ਨਸ਼ਾ ਵੇਚਣ ਵਾਲੇ ਨੂੰ ਫੜਾਉਣ ਦੇ ਸ਼ੱਕ ’ਚ ਆਪ ਸਰਪੰਚ ਦੇ ਪਤੀ ’ਤੇ ਫਾਇਰਿੰਗ, ਜ਼ਖ਼ਮੀ ਨਸ਼ਾ ਵੇਚਣ ਵਾਲੇ ਨੂੰ ਫੜਾਉਣ ਦੇ ਸ਼ੱਕ ’ਚ ਆਪ ਸਰਪੰਚ ਦੇ ਪਤੀ ’ਤੇ ਫਾਇਰਿੰਗ, ਜਖ਼ਮੀ
Publish Date: Tue, 24 Nov 2026 08:51 PM (IST)
Updated Date: Tue, 24 Nov 2026 08:52 PM (IST)
ਪਿੰਡ ਡਾਲੇਕੇ ਤੋਂ ਤਰਨਤਾਰਨ ਜਾਂਦਿਆਂ ਪਤੀ-ਪਤਨੀ ’ਤੇ ਕੀਤਾ ਜਾਨਲੇਵਾ ਹਮਲਾ ਸਟਾਫ ਰਿਪੋਰਟਰ, •ਪੰਜਾਬੀ ਜਾਗਰਣ, ਤਰਨਤਾਰਨ : ਪਿੰਡ ਵਿਚ ਨਸ਼ਾ ਵੇਚਣ ਵਾਲੇ ਨੂੰ ਫੜਾਉਣ ਦੀ ਸ਼ੱਕ ਵਿਚ ਆਮ ਆਦਮੀ ਪਾਰਟੀ ਦੇ ਨਵਾਂ ਪਿੰਡ ਡਾਲੇਕੇ ਤੋਂ ਮਹਿਲਾ ਸਰਪੰਚ ਤੇ ਉਸਦੇ ਪਤੀ ਉੱਪਰ ਫਾਇਰੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੌਰਾਨ ਸਰਪੰਚ ਦੇ ਪਤੀ ਦੇ ਪੈਰ ਵਿਚ ਗੋਲੀ ਲੱਗਣ ਕਾਰਨ ਉਹ ਜਖ਼ਮੀ ਹੋ ਗਿਆ। ਉੱਧਰ ਘਟਨਾ ਦਾ ਪਤਾ ਚੱਲਦਿਆਂ ਹੀ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਮੌਕੇ ’ਤੇ ਪੁੱਜੀ ਅਤੇ ਪੀੜਤ ਦੇ ਬਿਆਨ ਕਲਮਬੰਦ ਕਰਕੇ ਦੋ ਭਰਾਵਾਂ ਵਿਰੁੱਧ ਜਾਨਲੇਵਾ ਹਮਲਾ ਕਰਨ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ। ਸੁਖਬੀਰ ਸਿੰਘ ਪੁੱਤਰ ਚਰਨ ਸਿੰਘ ਵਾਸੀ ਨਵਾਂ ਪਿੰਡ ਡਾਲੇਕੇ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸਦੀ ਪਤਨੀ ਮਨਜੀਤ ਕੌਰ ਆਮ ਆਦਮੀ ਪਾਰਟੀ ਵਲੋਂ ਪਿੰਡ ਦੀ ਸਰਪੰਚ ਹੈ। ਮੰਗਲਵਾਰ ਦੁਪਹਿਰੇ ਉਹ ਤੇ ਉਸਦੀ ਪਤਨੀ ਮੋਟਰਸਾਈਕਲ ਨੰਬਰ ਪੀਬੀ46 ਏਕਿਊ 5931 ’ਤੇ ਸਵਾਰ ਹੋ ਕੇ ਪਿੰਡ ਡਾਲੇਕੇ ਤੋਂ ਤਰਨਤਾਰਨ ਜਾ ਰਹੇ ਸੀ। ਜਦੋਂ ਉਹ ਸਰਕਾਰੀ ਸਕੂਲ ਦੇ ਕੋਲ ਪੁੱਜੇ ਤਾਂ ਪਿੱਛੋਂ ਮੰਗਲ ਸਿੰਘ ਮੰਗਾ ਪੁੱਤਰ ਲੱਖਾ ਸਿੰਘ ਵਾਸੀ ਪਲਾਸੌਰ ਕਲਾਂ ਨੇ ਬੁਲਟ ਮੋਟਰਸਾਈਕਲ ਉਸਦੇ ਮੋਟਰਸਾਈਕਲ ਨੂੰ ਮਾਰ ਕੇ ਰੋਕ ਲਿਆ ਤੇ ਗਾਲੀ ਗਲੋਚ ਕਰਨ ਲੱਗਾ। ਜਦੋਂ ਉਹ ਹੱਥੋਪਾਈ ਹੋਣ ਲੱਗਾ ਤਾਂ ਉਹ ਤੇ ਉਸਦੀ ਪਤਨੀ ਇਕ ਸਾਈਡ ’ਤੇ ਹੋ ਗਏ। ਇਸੇ ਦੌਰਾਨ ਮੰਗਲ ਸਿੰਘ ਮੰਗਾ ਨੇ ਫੋਨ ਕਰਕੇ ਆਪਣੇ ਭਰਾ ਊਧਮ ਸਿੰਘ ਉਦੈ ਨੂੰ ਵੀ ਬੁਲਾ ਲਿਆ, ਜਿਸ ਨੇ ਆਉਂਦਿਆਂ ਹੀ ਪਿਸਟਲ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਨ੍ਹਾਂ ਵਿੱਚੋਂ ਇਕ ਗੋਲੀ ਉਸਦੇ ਪੈਰ ’ਤੇ ਲੱਗੀ। ਜਦੋਂਕਿ ਉਸਨੇ ਉਥੇ ਖੜੀ ਕਾਰ ਪਿੱਛੇ ਲੁਕ ਕੇ ਆਪਣੀ ਜਾਨ ਬਚਾਈ। ਉਸ ਤੋਂ ਬਾਅਦ ਊਧਮ ਸਿੰਘ ਉਦੈ ਨੇ ਦੋ-ਤਿੰਨ ਹਵਾਈ ਫਾਇਰ ਕੀਤੇ ਤੇ ਉਸਦੀ ਪਤਨੀ ਕੋਲੋਂ ਪਿਸਤੌਲ ਦੀ ਨੋਕ ’ਤੇ ਮੋਬਾਈਲ ਫੋਨ ਖੋਹ ਲਿਆ। ਉਸਨੇ ਇਹ ਵੀ ਦੱਸਿਆ ਕਿ ਉਕਤ ਲੋਕਾਂ ਵਲੋਂ ਹੱਥੋਪਾਈ ਕਰਨ ਕਰਕੇ ਉਸਦੇ ਦੋ ਦੰਦ ਵੀ ਟੁੱਟ ਗਏ। ਜਦੋਂਕਿ ਉਸਦੇ ਮੋਟਰਸਾਈਕਲ ਦੀ ਵੀ ਭੰਨ-ਤੋੜ ਕੀਤੀ ਗਈ। ਲੋਕ ਇਕੱਠੇ ਹੋਏ ਤਾਂ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਉਸਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਪੁੱਤਰ ਸੋਨਾ ਸਿੰਘ ਵਾਸੀ ਪਿੰਡ ਜੋੜਾ ਦੇ ਉਨ੍ਹਾਂ ਦੇ ਪਿੰਡ ਵਿਚ ਨਾਨਕੇ ਹਨ ਅਤੇ ਉਹ ਇਥੇ ਰਹਿ ਕੇ ਮੰਗਲਾ ਸਿੰਘ ਤੇ ਊਧਮ ਸਿੰਘ ਦਾ ਨਸ਼ਾ ਵੇਚਦਾ ਸੀ, ਜਿਸ ਨੂੰ ਪੁਲਿਸ ਨੇ ਕੁਝ ਦਿਨ ਪਹਿਲਾਂ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ। ਉਸਨੇ ਦੱਸਿਆ ਕਿ ਉਕਤ ਦੋਵੇਂ ਜਣੇ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਪਿੱਛੇ ਉਸ ਨੂੰ ਜਿੰਮੇਵਾਰ ਮੰਨਦੇ ਸਨ ਅਤੇ ਇਸੇ ਕਰਕੇ ਉਸ ’ਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਰਾਜਪਾਲ ਸਿੰਘ ਨੇ ਦੱਸਿਆ ਕਿ ਮੰਗਲ ਸਿੰਘ ਮੰਗਾ ਤੇ ਊਧਮ ਸਿੰਘ ਊਦੈ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ। ਜਿਨ੍ਹਾਂ ਦੀ ਗ੍ਰਿਫਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।