ਸਿੰਘ, ਕਰਮਜੀਤ ਸਿੰਘ, ਗੁਰਮੀਤ ਸਿੰਘ, ਬਲਦੇਵ ਮਸੀਹ, ਸਵਿੰਦਰ ਸਿੰਘ ਪੰਨੂ, ਲੱਕੀ ਜੋਸ਼ੀ, ਜਸਵਿੰਦਰ ਸਿੰਘ, ਅਮਨ ਸ਼ਰਮਾ, ਕੈਪਟਨ ਪੂਰਨ ਸਿੰਘ, ਹਰਜੀਤ ਸਿੰਘ ਕੰਗ, ਘੁੱਲਾ ਸਿੰਘ ਤੋਂ ਇਲਾਵਾ ਹਲਕਾ ਤਰਨਤਾਰਨ ਦੇ ਵੱਖ-ਵੱਖ ਪਿੰਡਾਂ ਤੇ ਸ਼ਹਿਰੀ ਖੇਤਰਾਂ ਤੋਂ ਵੱਡੀ ਗਿਣਤੀ ’ਚ ਭਾਜਪਾ ਆਗੂਆਂ ਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ।