ਸਰਕਾਰੀ ਹਸਪਤਾਲ ’ਚ ਡਾਕਟਰਾਂ ਦੀ ਘਾਟ, ਬੱਸ ਅੱਡੇ ’ਤੇ ਸਰਕਾਰੀ ਬੱਸਾਂ ਦੀ ਉਡੀਕ ਸਰਕਾਰੀ ਹਸਪਤਾਲ ’ਚ ਡਾਕਟਰਾਂ ਦੀ ਘਾਟ, ਬੱਸ ਅੱਡੇ ’ਤੇ ਸਰਕਾਰੀ ਬੱਸਾਂ ਦੀ ਉਡੀਕ
Publish Date: Sat, 21 Nov 2026 05:15 PM (IST)
Updated Date: Sat, 21 Nov 2026 05:16 PM (IST)
ਸਬ-ਡਵੀਜ਼ਨ ਦਫ਼ਤਰ ’ਚ ਤਹਿਸੀਲਦਾਰ ਦੀ ਘਾਟ ਨਾਲ ਜੂਝ ਰਿਹੈ ਖਡੂਰ ਸਾਹਿਬ ਸੜਕਾਂ ਟੁੱਟੀਆਂ, ਕੂੜੇ ਦਾ ਪੱਕਾ ਡੰਪ ਨਾ ਹੋਣ ਕਾਰਨ ਸੜਕਾਂ ਕਿਨਾਰੇ ਲੱਗੇ ਗੰਦਗੀ ਦੇ ਢੇਰ ਲੋਕਾਂ ਨੂੰ ਸਹੂਲਤਾਂ ਦੇਣ ਦੇ ਸਰਕਾਰੀ ਦਾਅਵਿਆਂ ਦੀ ਨਿਕਲ ਰਹੀ ਹੈ ਫੂਕ ਕੁਲਦੀਪ ਸਿੰਘ ਮਾਨ•, ਪੰਜਾਬੀ ਜਾਗਰਣ ਖਡੂਰ ਸਾਹਿਬ : ਅੱਠ ਗੁਰੂ ਸਾਹਿਬਾਨ ਦੀ ਚਰਨਛੋਹ ਪ੍ਰਾਪਤ ਇਤਿਹਾਸਕ ਨਗਰ ਸ੍ਰੀ ਖਡੂਰ ਸਾਹਿਬ, ਜਿਸ ਨੂੰ ਸਬ-ਡਵੀਜ਼ਨ ਦਾ ਦਰਜਾ ਪ੍ਰਾਪਤ ਹੈ, ਪਿਛਲੇ ਲੰਮੇ ਸਮੇਂ ਤੋਂ ਅਨੇਕਾਂ ਮੁਸ਼ਕਲਾਂ ਨਾਲ ਜੂਝਦਾ ਨਜ਼ਰ ਆ ਰਿਹਾ ਹੈ। ਇਸ ਪਵਿੱਤਰ ਨਗਰ ਦੇ ਵਿਕਾਸ ’ਚ ਇਸੇ ਹਲਕੇ ਦੇ ਦੋ ਸਾਬਕਾ ਮੰਤਰੀਆਂ ਕਾਂਗਰਸ ਪਾਰਟੀ ਦੇ ਸਵ. ਮਾਸਟਰ ਜਗੀਰ ਸਿੰਘ ਖਹਿਰਾ ਅਤੇ ਮਾਝੇ ਦੇ ਜਰਨੈਲ ਵਜੋਂ ਜਾਣੇ ਜਾਂਦੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਸਵ. ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਉਨ੍ਹਾਂ ਵੱਲੋਂ ਖਡੂਰ ਸਾਹਿਬ ’ਚ ਪਾਵਰਕਾਮ ਦਾ ਸਬ-ਸਟੇਸ਼ਨ, ਸਬ-ਡਵੀਜ਼ਨ ਦਾ ਦਰਜਾ, ਸਬ-ਡਵੀਜ਼ਨਲ ਹਸਪਤਾਲ, ਕੰਕਰੀਟ ਅਤੇ ਇੰਟਰਲਾਕਿੰਗ ਟਾਈਲਾਂ ਵਾਲੀਆਂ ਗਲੀਆਂ, ਸ਼ੁੱਧ ਪਾਣੀ ਦੀਆਂ ਟੈਂਕੀਆਂ, ਆਈਟੀਆਈ, ਮਾਰਕੀਟ ਕਮੇਟੀ ਦਾ ਦਫ਼ਤਰ, ਦਾਣਾ ਮੰਡੀ ’ਚ ਸ਼ੈੱਡ, ਖੇਡ ਸਟੇਡੀਅਮ ਅਤੇ ਬੱਸ ਅੱਡਾ ਆਦਿ ਬਣਵਾਏ ਗਏ। ਇਸ ਤੋਂ ਇਲਾਵਾ ਰੋਡਵੇਜ਼ ਦੀਆਂ ਲੰਮੇ ਰੂਟਾਂ ਵਾਲੀਆਂ ਬੱਸਾਂ ਵੀ ਚਲਾਈਆਂ ਗਈਆਂ। ਪਰ ਖਡੂਰ ਸਾਹਿਬ ਦੀ ਸਥਿਤੀ ਇਹ ਹੈ ਕਿ ਸਬ-ਡਵੀਜ਼ਨਲ ਹਸਪਤਾਲ ’ਚ ਸਪੈਸ਼ਲਿਸਟ ਡਾਕਟਰਾਂ, ਲੈਬ ਟੈਕਨੀਸ਼ੀਅਨਾਂ, ਕਲਰਕਾਂ, ਸਫ਼ਾਈ ਸੇਵਕਾਂ ਅਤੇ ਅਲਟਰਾਸਾਊਂਡ ਦੀ ਸਹੂਲਤ ਦੀ ਵੱਡੀ ਘਾਟ ਹੈ। ਇਸ ਕਾਰਨ ਲੋਕਾਂ ਨੂੰ ਮਜਬੂਰੀਵੱਸ ਦੂਰ-ਦੁਰਾਡੇ ਸਥਿਤ ਮਹਿੰਗੇ ਹਸਪਤਾਲਾਂ ’ਚ ਜਾਣਾ ਪੈਂਦਾ ਹੈ। ਇਕ ਪਾਸੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੁਹੱਲਾ ਕਲੀਨਿਕ ਖੋਲ੍ਹ ਰਹੇ ਹਨ ਅਤੇ ਦੂਜੇ ਪਾਸੇ ਪਹਿਲਾਂ ਤੋਂ ਚੱਲ ਰਹੇ ਸਿਹਤ ਕੇਂਦਰਾਂ ’ਚ ਡਾਕਟਰਾਂ ਅਤੇ ਹੋਰ ਸਟਾਫ ਦੀ ਕਮੀ ਕਾਰਨ ਮਰੀਜ਼ਾਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਤਰ੍ਹਾਂ ਖਡੂਰ ਸਾਹਿਬ ’ਚ ਬੱਸ ਅੱਡਾ ਤਾਂ ਮੌਜੂਦ ਹੈ, ਪਰ ਰੋਡਵੇਜ਼ ਦੀਆਂ ਬੱਸਾਂ ਗਾਇਬ ਹਨ। ਇਸ ਕਾਰਨ ਇਲਾਕੇ ਦੀਆਂ ਔਰਤਾਂ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਤੋਂ ਵਾਂਝੀਆਂ ਹਨ। ਪਿਛਲੇ ਕਾਫ਼ੀ ਸਮੇਂ ਤੋਂ ਸਬ-ਡਵੀਜ਼ਨਲ ਦਫ਼ਤਰ ਖਡੂਰ ਸਾਹਿਬ ਵਿਖੇ ਤਹਿਸੀਲਦਾਰ ਦੀ ਕੁਰਸੀ ਖਾਲੀ ਪਈ ਹੋਣ ਕਾਰਨ ਨਾਇਬ ਤਹਿਸੀਲਦਾਰ ਨੂੰ ਚਾਰਜ ਦਿੱਤਾ ਹੋਇਆ ਸੀ। ਲੋਕਾਂ ਅਨੁਸਾਰ, ਉਨ੍ਹਾਂ ਕੋਲ ਪਹਿਲਾਂ ਹੀ ਤਿੰਨ-ਚਾਰ ਹੋਰ ਤਹਿਸੀਲਾਂ ਦਾ ਵਾਧੂ ਚਾਰਜ ਹੋਣ ਕਾਰਨ ਆਪਣੇ ਕੰਮਾਂ ਲਈ ਤਹਿਸੀਲ ਦਫ਼ਤਰ ਖਡੂਰ ਸਾਹਿਬ ਆਉਣ ਵਾਲੇ ਲੋਕਾਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਭਾਵੇਂ ਕੁਝ ਦਿਨ ਪਹਿਲਾਂ ਉੱਥੇ ਤਹਿਸੀਲਦਾਰ ਦੀ ਨਿਯੁਕਤੀ ਕਰ ਦਿੱਤੀ ਗਈ ਹੈ, ਪਰ ਉਨ੍ਹਾਂ ਦੇ ਛੁੱਟੀ ’ਤੇ ਜਾਣ ਕਾਰਨ ਇਸ ਨਿਯੁਕਤੀ ਦਾ ਲੋਕਾਂ ਨੂੰ ਅਜੇ ਤਕ ਕੋਈ ਲਾਭ ਹੁੰਦਾ ਨਜ਼ਰ ਨਹੀਂ ਆ ਰਿਹਾ। ਭਾਵੇਂ ਮਾਨ ਸਰਕਾਰ ਵੱਲੋਂ ਸਭ ਅੱਛਾ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਲੋਕਾਂ ’ਚ ਇਸ ਗੱਲ ਦੀ ਭਾਰੀ ਚਰਚਾ ਹੈ ਕਿ ਇਹ ਸਰਕਾਰ ਪਹਿਲੀਆਂ ਸਰਕਾਰਾਂ ਨਾਲੋਂ ਵੀ ਮਾੜੀ ਸਾਬਿਤ ਹੋ ਰਹੀ ਹੈ। ਇਤਿਹਾਸਕ ਨਗਰ ਨੂੰ ਜੁੜੀਆਂ ਸੜਕਾਂ ਦੇ ਮੰਦੜੇ ਹਾਲ ਇਤਿਹਾਸਕ ਨਗਰ ਨੂੰ ਚਾਰੇ ਪਾਸਿਓਂ ਜੋੜਦੀਆਂ ਸੜਕਾਂ ਬੁਰੀ ਤਰ੍ਹਾਂ ਟੁੱਟੀਆਂ ਹੋਣ ਕਾਰਨ ਇਨ੍ਹਾਂ ਦੀ ਹਾਲਤ ਬੇਹੱਦ ਖਸਤਾ ਹੋ ਚੁੱਕੀ ਹੈ। ਇਸ ਕਾਰਨ ਇਤਿਹਾਸਕ ਨਗਰ ਦੇ ਦਰਸ਼ਨਾਂ ਲਈ ਆਉਣ ਵਾਲੀਆਂ ਸੰਗਤਾਂ ਤੇ ਇਲਾਕੇ ਦੇ ਲੋਕਾਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੂੜੇ ਦੇ ਨਿਪਟਾਰੇ ਲਈ ਕੋਈ ਪੱਕਾ ਪ੍ਰਬੰਧ ਨਾ ਹੋਣ ਕਾਰਨ ਸੜਕਾਂ ਦੇ ਕਿਨਾਰਿਆਂ ’ਤੇ ਹੀ ਗੰਦਗੀ ਦੇ ਢੇਰ ਲੱਗੇ ਹੋਏ ਹਨ, ਜੋ ਅਨੇਕਾਂ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ। ਮੇਨ ਬਾਜ਼ਾਰ ਵੀ ਸਟਰੀਟ ਲਾਈਟਾਂ ਤੋਂ ਵਾਂਝਾ ਮੇਨ ਬਾਜ਼ਾਰ ’ਚ ਰਾਤ ਸਮੇਂ ਸਟਰੀਟ ਲਾਈਟਾਂ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਘੁੱਪ ਹਨੇਰੇ ’ਚ ਚੋਰੀ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ। ਬਾਜ਼ਾਰ ’ਚ ਜਿੱਥੇ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਅੱਗੇ ਕਾਰਾਂ ਖੜ੍ਹੀਆਂ ਕੀਤੀਆਂ ਜਾਂਦੀਆਂ ਹਨ, ਉੱਥੇ ਹੀ ਦੁਕਾਨਾਂ ’ਤੇ ਆਉਣ ਵਾਲੇ ਗਾਹਕ ਵੀ ਦੁਕਾਨਾਂ ਅੱਗੇ ਅਤੇ ਸੜਕ ਦੀ ਜਗ੍ਹਾ ’ਚ ਹੀ ਕਾਰਾਂ ਤੇ ਹੋਰ ਵਾਹਨ ਖੜ੍ਹੇ ਕਰ ਦਿੰਦੇ ਹਨ। ਇਸ ਤੋਂ ਇਲਾਵਾ ਸਬਜ਼ੀ ਵਿਕਰੇਤਾਵਾਂ ਅਤੇ ਹੋਰ ਦੁਕਾਨਦਾਰਾਂ ਵੱਲੋਂ ਆਪਣੀਆਂ ਰੇਹੜੀਆਂ ਮੇਨ ਸੜਕ ਦੇ ਰਸਤੇ ਵਿਚ ਹੀ ਲਗਾ ਦਿੱਤੀਆਂ ਜਾਂਦੀਆਂ ਹਨ। ਇਸ ਕਾਰਨ ਰਾਹਗੀਰਾਂ ਤੇ ਯਾਤਰੀਆਂ ਦੇ ਲੰਘਣ ਸਮੇਂ ਆਵਾਜਾਈ ਪ੍ਰਭਾਵਿਤ ਹੁੰਦੀ ਹੈ ਅਤੇ ਲੰਮੇ ਸਮੇਂ ਤਕ ਵੱਡੇ ਜਾਮ ਲੱਗੇ ਰਹਿੰਦੇ ਹਨ। ਬਾਹਰੋਂ ਆਉਣ ਵਾਲੇ ਸ਼ਰਧਾਲੂ ਵੀ ਹੁੰਦੇ ਹਨ ਪਰੇਸ਼ਾਨ ਕਸਬੇ ’ਚ ਨਾਜਾਇਜ਼ ਕਬਜ਼ਿਆਂ ਕਾਰਨ ਲੱਗਣ ਵਾਲੇ ਜਾਮ ਕਾਰਨ ਸਥਾਨਕ ਅੱਠ ਪਾਤਿਸ਼ਾਹੀਆਂ ਦੇ ਇਤਿਹਾਸਕ ਨਗਰ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਅਤੇ ਇਸ ਮੁੱਖ ਸੜਕ ਰਾਹੀਂ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ, ਸ੍ਰੀ ਗੋਇੰਦਵਾਲ ਸਾਹਿਬ ਜਾਣ-ਆਉਣ ਵਾਲੇ ਯਾਤਰੀਆਂ ਨੂੰ ਵੀ ਆਵਾਜਾਈ ਜਾਮ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਮੁਲਾਜ਼ਮਾਂ ਨੇ ਕਦੇ ਇਹ ਜ਼ਰੂਰਤ ਨਹੀਂ ਸਮਝੀ ਕਿ ਦਿਨ ਵੇਲੇ ਹੀ ਬਾਜ਼ਾਰ ਵਿਚ ਦਸ ਮਿੰਟ ਲਈ ਖੜ੍ਹ ਕੇ ਆਵਾਜਾਈ ਨੂੰ ਸੁਚਾਰੂ ਬਣਾਇਆ ਜਾਵੇ। ਯਾਤਰੀਆਂ ਨੂੰ ਕੋਈ ਮੁਸ਼ਕਲ ਨਾ ਆਵੇ, ਇਸ ਲਈ ਪ੍ਰਸ਼ਾਸਨ ਵੱਲੋਂ ਵੀ ਕੋਈ ਢੁੱਕਵਾਂ ਪ੍ਰਬੰਧ ਕਰਨਾ ਮੁਨਾਸਿਬ ਨਹੀਂ ਸਮਝਿਆ ਜਾ ਰਿਹਾ। ਪੁਲਿਸ ਦੀ ਅਜਿਹੀ ਕਾਰਜਸ਼ੈਲੀ ਤੋਂ ਨਿਰਾਸ਼ ਲੋਕ ਪੁਲਿਸ ਵਿਭਾਗ ਪ੍ਰਤੀ ਆਪਣਾ ਰੋਸ ਜ਼ਾਹਿਰ ਕਰਦੇ ਦਿਖਾਈ ਦੇ ਰਹੇ ਹਨ। ਸ਼ਮਸ਼ਾਨਘਾਟ ਤੇ ਸਰਕਾਰੀ ਖੰਡਰ ਇਮਾਰਤਾਂ ਨਸ਼ੇੜੀਆਂ ਦੇ ਅੱਡੇ ਬਣੇ ਦੂਜੇ ਪਾਸੇ, ਨਗਰ ਦੇ ਵੱਖ-ਵੱਖ ਸ਼ਮਸ਼ਾਨਘਾਟਾਂ ਅਤੇ ਸਰਕਾਰੀ ਖੰਡਰ ਇਮਾਰਤਾਂ ਵਿਚ ਨਸ਼ੇੜੀਆਂ ਦੇ ਅੱਡੇ ਬਣੇ ਹੋਏ ਹਨ। ਨਸ਼ੇ ਦੇ ਆਦੀ ਵਿਅਕਤੀ ਬਿਨ੍ਹਾਂ ਕਿਸੇ ਡਰ-ਭੈਅ ਦੇ ਇਨ੍ਹਾਂ ਥਾਵਾਂ ਦੀ ਵਰਤੋਂ ਕਰ ਰਹੇ ਹਨ। ਇੱਥੇ ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਸਰਕਾਰ ਨੇ ਇਤਿਹਾਸਕ ਨਗਰ ਖਡੂਰ ਸਾਹਿਬ ਨੂੰ ਬਿਲਕੁਲ ਹੀ ਵਿਸਾਰ ਦਿੱਤਾ ਹੈ। ਖਡੂਰ ਸਾਹਿਬ ਅਤੇ ਇਲਾਕੇ ਦੇ ਲੋਕਾਂ ਦੀ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰੀ ਸਹੂਲਤਾਂ ਤੋਂ ਵਾਂਝੇ ਇਸ ਇਤਿਹਾਸਕ ਨਗਰ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਖਡੂਰ ਸਾਹਿਬ ਵਾਸੀਆਂ ਦੀਆਂ ਇਹ ਹਨ ਮੰਗਾਂ ਖਡੂਰ ਸਾਹਿਬ ਦੇ ਹਸਪਤਾਲ ’ਚ ਡਾਕਟਰਾਂ ਤੇ ਹੋਰ ਕਰਮਚਾਰੀਆਂ ਦੀ ਘਾਟ ਨੂੰ ਪੂਰਾ ਕੀਤਾ ਜਾਵੇ, ਸਰਕਾਰੀ ਬੱਸਾਂ ਭੇਜ ਕੇ ਬੰਦ ਪਏ ਰੂਟ ਮੁੜ ਚਾਲੂ ਕੀਤੇ ਜਾਣ, ਤਾਂ ਜੋ ਲੋਕ ਸਰਕਾਰੀ ਬੱਸਾਂ ਰਾਹੀਂ ਦੂਰ-ਦੁਰਾਡੇ ਦੇ ਸਥਾਨਾਂ ਤਕ ਪਹੁੰਚ ਸਕਣ ਅਤੇ ਬੀਬੀਆਂ ਵੀ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਦਾ ਲਾਭ ਉਠਾ ਸਕਣ, ਤਹਿਸੀਲ ਦਫ਼ਤਰ ’ਚ ਤਹਿਸੀਲਦਾਰ ਦੀ ਘਾਟ ਨੂੰ ਪੱਕੇ ਤੌਰ ’ਤੇ ਪੂਰਾ ਕੀਤਾ ਜਾਵੇ, ਖਡੂਰ ਸਾਹਿਬ ਨੂੰ ਚਾਰੇ ਪਾਸਿਓ ਜੋੜਦੀਆਂ ਸੜਕਾਂ ਨੂੰ ਵਧੀਆ ਮਿਆਰੀ ਸਮੱਗਰੀ ਨਾਲ ਦੁਬਾਰਾ ਬਣਾਇਆ ਜਾਵੇ, ਰੋਜ਼ਾਨਾ ਲੱਗਦੇ ਵੱਡੇ ਜਾਮ ਤੋਂ ਨਿਜਾਤ ਦਿਵਾਉਣ ਲਈ ਉਕਤ ਤਿੰਨ-ਚਾਰ ਸੜਕਾਂ ’ਤੇ ਬਾਈਪਾਸ ਬਣਾਏ ਜਾਣ, ਤਾਂ ਜੋ ਬਾਜ਼ਾਰਾਂ ਵਿੱਚੋਂ ਲੰਘਣ ਵਾਲੇ ਰਾਹਗੀਰਾਂ ਨੂੰ ਆਵਾਜਾਈ ਜਾਮ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਸਕੇ, ਗੰਦਗੀ ਦੇ ਖਾਤਮੇ ਲਈ ਕੂੜੇ ਦੇ ਡੰਪ ਦਾ ਪੱਕਾ ਪ੍ਰਬੰਧ ਕੀਤਾ ਜਾਵੇ ਅਤੇ ਬਾਜ਼ਾਰ ’ਚ ਸਟਰੀਟ ਲਾਈਟਾਂ ਲਗਾਈਆਂ ਜਾਣ। ਇਸ ਦੇ ਨਾਲ ਹੀ ਇਤਿਹਾਸਕ ਨਗਰ ਦੀ ਮਹੱਤਤਾ ਨੂੰ ਦੇਖਦਿਆਂ ਬਾਜ਼ਾਰ ਵਿਚ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਵੀ ਯਕੀਨੀ ਬਣਾਈ ਜਾਵੇ।