ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ ਸੁਰਸਿੰਘ ’ਚ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ
Publish Date: Sun, 22 Nov 2026 06:06 PM (IST)
Updated Date: Sun, 22 Nov 2026 06:10 PM (IST)
ਕਾਰਜ ਸਿੰਘ ਬਿੱਟੂ, •ਪੰਜਾਬੀ ਜਾਗਰਣ ਸੁਰਸਿੰਘ : ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਬਲਾਕ ਭਿੱਖੀਵਿੰਡ ਦੇ ਪ੍ਰਧਾਨ ਨਰਿੰਦਰ ਕੌਰ ਤੇ ਸਰਕਲ ਪ੍ਰਧਾਨ ਗੁਰਮੀਤ ਕੌਰ ਕੋਟਲੀ ਸੁਰਸਿੰਘ ਦੀ ਅਗਵਾਈ ਹੇਠ ਕਸਬਾ ਸੁਰਸਿੰਘ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਬਲਾਕ ਪ੍ਰਧਾਨ ਨਰਿੰਦਰ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਵਿਧਾਨ ਸਭਾ ਚੋਣਾਂ ਸਮੇਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨਾਲ ਵਾਅਦਾ ਕੀਤਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਉਨ੍ਹਾਂ ਦਾ ਮਾਣ ਭੱਤਾ ਦੁੱਗਣਾ ਕੀਤਾ ਜਾਵੇਗਾ। ਪਰ ਅਜੇ ਤਕ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਸਰਕਾਰ ਵੱਲੋਂ ਲਗਾਤਾਰ ਅਣਗੌਲਿਆ ਹੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਅਜੇ ਤਕ ਆਂਗਣਵਾੜੀ ਜਥੇਬੰਦੀਆਂ ਨੂੰ ਮਿਲਣ ਦਾ ਸਮਾਂ ਤਕ ਨਹੀਂ ਦਿੱਤਾ ਗਿਆ ਅਤੇ ਸਰਕਾਰ ਨੇ ਵਰਕਰਾਂ ਅਤੇ ਹਲਪਰਾਂ ਦੀਆਂ ਸਮੱਸਿਆਂਵਾਂ ਦੇ ਹੱਲ ਕਰਨ ਦੀ ਬਜਾਏ ਉਨ੍ਹਾਂ ਨੂੰ ਸੰਘਰਸ਼ ਕਰਨ ਲਈ ਮਜ਼ਬੂਰ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਪ੍ਰਧਾਨ ਹਰਿਗੋਬਿੰਦ ਕੌਰ ਦੇ ਸੱਦੇ ’ਤੇ 16 ਨਵੰਬਰ ਤੋਂ 6 ਦਸੰਬਰ ਤਕ ਪੂਰੇ ਪੰਜਾਬ ’ਚ ਪੰਜਾਬ ਸਰਕਾਰ ਦੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਸ ਮੌਕੇ ਬਲਾਕ ਪ੍ਰਧਾਨ ਨਰਿੰਦਰ ਕੌਰ, ਸਰਕਲ ਪ੍ਰਧਾਨ ਗੁਰਮੀਤ ਕੌਰ ਕੋਟਲੀ ਸੁਰਸਿੰਘ, ਜਨਰਲ ਸਕੱਤਰ ਲਖਬੀਰ ਕੌਰ, ਬਲਵਿੰਦਰ ਕੌਰ, ਕਵਲਜੀਤ ਕੌਰ, ਬਲਵੀਰ ਕੌਰ, ਗੁਰਬਚਨ ਕੌਰ, ਰਾਜਵਿੰਦਰ ਕੌਰ, ਰਜਵੰਤ ਕੌਰ ਆਦਿ ਹਾਜ਼ਰ ਸਨ।