ਝਬਾਲ ’ਚ 18 ਹਜ਼ਾਰ 212 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਝਬਾਲ ਇਲਾਕੇ ਦੇ 112 ਬੂਥਾਂ ’ਤੇ 18 ਹਜ਼ਾਰ 212 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾ ਪਿਲਾਈਆਂ
Publish Date: Tue, 24 Nov 2026 07:00 PM (IST)
Updated Date: Tue, 24 Nov 2026 07:01 PM (IST)
ਤੇਜਿੰਦਰ ਸਿੰਘ ਬੱਬੂ•, ਪੰਜਾਬੀ ਜਾਗਰਣ ਝਬਾਲ : ਬਲਾਕ ਝਬਾਲ ’ਚ ਪਲਸ ਪੋਲੀਓ ਸਬ-ਨੈਸ਼ਨਲ ਇਮੂਨਾਈਜ਼ੇਸ਼ਨ ਡੇ ’ਤੇ ਤਿੰਨ ਚੱਲੇ ਪ੍ਰੋਗਰਾਮ ਤਹਿਤ 0 ਤੋਂ 5 ਸਾਲ ਦੀ ਉਮਰ ਦੇ ਬੱਚਿਆਂ ਨੂੰ ਪੋਲੀਓ ਵਾਇਰਸ ਇਨਫੈਕਸ਼ਨ ਤੋਂ ਬਚਾਉਣ ਲਈ ਕੁੱਲ 112 ਬੂਥਾਂ ’ਤੇ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ। ਡਾ. ਰਾਜੂ ਚੌਹਾਨ ਐੱਸਐੱਮਓ ਝਬਾਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਵੱਖ-ਵੱਖ ਬੂਥਾਂ ’ਤੇ ਤਾਇਨਾਤ ਵੈਕਸੀਨੇਟਰਾਂ ਤੋਂ ਇਲਾਵਾ 3 ਟਰਾਂਜ਼ਿਟ ਬੂਥ ਅਤੇ 3 ਮੋਬਾਈਲ ਟੀਮਾਂ ਵੀ ਬਣਾਈਆਂ ਗਈਆਂ। ਟੀਮਾਂ ਵੱਲੋਂ ਪ੍ਰਵਾਸੀ ਆਬਾਦੀ, ਝੁੱਗੀਆਂ-ਝੌਂਪੜੀਆਂ, ਇੱਟਾਂ ਦੇ ਭੱਠਿਆਂ, ਨਰਸਰੀਆਂ, ਫੈਕਟਰੀਆਂ ਆਦਿ ਹਾਈ ਰਿਸਕ ਏਰੀਏ ’ਚ ਜਾ ਕੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ ਅਤੇ ਨਾਲ ਹੀ ਵੈਕਸੀਨੇਟਰਾਂ ਵੱਲੋਂ ਆਂਗਣਵਾੜੀ ਸੈਂਟਰਾਂ ਤੇ ਪ੍ਰਾਈਵੇਟ ਸਕੂਲਾਂ ਵਿਚ ਜਾ ਕੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਤਿੰਨ ਰੋਜ਼ਾ ਮੁਹਿੰਮ ਦੇ ਚਲਦਿਆਂ 0 ਤੋਂ 5 ਸਾਲ ਦੇ 18 ਹਜ਼ਾਰ 212 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾ ਕੇ ਕਰੀਬ 99 ਫੀਸਦੀ ਟੀਚਾ ਪੂਰਾ ਕਰ ਲਿਆ ਗਿਆ ਹੈ ਅਤੇ ਬਾਕੀ ਰਹਿੰਦੇ ਬੱਚਿਆਂ ਨੂੰ ਅਗਲੇ ਦਿਨ ਸਬੰਧਿਤ ਏਰੀਏ ਦੇ ਫੀਲਡ ਸਟਾਫ ਵੱਲੋਂ ਪੋਲੀਓ ਦੀ ਖੁਰਾਕ ਪਿਲਾ ਕੇ ਸੌ ਫੀਸਦੀ ਕਵਰੇਜ ਦਾ ਟੀਚਾ ਪੂਰਾ ਕਰ ਲਿਆ ਜਾਵੇਗਾ। ਇਸ ਦੌਰਾਨ ਫੀਲਡ ਸੁਪਰਵਿਜ਼ਨ ਕਰਨ ਲਈ ਬਲਾਕ ਦੇ 21 ਸੁਪਰਵਾਈਜ਼ਰਾਂ ਵੱਲੋਂ ਪੋਲੀਓ ਬੂਥਾਂ ਦੇ ਨਾਲ ਹਾਈ ਰਿਸਕ ਏਰੀਏ ਜਿਵੇਂ ਕਿ ਭੱਠਿਆਂ, ਝੁੱਗੀਆਂ-ਝੌਂਪੜੀਆਂ ਆਦਿ ’ਚ ਜਾ ਕੇ ਸੁਪਰਵੀਜ਼ਨ ਕੀਤੀ ਗਈ ਅਤੇ ਅੰਮ੍ਰਿਤਸਰ ਕਾਲਜ ਆਫ ਨਰਸਿੰਗ ਦੇ ਵਿਦਿਆਰਥੀਆਂ ਵੱਲੋਂ ਟਰਾਂਜ਼ਿਟ ਬੂਥਾਂ ਦੇ ਨਾਲ ਨਿੱਜੀ ਵਹੀਕਲਾਂ ਅਤੇ ਬੱਸਾਂ ਵਿਚ ਸਵਾਰ ਰਾਹਗੀਰਾਂ ਦੇ ਪੰਜ ਸਾਲ ਤਕ ਦੇ ਬੱਚਿਆਂ ਨੂੰ ਵੀ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ।