5 ਸਾਲ ਤਕ ਦਾ ਕੋਈ ਵੀ ਬੱਚਾ ਪੋਲੀਓ ਰੋਕੂ ਬੂੰਦਾਂ ਤੋਂ ਵਾਂਝਾ ਨਾ ਰਹੇ - ਡਾ. ਨਿਰਮਲ ਓਸੇਪਚਨ 5 ਸਾਲ ਤਕ ਦਾ ਕੋਈ ਵੀ ਬੱਚਾ ਪੋਲੀਓ ਰੋਕੂ ਬੂੰਦਾਂ ਤੋਂ ਵਾਂਝਾ ਨਾ ਰਹੇ - ਡਾ. ਨਿਰਮਲ ਓਸੇਪਚਨ
Publish Date: Sun, 22 Nov 2026 05:38 PM (IST)
Updated Date: Sun, 22 Nov 2026 05:40 PM (IST)
ਡਿਪਟੀ ਕਮਿਸ਼ਨਰ ਨੇ ਸਬ-ਨੈਸ਼ਨਲ ਪਲਸ ਪੋਲੀਓ ਰਾਊਂਡ ਦੀ ਕੀਤੀ ਸ਼ੁਰੂਆਤ, ਜ਼ਿਲ੍ਹੇ ‘ਚ 1 ਲੱਖ 43 ਹਜ਼ਾਰ 350 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਦਾ ਟੀਚਾ : ਸਿਵਲ ਸਰਜਨ ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ ਤਰਨਤਾਰਨ : ਤਰਨਤਾਰਨ ਜ਼ਿਲ੍ਹੇ ’ਚ ਸਬ-ਨੈਸ਼ਨਲ ਪਲਸ ਪੋਲੀਓ ਰਾਊਂਡ ਦੀ ਸ਼ੁਰੂਆਤ ਕੀਤੀ ਗਈ। 22 ਤੋਂ 24 ਨਵੰਬਰ ਤਕ ਚੱਲਣ ਵਾਲੇ ਇਸ ਤਿੰਨ ਰੋਜ਼ਾ ਰਾਊਂਡ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਡਾ. ਨਿਰਮਲ ਓਸੇਪਚਨ ਵੱਲੋਂ ਜ਼ਿਲ੍ਹਾ ਹਸਪਤਾਲ ਤਰਨਤਾਰਨ ਵਿਖੇ ਛੋਟੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾ ਕੇ ਕੀਤੀ ਗਈ। ਇਸ ਮੌਕੇ ਸਿਵਲ ਸਰਜਨ ਡਾ. ਸੰਦੀਪ ਧਵਨ ਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ-ਕਮ-ਨੋਡਲ ਅਫ਼ਸਰ ਡਾ. ਵਰਿੰਦਰਪਾਲ ਕੌਰ ਵੀ ਉਨ੍ਹਾਂ ਦੇ ਨਾਲ ਸਨ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਹਦਾਇਤ ਕੀਤੀ ਕਿ ਜ਼ਿਲ੍ਹੇ ਵਿਚ ਜਨਮ ਤੋਂ 5 ਸਾਲ ਤਕ ਦਾ ਕੋਈ ਵੀ ਬੱਚਾ ਪੋਲੀਓ ਰੋਕੂ ਬੂੰਦਾਂ ਪੀਣ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਜਨਮ ਤੋਂ 5 ਸਾਲ ਤਕ ਦੇ ਛੋਟੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਜ਼ਰੂਰ ਪਿਲਾਉਣ। ਇਸ ਮੌਕੇ ਸਿਵਲ ਸਰਜਨ ਡਾ. ਸੰਦੀਪ ਧਵਨ ਨੇ ਦੱਸਿਆ ਕਿ ਜ਼ਿਲ੍ਹਾ ਤਰਨਤਾਰਨ ਵਿਚ ਕੁਲ 1 ਲੱਖ 43 ਹਜ਼ਾਰ 350 ਜਨਮ ਤੋਂ 5 ਸਾਲ ਤਕ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣੀਆਂ ਯਕੀਨੀ ਬਣਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਰਾਊਂਡ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਜ਼ਿਲ੍ਹੇ ’ਚ 574 ਫਿਕਸ ਬੂਥ, 1 ਹਜ਼ਾਰ 167 ਡੋਰ-ਟੂ-ਡੋਰ ਟੀਮਾਂ, 38 ਟ੍ਰਾਂਜਿਟ ਟੀਮਾਂ, 51 ਮੋਬਾਈਲ ਟੀਮਾਂ ਤੇ ਇਸ ਦੇ ਯੋਗ ਪ੍ਰਬੰਧਾਂ ਲਈ 2 ਹਜ਼ਾਰ 521 ਵੈਕਸੀਨੇਟਰ ਨਿਯੁਕਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਟੀਮਾਂ ਦੀ ਸੁਪਰਵਿਜ਼ਨ ਲਈ ਜ਼ਿਲ੍ਹੇ ’ਚ ਕੁੱਲ 115 ਸੁਪਰਵਾਈਜ਼ਰ ਵੀ ਤਾਇਨਾਤ ਕਰ ਦਿੱਤੇ ਗਏ ਹਨ ਅਤੇ ਵੱਖ-ਵੱਖ ਬਲਾਕਾਂ ਦੀ ਸੁਪਰਵਿਜ਼ਨ ਲਈ ਸਮੂਹ ਬਲਾਕਾ ਦੇ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਵੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ, ਤਾਂ ਜੋ ਇਸ ਪਲਸ ਪੋਲੀਓ ਰਾਊਂਡ ’ਚ ਕੋਈ ਵੀ ਬੱਚਾ ਪੋਲੀਓ ਬੂੰਦਾਂ ਤੋ ਵਾਂਝਾ ਨਾ ਰਹੇ। ਜ਼ਿਲ੍ਹਾ ਟੀਕਾਕਰਨ ਅਫ਼ਸਰ-ਕਮ-ਨੋਡਲ ਅਫ਼ਸਰ ਡਾ. ਵਰਿੰਦਰਪਾਲ ਕੌਰ ਨੇ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹੇ ’ਚ ਕੁੱਲ 131 ਦੇ ਕਰੀਬ ਭੱਠਿਆਂ ਅਤੇ 185 ਹਾਈਰਿਸਕ ਏਰੀਏ ਤੋਂ ਇਲਾਵਾ ਫੈਕਟਰੀਆਂ, ਕਾਰਖਾਨਿਆਂ ਆਦਿ ਲਈ ਵੀ ਮੋਬਾਈਲ ਟੀਮਾਂ ਦਾ ਪ੍ਰਬੰਧ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਿਹੜੇ ਬੱਚੇ ਪੋਲੀਓ ਰੋਕੂ ਬੂੰਦਾਂ ਤੋ ਵਾਂਝੇ ਰਹਿ ਜਾਣਗੇ, ਉਨ੍ਹਾਂ ਬੱਚਿਆਂ ਨੂੰ ਸਿਹਤ ਵਿਭਾਗ ਦੀਆਂ ਪੋਲੀਓ ਮੋਬਾਈਲ ਟੀਮਾਂ ਡੋਰ-ਟੂ-ਡੋਰ ਜਾ ਕੇ, ਭੱਠਿਆਂ ਤੇ ਜਾ ਕੇ ਅਤੇ ਸਲੱਮ ਏਰੀਏ ਝੁੱਗੀਆਂ-ਝੌਂਪੜੀਆਂ ਵਿਚ ਜਾ ਕੇ ਪੋਲੀਓ ਰੋਕੂ ਬੂੰਦਾਂ ਪਿਲਾਉਣਗੀਆਂ। ਇਸ ਮੌਕੇ ਐੱਸਐੱਮਓ ਸਿਵਲ ਹਸਪਤਾਲ ਡਾ. ਸੁਰਿੰਦਰ ਕੁਮਾਰ, ਡਾ. ਅਮਨਦੀਪ ਕੌਰ, ਡਾ. ਰੁਪਿੰਦਰ ਕੌਰ, ਡਾ. ਲਾਜਵੀਰ ਸਿੰਘ ਅਤੇ ਹੋਰ ਹਾਜ਼ਰ ਸਨ।