- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੋਇੰਦਵਾਲ ਸਾਹਿਬ ਦੀ ਜੇਲ੍ਹ ਵਿਚ ਫੈਂਕਾ ਕਰਨ ਆਏ ਤਿੰਨ ਵਿਅਕਤੀ ਕਾਬੂ

ਹੈਰੋਇਨ, ਨਸ਼ੀਲੀਆਂ ਦਵਾਈਆਂ ਤੇ ਤੰਬਾਕੂ ਪਦਾਰਥ ਬਰਾਮਦ, ਕੇਸ ਦਰਜ
ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ
ਸ੍ਰੀ ਗੋਇੰਦਵਾਲ ਸਾਹਿਬ : ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ’ਚ ਫੈਂਕਾ ਸੁੱਟਣ ਆਏ ਤਿੰਨ ਵਿਅਕਤੀਆਂ ਨੂੰ ਜੇਲ੍ਹ ਪ੍ਰਸ਼ਾਸਨ ਨੇ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਜਿਨ੍ਹਾਂ ਕੋਲੋਂ ਹੈਰੋਇਨ, ਨਸ਼ੀਲੀਆਂ ਦਵਾਈਆਂ ਤੇ ਵੱਡੀ ਮਾਤਰਾ ’ਚ ਤੰਬਾਕੂ ਪਦਾਰਥ ਮਿਲੇ। ਜੇਲ੍ਹ ਅਧਿਕਾਰੀਆਂ ਨੇ ਬਰਾਮਦ ਹੋਏ ਸਮਾਨ ਸਮੇਤ ਤਿੰਨਾਂ ਵਿਅਕਤੀਆਂ ਨੂੰ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਹਵਾਲੇ ਕਰ ਦਿੱਤਾ, ਜਿਥੇ ਪੁਲਿਸ ਨੇ ਜੇਲ੍ਹ ਨਿਯਮਾਂ ਦੀ ਉਲੰਘਣਾ ਤੇ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜੇਲ੍ਹ ਦੇ ਸਹਾਇਕ ਸੁਪਰਡੈਂਟ ਕੇਵਲ ਸਿੰਘ ਵਲੋਂ ਥਾਣਾ ਗੋਇੰਦਵਾਲ ਸਾਹਿਬ ਨੂੰ ਜਾਰੀ ਪਹਿਲੀ ਸ਼ਿਕਾਇਤ ਮੁਤਾਬਿਕ ਬੇਅੰਤ ਸਿੰਘ ਪੁੱਤਰ ਪਰਗਟ ਸਿੰਘ ਵਾਸੀ ਪਿੰਡ ਜਹਾਂਗੀਰ ਨੂੰ ਜੇਲ੍ਹ ਅੰਦਰ ਫੈਂਕਾ ਸੁੱਟਦਿਆਂ ਕਾਬੂ ਕੀਤਾ। ਜਿਸ ਕੋਲੋਂ 300 ਨਸ਼ੀਲੇ ਕੈਪਸੁਲ, 14 ਤੰਬਾਕੂ ਦੀਆਂ ਪੁੜੀਆਂ, 39 ਬੀੜੀਆਂ ਦੇ ਬੰਡਲ, 5 ਕੂਲਲਿਪਾਂ, 3 ਸਿਗਰਟ ਦੀਆਂ ਡੱਬੀਆਂ, 1 ਹੀਟਰ ਸਪਰਿੰਗ ਤੇ 70 ਰੁਪਏ ਦੀ ਨਕਦੀ ਬਰਾਮਦ ਹੋਈ। ਇਸੇ ਤਰ੍ਹਾਂ ਫੈਂਕਾ ਸੁੱਟਣ ਆਏ ਦੋ ਹੋਰ ਵਿਅਕਤੀਆਂ ਸੁਖਮਨਪ੍ਰੀਤ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਸਠਿਆਲਾ ਤੇ ਅੰਗਰੇਜ ਸਿੰਘ ਪੁੱਤਰ ਪ੍ਰਤਾਪ ਸਿੰਘ ਵਾਸੀ ਚੂਸਲੇਵੜ੍ਹ ਨੂੰ ਕਾਬੂ ਕੀਤਾ। ਜਿਨ੍ਹਾਂ ਕੋਲੋਂ 22 ਗ੍ਰਾਮ ਹੈਰੋਇਨ, 50 ਨਸ਼ੀਲੇ ਕੈਪਸੁਲ, 5170 ਰੁਪਏ ਦੀ ਨਕਦੀ, ਮੋਬਾਈਲ ਫੋਨ, 35 ਬੀੜੀਆਂ ਦੇ ਬੰਡਲ, 5 ਪੁੜੀਆਂ ਤੰਬਾਕੂ, 5 ਲਾਈਟਰ ਤੇ 4 ਡੱਬੀਆਂ ਸਿਗਰਟ ਦੀਆਂ ਮਿਲੀਆਂ। ਇਹ ਸਮਾਨ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ। ਥਾਣਾ ਗੋਇੰਦਵਾਲ ਸਾਹਿਬ ਦੇ ਮੁਖੀ ਇੰਸਪੈਕਟਰ ਨਵਦੀਪ ਸਿੰਘ ਭੱਟੀ ਨੇ ਦੱਸਿਆ ਕਿ ਤਿੰਨਾਂ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਕੇ ਕੇਸ ’ਚ ਨਾਮਜ਼ਦ ਕਰ ਲਿਆ ਗਿਆ ਹੈ।
-----------
ਬਾਕਸ-
ਜੇਲ੍ਹ ਅੰਦਰ ਚੈਕਿੰਗ ਦੌਰਾਨ ਬਰਾਮਦ ਹੋਏ ਮੋਬਾਈਲ ਫੋਨ
ਇਸੇ ਤਰ੍ਹਾਂ ਜੇਲ੍ਹ ਦੇ ਸਹਾਇਕ ਸੁਪਰਡੈਂਟ ਜਰਨੈਲ ਸਿੰਘ ਵਲੋਂ ਥਾਣਾ ਗੋਇੰਦਵਾਲ ਸਾਹਿਬ ਨੂੰ ਜਾਰੀ ਕੀਤੀ ਸ਼ਿਕਾਇਤ ’ਚ ਦੱਸਿਆ ਗਿਆ ਕਿ ਜੇਲ੍ਹ ਅੰਦਰ ਚਲਾਏ ਗਏ ਚੈਕਿੰਗ ਅਭਿਆਨ ਦੌਰਾਨ 6 ਸਮਾਰਟ ਫੋਨ, ਇਕ ਕੀਪੈਡ ਵਾਲਾ ਫੋਨ, 6 ਸਿਮ ਕਾਰਡ, 65 ਪੁੜੀਆਂ ਤੰਬਾਕੂ, 130 ਬੀੜੀਆਂ ਦੇ ਬੰਡਲ, 10 ਸਿਗਰਟ ਦੀਆਂ ਡੱਬੀਆਂ, 42 ਕੂਲਲਿਪ ਤੇ 9 ਲਾਈਟਰ ਬਰਾਮਦ ਹੋਏ। ਜੇਲ੍ਹ ਅਧਿਕਾਰੀ ਮੁਤਾਬਿਕ ਉਕਤ ਸਮਾਨ ਵੀ ਸ਼ਿਕਾਇਤ ਦੇ ਨਾਲ ਥਾਣੇ ਦੀ ਪੁਲਿਸ ਨੂੰ ਸੌਂਪ ਦਿੱਤਾ ਗਿਆ ਹੈ। ਜਾਂਚ ਅਧਿਕਾਰੀ ਸਬ ਇੰਸਪੈਕਟਰ ਰਾਜੀਵ ਕੁਮਾਰ ਨੇ ਦੱਸਿਆ ਕਿ ਸ਼ਿਕਾਇਤ ਦੇ ਅਧਾਰ ’ਤੇ ਅਣਪਛਾਤੇ ਖਿਲਾਫ ਜੇਲ੍ਹ ਨਿਯਮਾਂ ਦੀ ਉਲੰਘਣਾ ਸਬੰਧੀ ਬਣਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।