ਜਵਾਹਰ ਨਵੋਦਿਆ ਵਿਦਿਆਲਿਆ ਛੇਵੀਂ ਜਮਾਤ ਦੀ ਦਾਖ਼ਲਾ ਪ੍ਰੀਖਿਆ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਜਵਾਹਰ ਨਵੋਦਿਆ ਵਿਦਿਆਲਿਆ ਛੇਵੀਂ ਜਮਾਤ ਦੀ ਦਾਖ਼ਲਾ ਪ੍ਰੀਖਿਆ ਸਬੰਧੀ ਸਾਰੇ ਪ੍ਰਬੰਧ ਮੁਕੰਮਲ
Publish Date: Thu, 26 Nov 2026 05:41 PM (IST)
Updated Date: Thu, 26 Nov 2026 05:43 PM (IST)
ਜ਼ਿਲ੍ਹਾ ਤਰਨਤਾਰਨ ’ਚ 12 ਪ੍ਰੀਖਿਆ ਕੇਂਦਰਾਂ ’ਤੇ 3 ਹਜ਼ਾਰ 381 ਵਿਦਿਆਰਥੀ ਦੇਣਗੇ ਪ੍ਰੀਖਿਆ 28 ਨਵੰਬਰ ਨੂੰ ਸਵੇਰੇ 11:30 ਤੋਂ ਦੁਪਹਿਰ 1:30 ਵਜੇ ਤਕ ਹੋਵੇਗੀ ਪ੍ਰੀਖਿਆ ਸਟਾਫ਼ ਰਿਪੋਰਟਰ•, ਪੰਜਾਬੀ ਜਾਗਰਣ, ਤਰਨਤਾਰਨ : ਜਵਾਹਰ ਨਵੋਦਿਆ ਵਿਦਿਆਲਿਆ ਚੋਣ ਪ੍ਰੀਖਿਆ-2027 ਰਾਹੀਂ ਜਮਾਤ ਛੇਵੀਂ ’ਚ ਦਾਖ਼ਲੇ ਲਈ 28 ਨਵੰਬਰ ਨੂੰ ਹੋਣ ਵਾਲੀ ਦਾਖ਼ਲਾ ਪ੍ਰੀਖਿਆ ਸਬੰਧੀ ਜ਼ਿਲ੍ਹਾ ਤਰਨਤਾਰਨ ਵਿਚ ਸਾਰੇ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਹ ਪ੍ਰੀਖਿਆ ਜ਼ਿਲ੍ਹੇ ਦੇ ਵੱਖ-ਵੱਖ ਸਥਾਨਾਂ ’ਤੇ ਨਿਰਧਾਰਤ ਕੀਤੇ ਗਏ ਕੁੱਲ 12 ਪ੍ਰੀਖਿਆ ਕੇਂਦਰਾਂ ਵਿਖੇ ਕਰਵਾਈ ਜਾਵੇਗੀ। ਇਸ ਪ੍ਰੀਖਿਆ ਵਿਚ ਜ਼ਿਲ੍ਹੇ ਦੇ ਕੁੱਲ 3 ਹਜ਼ਾਰ 381 ਰਜਿਸਟਰਡ ਵਿਦਿਆਰਥੀ ਆਪਣੀ ਕਿਸਮਤ ਅਜ਼ਮਾਉਣਗੇ। ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤਰਨਤਾਰਨ ਰਾਜੇਸ਼ ਕੁਮਾਰ ਸ਼ਰਮਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤਰਨਤਾਰਨ ਮੰਗਤ ਸਿੰਘ ਨੇ ਦੱਸਿਆ ਕਿ ਪ੍ਰੀਖਿਆ ਨੂੰ ਸੁਚਾਰੂ, ਸ਼ਾਂਤੀਪੂਰਨ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਕੁੱਲ 12 ਪ੍ਰੀਖਿਆ ਕੇਂਦਰਾਂ ’ਚ 3 ਹਜ਼ਾਰ 381 ਵਿਦਿਆਰਥੀਆਂ ਵੱਲੋਂ ਪ੍ਰੀਖਿਆ ਦਿੱਤੀ ਜਾ ਰਹੀ ਹੈ। ਪ੍ਰੀਖਿਆ ਕੇਂਦਰਾਂ ਵਿਚ ਵਿਦਿਆਰਥੀਆਂ ਦੀ ਸਹੂਲਤ ਅਤੇ ਪ੍ਰੀਖਿਆ ਦੇ ਸੁਚੱਜੇ ਸੰਚਾਲਨ ਲਈ ਲੋੜੀਂਦੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪ੍ਰੀਖਿਆ ’ਚ ਸ਼ਾਮਿਲ ਹੋਣ ਵਾਲੇ ਸਾਰੇ ਰਜਿਸਟਰਡ ਉਮੀਦਵਾਰਾਂ ਦੇ ਰੋਲ ਨੰਬਰ ਅਤੇ ਪ੍ਰਵੇਸ਼ ਪੱਤਰ ਸਬੰਧਿਤ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ, ਸੈਂਟਰ ਹੈੱਡ ਟੀਚਰਾਂ ਅਤੇ ਸਕੂਲ ਮੁਖੀਆਂ ਰਾਹੀਂ ਵਿਦਿਆਰਥੀਆਂ ਤਕ ਪਹੁੰਚਾ ਦਿੱਤੇ ਗਏ ਹਨ, ਤਾਂ ਜੋ ਕਿਸੇ ਵੀ ਵਿਦਿਆਰਥੀ ਨੂੰ ਪ੍ਰੀਖਿਆ ਵਿਚ ਸ਼ਾਮਿਲ ਹੋਣ ਸਮੇਂ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਜਵਾਹਰ ਨਵੋਦਿਆ ਵਿਦਿਆਲਿਆ ਗੋਇੰਦਵਾਲ ਸਾਹਿਬ ਦੇ ਪ੍ਰਿੰਸੀਪਲ ਰਵਿੰਦਰ ਕੁਮਾਰ ਤੇ ਵਾਈਸ ਪ੍ਰਿੰਸੀਪਲ ਹੇਮੰਤ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰੀਖਿਆ ਦਾ ਸਮਾਂ ਸਵੇਰੇ 11:30 ਵਜੇ ਤੋਂ ਦੁਪਹਿਰ 1:30 ਵਜੇ ਤਕ ਨਿਰਧਾਰਤ ਕੀਤਾ ਗਿਆ ਹੈ। ਸਬੰਧਿਤ ਅਧਿਕਾਰੀਆਂ ਵੱਲੋਂ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਪ੍ਰਵੇਸ਼ ਪੱਤਰ ’ਤੇ ਦਰਜ ਪ੍ਰੀਖਿਆ ਕੇਂਦਰ ਅਤੇ ਹੋਰ ਹਦਾਇਤਾਂ ਨੂੰ ਧਿਆਨ ਨਾਲ ਪੜ੍ਹਨ ਅਤੇ ਨਿਰਧਾਰਤ ਸਮੇਂ ਅਨੁਸਾਰ ਪ੍ਰੀਖਿਆ ਕੇਂਦਰ ਵਿਖੇ ਪਹੁੰਚਣਾ ਯਕੀਨੀ ਬਣਾਉਣ। ਇਸ ਸਮੁੱਚੀ ਪ੍ਰਕਿਰਿਆ ਦੀ ਨਿਗਰਾਨੀ ਅਤੇ ਪ੍ਰਬੰਧਾਂ ਵਿਚ ਸੁਪਰਡੈਂਟ ਵਿਪਨ ਕੁਮਾਰ, ਸੁਪਰਡੈਂਟ ਸੈਕੰਡਰੀ ਸਰਬਜੀਤ ਸਿੰਘ ਅਤੇ ਡੀਲਿੰਗ ਹੈੱਡ ਇਕਬਾਲ ਸਿੰਘ ਵੱਲੋਂ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਇਸ ਦੇ ਨਾਲ ਹੀ ਜ਼ਿਲ੍ਹਾ ਨੋਡਲ ਅਫ਼ਸਰ ਸਵੈਗਣਨਾ-ਕਮ-ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਤਰਨਤਾਰਨ ਦੀ ਅਗਵਾਈ ਹੇਠ 16 ਤੋਂ 30 ਨਵੰਬਰ ਤਕ ਚੱਲ ਰਹੀ ਸਵੈਗਣਨਾ ਮੁਹਿੰਮ ਜ਼ਿਲ੍ਹਾ ਤਰਨਤਾਰਨ ਸਬੰਧੀ ਬੀਰਿੰਦਰ ਸਿੰਘ ਲਹਿਰੀ ਸਹਾਇਕ ਨੋਡਲ ਇੰਚਾਰਜ ਤਰਨਤਾਰਨ ਵੱਲੋਂ ਗੱਲਬਾਤ ਕੀਤੀ ਗਈ। ਉਨ੍ਹਾਂ ਵੱਖ-ਵੱਖ ਪ੍ਰੀਖਿਆ ਕੇਂਦਰਾਂ ਦੇ ਆਏ ਅਮਲੇ ਦੇ ਨਾਲ-ਨਾਲ ਨਵੋਦਿਆ ਵਿਦਿਆਲਿਆ ਵੱਲੋਂ ਪਹੁੰਚੇ ਅਧਿਕਾਰੀਆਂ ਕਰਮਚਾਰੀਆਂ ਨੂੰ ਆਪਣੀ, ਆਪਣੇ ਸਕੂਲ ਦੇ ਅਧਿਆਪਕਾਂ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਵੱਧ-ਚੜ੍ਹ ਕੇ ਸਵੈ- ਗਣਨਾ ਕਰਵਾਉਣ ਸਬੰਧੀ ਅਪੀਲ ਕੀਤੀ। ਇਸ ਸਮੇਂ ਪ੍ਰੇਮ ਸਿੰਘ ਸਹਾਇਕ ਜ਼ਿਲ੍ਹਾ ਨੋਡਲ ਇੰਚਾਰਜ ਸਵੈ-ਗਣਨਾ ਨੇ ਸਵੈ-ਗਣਨਾ ਕਰਦਿਆਂ ਆ ਰਹੀਆਂ ਔਕੜਾਂ ਜਾਂ ਸ਼ੰਕਾਵਾਂ ਨੂੰ ਦੂਰ ਕਰਨ ਸਬੰਧੀ ਗੱਲਬਾਤ ਕੀਤੀ।