ਡੇਹਰਾ ਸਾਹਿਬ ਤੋਂ ਸੁਲਤਾਨਪੁਰ ਲੋਧੀ ਲਈ ਸਜਾਏ ਨਗਰ ਕੀਰਤਨ ਦਾ ਫਤਿਆਬਾਦ ’ਚ ਭਰਵਾਂ ਸਵਾਗਤ ਡੇਹਰਾ ਸਾਹਿਬ ਤੋਂ ਸੁਲਤਾਨਪੁਰ ਲੋਧੀ ਲਈ ਸਜਾਏ ਨਗਰ ਕੀਰਤਨ ਦਾ ਫਤਿਆਬਾਦ ’ਚ ਭਰਵਾਂ ਸਵਾਗਤ
Publish Date: Sun, 22 Nov 2026 06:16 PM (IST)
Updated Date: Sun, 22 Nov 2026 06:19 PM (IST)
ਚੋਪੜਾ ਪਰਿਵਾਰ ਨੇ ਫੁੱਲਾਂ ਦੀ ਵਰਖਾ ਕਰਕੇ ਕੀਤਾ ਸਵਾਗਤ, ਫਲ-ਫਰੂਟ ਦੇ ਲੰਗਰ ਵਰਤਾਏ ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ ਸ੍ਰੀ ਗੋਇੰਦਵਾਲ ਸਾਹਿਬ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਸਾਹਿਬ ਦੇ ਪਿਤਾ-ਪੁਰਖੀ ਪਿੰਡ ਡੇਹਰਾ ਸਾਹਿਬ ਲੁਹਾਰ ਤੋਂ ਸੁਲਤਾਨਪੁਰ ਲੋਧੀ ਲਈ ਸਜਾਏ ਗਏ ਨਗਰ ਕੀਰਤਨ ਦਾ ਵੱਖ-ਵੱਖ ਪਿੰਡਾਂ ਤੋਂ ਹੁੰਦਾ ਹੋਇਆ ਕਸਬਾ ਫਤਿਆਬਾਦ ਵਿਖੇ ਪਹੁੰਚਣ ਤੇ ਸੰਗਤਾਂ ਵੱਲੋਂ ਬੇਹੱਦ ਸ਼ਰਧਾ ਤੇ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ। ਫੁੱਲਾਂ ਨਾਲ ਸਜਾਈ ਸੁੰਦਰ ਪਾਲਕੀ ਸਾਹਿਬ ’ਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜੇ ਨਗਰ ਕੀਰਤਨ ਦੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਪੜਾਓ ਸਾਹਿਬ ਵਿਖੇ ਪਹੁੰਚਣ ਤੇ ਸੰਗਤਾਂ ਨੇ ਫੁੱਲਾਂ ਦੀ ਵਰਖਾ ਅਤੇ ਸਤਿਕਾਰ ਭਰੇ ਜੈਕਾਰਿਆਂ ਨਾਲ ਸਵਾਗਤ ਕੀਤਾ। ਨਗਰ ਕੀਰਤਨ ਦੌਰਾਨ ਜਿਥੇ ਸ਼ਬਦੀ ਜਥੇ ਗੁਰੂ ਜਸ ਰਾਹੀਂ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ ਉਥੇ ਹੀ ਗਤਕਾ ਪਾਰਟੀਆਂ ਜੰਗਜੂ ਕਲਾ ਦੇ ਨਜ਼ਾਰੇ ਪੇਸ਼ ਕਰ ਰਹੇ ਸਨ। ਇਸ ਮੌਕੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਪੜਾਓ ਸਾਹਿਬ ਫਤਿਆਬਾਦ ਸਾਹਮਣੇ ਪੜਾਅ ’ਤੇ ਜੈਕਾਰਿਆਂ ਦੀ ਗੂੰਜ ਨਾਲ ਨਗਰ ਕੀਰਤਨ ਦਾ ਭਰਵਾ ਸਵਾਗਤ ਕੀਤਾ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਤਨ ਸਿੰਘ ਦਿਓਲ, ਬਲਦੇਵ ਸਿੰਘ ਸ਼ੈਲਰ ਵਾਲੇ, ਨੰਬਰਦਾਰ ਸੰਤੋਖ ਸਿੰਘ, ਭੁਪਿੰਦਰ ਸਿੰਘ ਭਿੰਦਾ ਸਰਪੰਚ, ਕਸ਼ਮੀਰ ਸਿੰਘ ਸਹੋਤਾ, ਜਸਬੀਰ ਸਿੰਘ ਸਾਬੀ ਮੈਂਬਰ, ਡਾ. ਮਨਜੀਤ ਸਿੰਘ, ਹਰਜਿੰਦਰ ਸਿੰਘ, ਸੁਖਪਾਲ ਸਿੰਘ ਕਾਨੂੰਗੋ, ਮਹਿੰਦਰ ਸਿੰਘ ਖੁਰਾਨਾ, ਭਾਈ ਰਣਦੀਪ ਸਿੰਘ ਹੈਪੀ, ਭਾਈ ਜਸਕਰਨ ਸਿੰਘ, ਹਰਪਾਲ ਸਿੰਘ, ਜਗਜੀਤ ਸਿੰਘ ਕਾਲੂ, ਲੱਕੀ ਚਾਵਲਾ ਸਮੇਤ ਹੋਰ ਸ਼ਖ਼ਸੀਅਤਾਂ ਵੱਲੋਂ ਪੰਜ ਪਿਆਰਿਆਂ ਤੇ ਨਗਰ ਕੀਰਤਨ ਦੇ ਪ੍ਰਬੰਧਕਾਂ ਬਾਬਾ ਕੁਲਵਿੰਦਰ ਸਿੰਘ, ਬਾਬਾ ਨੰਦ ਸਿੰਘ ਮੁੰਡਾ ਪਿੰਡ, ਬਾਬਾ ਪਿਆਰਾ ਸਿੰਘ ਲੁਹਾਰ, ਮੈਨੇਜਰ ਨਿਰਮਲ ਸਿੰਘ ਤੇ ਹੋਰ ਸਨਮਾਨਿਤ ਹਸਤੀਆਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਉਪਰੰਤ ਨਗਰ ਕੀਰਤਨ ਅਗਲੇ ਪੜਾਅ ਲਈ ਰਵਾਨਾ ਹੋ ਗਿਆ। ------------- ਚੋਪੜਾ ਪਰਿਵਾਰ ਵੱਲੋਂ ਕੀਤਾ ਗਿਆ ਨਗਰ ਕੀਰਤਨ ਦਾ ਸਵਾਗਤ ਸੀਨੀਅਰ ਆਗੂ ਤੇ ਕਾਰੋਬਾਰੀ ਪ੍ਰਦੀਪ ਚੋਪੜਾ ਦੇ ਗ੍ਰਹਿ ਸਾਹਮਣੇ ਪੜਾਓ ਤੇ ਚੋਪੜਾ ਪਰਿਵਾਰ ਵੱਲੋਂ ਨਗਰ ਕੀਰਤਨ ਦਾ ਫੁੱਲਾਂ ਦੀ ਵਰਖਾ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਭਾਈ ਪ੍ਰਦੀਪ ਸਿੰਘ ਰਾਹਲ ਚਾਹਲ ਅਤੇ ਸਾਥੀਆਂ ਦੇ ਕਵੀਸ਼ਰੀ ਜਥੇ ਵੱਲੋਂ ਸ੍ਰੀ ਗੁਰੂ ਸਾਹਿਬ ਜੀ ਦੇ ਜੀਵਨ ਅਤੇ ਇਤਿਹਾਸ ਨਾਲ ਸਬੰਧਿਤ ਪ੍ਰਸੰਗਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਚੋਪੜਾ ਪਰਿਵਾਰ ਦੇ ਮੈਂਬਰਾਂ ਪ੍ਰਵੀਨ ਚੋਪੜਾ, ਦਾਰਾ ਚੋਪੜਾ, ਸੁਨੈਨਾ ਚੋਪੜਾ, ਰੌਣਕ ਚੋਪੜਾ ਅਤੇ ਰਿਤਿਕ ਚੋਪੜਾ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਸੁੰਦਰ ਰੁਮਾਲੇ ਭੇਟ ਕੀਤੇ ਗਏ। ਇਸ ਤੋਂ ਇਲਾਵਾ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਪੰਜ ਪਿਆਰਿਆਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਪਰਿਵਾਰ ਵੱਲੋਂ ਨਗਰ ਕੀਰਤਨ ਦੇ ਪ੍ਰਬੰਧਕਾਂ ਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਬਾਬਾ ਕੁਲਵਿੰਦਰ ਸਿੰਘ, ਬਾਬਾ ਨੰਦ ਸਿੰਘ ਮੁੰਡਾ ਪਿੰਡ, ਬਾਬਾ ਪਿਆਰਾ ਸਿੰਘ ਲੁਹਾਰ ਅਤੇ ਸਰਪੰਚ ਪ੍ਰਿਤਪਾਲ ਸਿੰਘ ਸਮੇਤ ਹੋਰਨਾਂ ਸ਼ਖਸੀਅਤਾਂ ਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਦਾਰਾ ਚੋਪੜਾ ਨੇ ਕਿਹਾ ਕਿ ਸ੍ਰੀ ਗੁਰੂ ਸਾਹਿਬ ਜੀ ਵੱਲੋਂ ਬਖ਼ਸ਼ੇ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦੇ ਮਹਾਨ ਸਿਧਾਂਤ ਅੱਜ ਵੀ ਮਨੁੱਖਤਾ ਲਈ ਚਾਨਣ ਮੁਨਾਰਾ ਹਨ। ਨੌਜਵਾਨ ਪੀੜ੍ਹੀ ਨੂੰ ਸ੍ਰੀ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਤੋਂ ਪ੍ਰੇਰਣਾ ਲੈ ਕੇ ਇਮਾਨਦਾਰੀ, ਸੇਵਾ ਅਤੇ ਆਪਸੀ ਭਾਈਚਾਰੇ ਦੀ ਭਾਵਨਾ ਨਾਲ ਚੰਗੇ ਸਮਾਜ ਦੀ ਸਿਰਜਣਾ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਚੋਪੜਾ ਪਰਿਵਾਰ ਵੱਲੋਂ ਸੰਗਤਾਂ ਲਈ ਜਲ-ਪਾਣੀ ਅਤੇ ਫਲ-ਫਰੂਟ ਦੇ ਲੰਗਰ ਵੀ ਵਰਤਾਏ ਗਏ।