ਜਗਰਾਤੇ ’ਚ ਸੇਵਾ ਕਰ ਰਹੇ ਨੌਜਵਾਨਾਂ ’ਤੇ ਗੋਲੀ ਚਲਾਉਣ ਦਾ ਮਾਮਲਾ, ਨੌਂ ਖਿਲਾਫ ਕੇਸ ਦਰਜ ਜਗਰਾਤੇ ’ਚ ਸੇਵਾ ਕਰ ਰਹੇ ਨੌਜਵਾਨਾਂ ’ਤੇ ਗੋਲੀ ਚਲਾਉਣ ਦਾ ਮਾਮਲਾ, ਨੌਂ ਖਿਲਾਫ ਕੇਸ ਦਰਜ
Publish Date: Sun, 22 Nov 2026 07:47 PM (IST)
Updated Date: Sun, 22 Nov 2026 07:49 PM (IST)
ਪਰਿਵਾਰ ਦੇ ਰੋਹ ਦੇ ਚੱਲਦਿਆਂ ਪੁਲਿਸ ਨੇ ਨਾਮਜ਼ਦ ਲੋਕਾਂ ਦੇ ਘਰਾਂ ਨੂੰ ਲਗਾਏ ਤਾਲੇ ਸਟਾਫ ਰਿਪੋਰਟਰ•, ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਦੇ ਮੁਹੱਲਾ ਗੁਰੂ ਕਾ ਖੂਹ ਵਿਖੇ ਸਲਾਨਾ ਭਗਵਤੀ ਜਾਗਰਣ ਤੋਂ ਪਹਿਲਾਂ ਸੇਵਾ ਕਰ ਰਹੇ ਨੌਜਵਾਨਾਂ ’ਤੇ ਗੋਲੀਆਂ ਚਲਾਉਣ ਦੇ ਮਾਮਲੇ ’ਚ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ 9 ਲੋਕਾਂ ਖਿਲਾਫ਼ ਕਤਲ ਤੇ ਅਸਲਾ ਐਕਟ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਜਦੋਂਕਿ ਐਤਵਾਰ ਨੂੰ ਪੋਸਟਮਾਰਟਮ ਉਪਰੰਤ ਪਰਿਵਾਰ ਨੇ ਲਾਸ਼ ਦਾ ਅੰਤਿਮ ਸਸਕਾਰ ਕਰਨ ਤੋਂ ਨਾਂਹ ਕਰਦਿਆਂ ਕਥਿਤ ਮੁਲਜ਼ਮਾਂ ਨੂੰ ਕਾਬੂ ਕਰਨ ਤੇ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਸੀਲ ਕਰਨ ਦੀ ਮੰਗ ਰੱਖ ਦਿੱਤੀ। ਜਿਸ ਤੋਂ ਬਾਅਦ ਮੌਕੇ ’ਤੇ ਪੁੱਜੀ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਨਾਮਜ਼ਦ ਲੋਕਾਂ ਦੇ ਘਰਾਂ ਤੇ ਹੋਰ ਜਾਇਦਾਦਾਂ ’ਤੇ ਤਾਲੇ ਲਗਾ ਦਿੱਤੇ। ਦੱਸ ਦਈਏ ਕਿ ਇਸ ਗੋਲੀਬਾਰੀ ਦੌਰਾਨ ਇਕ ਨੌਜਵਾਨ ਦੀ ਮੌਤ ਤੇ ਤਿੰਨ ਨੌਜਵਾਨ ਜ਼ਖ਼ਮੀ ਹੋ ਗਏ ਸਨ। ਜਦੋਂਕਿ ਗੋਲੀਕਾਂਡ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੇ ਭਾਜਪਾ ਆਗੂਆਂ ਨੇ ਸਿਵਲ ਹਸਪਤਾਲ ਦੇ ਬਾਹਰ ਧਰਨਾ ਲਗਾ ਕੇ ਪੁਲਿਸ ਦੀ ਕਾਰਜ ਪ੍ਰਣਾਲੀ ’ਤੇ ਸਵਾਲ ਖੜ੍ਹੇ ਕੀਤੇ ਸਨ। ਜਿਸ ਤੋਂ ਬਾਅਦ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ। ਮ੍ਰਿਤਕ ਸੁਖਰਾਜ ਸਿੰਘ ਗੌਰੀ ਦੇ ਭਰਾ ਸਾਜਨ ਕੁਮਾਰ ਪੁੱਤਰ ਜੈਮਲ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਸ਼ਨੀਵਾਰ ਨੂੰ ਹੋਣ ਵਾਲੇ ਸਲਾਨਾ ਜਗਰਾਤੇ ਦੇ ਚੱਲਦਿਆਂ ਮੁਹੱਲੇ ਦੇ ਨੌਜਵਾਨ ਹਰਦੀਪ ਸਿੰਘ ਕਾਕਾ ਪੁੱਤਰ ਮੁਖਤਾਰ ਸਿੰਘ, ਰਿਸ਼ੀ ਕੁਮਾਰ ਪੁੱਤਰ ਤਰਸੇਮ ਸਿੰਘ ਤੇ ਬੌਬੀ ਪੁੱਤਰ ਧੀਰਾ ਸਿੰਘ ਦੇ ਨਾਲ ਉਸਦਾ ਭਰਾ ਸੁਖਰਾਜ ਸਿੰਘ ਗੌਰੀ ਵੀ ਮਹਾਰਾਜਾ ਰਣਜੀਤ ਸਿੰਘ ਸਕੂਲ ਕੋਲ ਲੰਗਰ ਲਗਾਉਣ ਦੀ ਤਿਆਰੀ ਕਰ ਰਹੇ ਸੀ। ਇਸੇ ਦੌਰਾਨ ਮੋਹਿਤ, ਵਿਨੇ ਪੁੱਤਰ ਮੁਕੱਦਰ ਸਿੰਘ, ਹਰਪ੍ਰੀਤ ਸਿੰਘ ਪੁੱਤਰ ਬਗੀਚਾ ਸਿੰਘ ਲਵ ਪੁੱਤਰ ਰਾਜ ਕੁਮਾਰ, ਰਘੂ ਪੁੱਤਰ ਸਿਕੰਦਰ ਸਿੰਘ, ਜੱਜਬੀਰ ਸਿੰਘ ਪੁੱਤਰ ਬਗੀਚਾ ਸਿੰਘ ਤੇ ਵਿਸ਼ਾਲ ਗਿੱਲ ਵਾਸੀ ਗਲੀ ਖੱਡੀਆਂ ਵਾਲੀ ਮੁਹੱਲਾ ਗੁਰੂ ਕਾ ਖੂਹ ਤਰਨਤਾਰਨ ਦੋ ਅਣਪਛਾਤਿਆਂ ਸਮੇਤ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਆਏ ਤੇ ਸੇਵਾ ਕਰਦੇ ਨੌਜਵਾਨਾਂ ਉੱਪਰ ਗੋਲੀਆਂ ਚਲਾ ਦਿੱਤੀਆਂ। ਜਿਸਦੇ ਚੱਲਦਿਆਂ ਸੁਖਰਾਜ ਸਿੰਘ ਗੌਰੀ ਦੀ ਮੌਤ ਹੋ ਗਈ ਤੇ ਬੌਬੀ, ਰਿਸ਼ੀ ਕੁਮਾਰ ਤੇ ਹਰਦੀਪ ਸਿੰਘ ਕਾਕਾ ਗੋਲੀਆਂ ਲੱਗਣ ਕਾਰਨ ਜ਼ਖ਼ਮੀ ਹੋ ਗਏ। ਉਸ ਨੇ ਬਿਆਨਾਂ ’ਚ ਦੋਸ਼ ਲਗਾਇਆ ਕਿ ਜੱਜਬੀਰ ਸਿੰਘ ਨੇ ਰੈਕੀ ਕਰਕੇ ਗੋਲੀਆਂ ਚਲਾਉਣ ਵਾਲਿਆਂ ਨੂੰ ਜਾਣਕਾਰੀ ਦਿੱਤੀ। ਉੱਧਰ ਐਤਵਾਰ ਨੂੰ ਪਰਿਵਾਰ ਨੇ ਸਸਕਾਰ ਤੋਂ ਪਹਿਲਾਂ ਸਸਕਾਰ ਕਰਨ ਤੋਂ ਮਨ੍ਹਾਂ ਕਰਕੇ ਰੋਸ ਜਾਹਿਰ ਕਰਦਿਆਂ ਕਿਹਾ ਕਿ ਹਮਲਾਵਰ ਗੋਲੀਆਂ ਚਲਾ ਕੇ ਫ਼ਰਾਰ ਹੋ ਗਏ ਹਨ ਤੇ ਪੁਲਿਸ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਸੀਲ ਕਰੇ। ਜਿਸ ਤੋਂ ਬਾਅਦ ਥਾਣਾ ਸਿਟੀ ਦੀ ਪੁਲਿਸ ਨੇ ਕਈ ਘਰਾਂ ਤੇ ਦੁਕਾਨਾਂ ਨੂੰ ਤਾਲੇ ਲਗਾ ਦਿੱਤੇ। ਦੂਜੇ ਪਾਸੇ ਐੱਸਪੀ ਸੁਖਨਿੰਦਰ ਸਿੰਘ ਨੇ ਦੱਸਿਆ ਕਿ ਗੋਲੀਬਾਰੀ ਦੀ ਘਟਨਾ ਸਬੰਧੀ ਨੌਂ ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਤੇ ਤਿੰਨ ਜਣੇ ਹਿਰਾਸਤ ’ਚ ਵੀ ਲੈ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਬਾਕੀਆਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਟੀਮਾਂ ਸਰਗਰਮ ਹਨ ਤੇ ਜਲਦ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।