ਹਰੀਕੇ ਦੀਆਂ ਨਹਿਰਾਂ ਕੰਢੇ ਧੁੱਪ ਸੇਕਦੇ ਦਿਖੇ ਦੁਰਲੱਭ ਘੜਿਆਲ ਹਰੀਕੇ ਦੀਆਂ ਨਹਿਰਾਂ ਕੰਢੇ ਧੁੱਪ ਸੇਕਦੇ ਦਿਖੇ ਦੁਰਲੱਭ ਘੜਿਆਲ
Publish Date: Thu, 26 Nov 2026 06:18 PM (IST)
Updated Date: Thu, 26 Nov 2026 06:19 PM (IST)
ਬਿਆਸ-ਸਤਲੁਜ ਦਰਿਆਈ ਖੇਤਰ ’ਚ ਘੜਿਆਲਾਂ ਦੀ ਮੌਜੂਦਗੀ ਜੈਵਿਕ ਵਿਭਿੰਨਤਾ ਲਈ ਸ਼ੁਭ ਸੰਕੇਤ ਕਿਰਪਾਲ ਸਿੰਘ ਰੰਧਾਵਾ•, ਪੰਜਾਬੀ ਜਾਗਰਣ ਹਰੀਕੇ ਪੱਤਣ : ਸਰਦੀਆਂ ਦੀ ਰੁੱਤ ’ਚ ਕੋਸੀ-ਕੋਸੀ ਧੁੱਪ ਦਾ ਨਿੱਘ ਮਾਨਣ ਲਈ ਜਿਥੇ ਲੋਕ ਘਰਾਂ ਦੀਆਂ ਛੱਤਾਂ ਅਤੇ ਖੁੱਲ੍ਹੀਆਂ ਥਾਵਾਂ ਦਾ ਰੁਖ ਕਰ ਰਹੇ ਹਨ, ਉਥੇ ਹੀ ਹਰੀਕੇ ਦੇ ਦਰਿਆਈ ਅਤੇ ਨਹਿਰੀ ਖੇਤਰ ਵਿਚ ਘੜਿਆਲ ਵੀ ਪਾਣੀ ਤੋਂ ਬਾਹਰ ਨਿਕਲ ਕੇ ਕੰਢਿਆਂ ’ਤੇ ਧੁੱਪ ਸੇਕਦੇ ਦਿਖਾਈ ਦੇ ਰਹੇ ਹਨ। ਨਹਿਰ ਕੰਢੇ ਬੈਠੇ ਇਨ੍ਹਾਂ ਦੁਰਲੱਭ ਜਲ-ਜੀਵਾਂ ਦਾ ਦ੍ਰਿਸ਼ ਕੁਦਰਤ ਪ੍ਰੇਮੀਆਂ ਅਤੇ ਜੰਗਲੀ ਜੀਵਾਂ ’ਚ ਦਿਲਚਸਪੀ ਰੱਖਣ ਵਾਲਿਆਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਲੋਕ ਮੋਬਾਇਲ ਕੈਮਰਿਆਂ ’ਚ ਕੈਦ ਕਰਕੇ ਘੜਿਆਲ ਦੀਆਂ ਵੀਡਿਉ ਸ਼ੋਸ਼ਲ ਮੀਡੀਆ ’ਤੇ ਵਾਇਰਲ ਕਰ ਰਹੇ ਹਨ। ਘੜਿਆਲ ਮਗਰਮੱਛ ਦੀ ਇਕ ਵਿਸ਼ੇਸ਼ ਅਤੇ ਗੰਭੀਰ ਤੌਰ ’ਤੇ ਸੰਕਟਗ੍ਰਸਤ ਪ੍ਰਜਾਤੀ ਹੈ। ਇਸ ਦੀ ਲੰਮੀ, ਪਤਲੀ ਥੂਥਣ ਅਤੇ ਤਿੱਖੇ ਦੰਦ ਇਸ ਦੀ ਵਿਲੱਖਣ ਪਛਾਣ ਹਨ। ਨਰ ਘੜਿਆਲ ਦੀ ਥੂਥਣ ਦੇ ਸਿਰੇ ’ਤੇ ਘੜੇ ਵਰਗੀ ਬਣਤਰ ਹੁੰਦੀ ਹੈ, ਜਿਸ ਕਾਰਨ ਇਸ ਨੂੰ ਘੜਿਆਲ ਕਿਹਾ ਜਾਂਦਾ ਹੈ। ਇਸ ਦੀ ਮੁੱਖ ਖੁਰਾਕ ਮੱਛੀਆਂ ਹਨ ਅਤੇ ਇਹ ਆਮ ਤੌਰ ’ਤੇ ਮਨੁੱਖਾਂ ਲਈ ਹਮਲਾਵਰ ਨਹੀਂ ਹੁੰਦਾ। ਹਰੀਕੇ ਹੈੱਡ ਵਰਕਸ ਨੇੜੇ ਬਿਆਸ ਤੇ ਸਤਲੁਜ ਦਰਿਆਵਾਂ ਦੇ ਸੰਗਮ ਵਾਲਾ ਖੇਤਰ ਘੜਿਆਲਾਂ ਦੇ ਕੁਦਰਤੀ ਆਵਾਸ ਅਤੇ ਜੈਵਿਕ ਵਿਭਿੰਨਤਾ ਪੱਖੋਂ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਪੰਜਾਬ ਦੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਡਬਲਿਊ ਡਬਲਿਊ ਐੱਫ-ਇੰਡੀਆ ਦੇ ਸਹਿਯੋਗ ਨਾਲ ਦਸੰਬਰ 2017 ਤੋਂ 2021 ਤਕ ਵੱਖ-ਵੱਖ ਪੜਾਵਾਂ ’ਚ 94 ਘੜਿਆਲ ਬਿਆਸ ਦਰਿਆ ਵਿਚ ਛੱਡੇ ਗਏ ਸਨ। ਇਸ ਮੁਹਿੰਮ ਦਾ ਮਕਸਦ ਪੰਜਾਬ ਦੇ ਦਰਿਆਵਾਂ ਵਿੱਚੋਂ ਅਲੋਪ ਹੋ ਰਹੀ ਇਸ ਪ੍ਰਜਾਤੀ ਦੀ ਮੁੜ ਵਸੋਂ ਸਥਾਪਿਤ ਕਰਨਾ ਸੀ। ਮਾਰਚ-ਅਪ੍ਰੈਲ 2025 ਦੌਰਾਨ ਕੀਤੇ ਸਾਂਝੇ ਸਰਵੇਖਣ ’ਚ ਬਿਆਸ ਦਰਿਆ ਦੇ 22 ਸਥਾਨਾਂ ਤੋਂ 37 ਘੜਿਆਲ ਦੇਖੇ ਗਏ ਸਨ, ਜੋ ਇਨ੍ਹਾਂ ਦੀ ਵਾਪਸੀ ਲਈ ਉਮੀਦ ਜਨਕ ਸੰਕੇਤ ਹੈ। ਹਾਲਾਂਕਿ ਦਰਿਆਵਾਂ ’ਚ ਵਧ ਰਿਹਾ ਪ੍ਰਦੂਸ਼ਣ, ਗੈਰ-ਕਾਨੂੰਨੀ ਮੱਛੀ ਫੜਨ, ਰੇਤ ਦੀ ਨਾਜਾਇਜ਼ ਨਿਕਾਸੀ ਅਤੇ ਕੁਦਰਤੀ ਆਵਾਸ ’ਚ ਦਖ਼ਲ ਅੰਦਾਜ਼ੀ ਇਸ ਪ੍ਰਜਾਤੀ ਦੀ ਹੋਂਦ ਲਈ ਵੱਡੀਆਂ ਚੁਣੌਤੀਆਂ ਹਨ। ਵਾਤਾਵਰਣ ਪ੍ਰੇਮੀਆਂ ਅਨੁਸਾਰ ਘੜਿਆਲਾਂ ਦੀ ਸੁਰੱਖਿਆ ਲਈ ਦਰਿਆਈ ਖੇਤਰਾਂ ਦੀ ਸੰਭਾਲ ਤੇ ਲੋਕਾਂ ’ਚ ਜਾਗਰੂਕਤਾ ਪੈਦਾ ਕਰਨੀ ਬੇਹੱਦ ਜ਼ਰੂਰੀ ਹੈ। ਹਰੀਕੇ ਦੇ ਦਰਿਆਈ ਖੇਤਰ ਵਿਚ ਇਨ੍ਹਾਂ ਦੀ ਮੌਜੂਦਗੀ ਪੰਜਾਬ ਦੀ ਕੁਦਰਤੀ ਵਿਰਾਸਤ ਲਈ ਸੁਖਦਾਈ ਸੰਕੇਤ ਹੈ।