- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਹਤ ਵਿਭਾਗ ਦੀ ਟੀਮ ਨੇ ਪਿੰਡ ਜੰਡ ਦੇ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ’ਤੇ ਮਾਰਿਆ ਛਾਪਾ

ਮਾੜੇ ਹਾਲਾਤ ’ਚ ਰੱਖੇ 23 ਮਰੀਜ਼ਾਂ ਨੂੰ ਸਰਕਾਰੀ ਨਸ਼ਾ ਛੁਡਾਊ ਕੇਂਦਰ ’ਚ ਕਰਵਾਇਆ ਦਾਖ਼ਲ
ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ
ਤਰਨਤਾਰਨ : ਤਰਨਤਾਰਨ ਜ਼ਿਲ੍ਹੇ ਦੇ ਪਿੰਡ ਜੰਡ ਵਿਖੇ ਗ਼ੈਰ-ਕਾਨੂੰਨੀ ਢੰਗ ਨਾਲ ਚਲਾਏ ਜਾ ਰਹੇ ਨਸ਼ਾ ਛੁਡਾਊ ਕੇਂਦਰ ਦਾ ਸਿਹਤ ਵਿਭਾਗ ਦੀ ਟੀਮ ਵੱਲੋਂ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਸ ਕਾਰਵਾਈ ਦੌਰਾਨ ਕੇਂਦਰ ਵਿਚ ਰੱਖੇ ਗਏ 23 ਮਰੀਜ਼ਾਂ ਨੂੰ ਸੁਰੱਖਿਅਤ ਕੱਢ ਕੇ ਸਰਕਾਰੀ ਨਸ਼ਾ ਛੁਡਾਊ ਕੇਂਦਰ ਵਿਖੇ ਇਲਾਜ ਅਤੇ ਦੇਖਭਾਲ ਲਈ ਭੇਜ ਦਿੱਤਾ ਗਿਆ। ਪ੍ਰਸ਼ਾਸਨ ਵੱਲੋਂ ਉਕਤ ਕੇਂਦਰ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਪਿੰਡ ਜੰਡ ਵਿਖੇ ਚੱਲ ਰਹੇ ਕਥਿਤ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਸਬੰਧੀ ਸ਼ਿਕਾਇਤ ਸਿਹਤ ਵਿਭਾਗ ਦੀ ਟੀਮ ਨੂੰ ਮਿਲੀ ਸੀ। ਇਸ ਵਿਚ ਦੱਸਿਆ ਗਿਆ ਸੀ ਕਿ ਕੇਂਦਰ ਅੰਦਰ ਨਸ਼ੇ ਦੇ ਆਦੀ ਮਰੀਜ਼ਾਂ ਨੂੰ ਬਹੁਤ ਹੀ ਮਾੜੇ ਅਤੇ ਗੰਦਗੀ ਭਰੇ ਮਾਹੌਲ ’ਚ ਰੱਖਿਆ ਜਾ ਰਿਹਾ ਹੈ ਅਤੇ ਉਨ੍ਹਾਂ ਨਾਲ ਕਥਿਤ ਤੌਰ ’ਤੇ ਮਾੜਾ ਸਲੂਕ ਕੀਤਾ ਜਾ ਰਿਹਾ ਹੈ।
ਇਸ ਸ਼ਿਕਾਇਤ ਦਾ ਗੰਭੀਰ ਨੋਟਿਸ ਲੈਂਦਿਆਂ ਡਿਪਟੀ ਕਮਿਸ਼ਨਰ ਡਾ. ਨਿਰਮਲ ਓਸੇਪਚਨ ਅਤੇ ਸਿਵਲ ਸਰਜਨ ਡਾ. ਸੰਦੀਪ ਧਵਨ ਵਲੋਂ ਜਾਰੀ ਕੀਤੇ ਆਦੇਸ਼ਾਂ ’ਤੇ ਸਿਹਤ ਵਿਭਾਗ ਦੀ ਟੀਮ ਨੇ ਡਾ. ਜਸਪ੍ਰੀਤ ਸਿੰਘ ਸਹਾਇਕ ਸਿਵਲ ਸਰਜਨ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਦੀ ਸਹਾਇਤਾ ਨਾਲ ਉਕਤ ਕੇਂਦਰ ਵਿਖੇ ਛਾਪੇਮਾਰੀ ਕੀਤੀ। ਉਨ੍ਹਾਂ ਦੇ ਨਾਲ ਡਰੱਗ ਇੰਸਪੈਕਟਰ ਹਰਪ੍ਰੀਤ ਸਿੰਘ ਅਤੇ ਜ਼ਿਲ੍ਹਾ ਮਨੋਚਿਕਿਤਸਕ ਡਾ. ਅਨੁਸ਼ਾ ਵੀ ਮੌਜੂਦ ਸਨ। ਇਸ ਤੋਂ ਇਲਾਵਾ ਤਹਿਸੀਲਦਾਰ ਬਲਵਿੰਦਰ ਕੁਮਾਰ ਅਤੇ ਥਾਣਾ ਮੁਖੀ ਨਰਿੰਦਰ ਸਿੰਘ ਵੀ ਇਸ ਕਾਰਵਾਈ ਦੌਰਾਨ ਮੌਜੂਦ ਰਹੇ।
ਡਾ. ਜਸਪ੍ਰੀਤ ਸਿੰਘ ਨੇ ਦੱਸਿਆ ਕਿ ਟੀਮ ਵੱਲੋਂ ਕੇਂਦਰ ਵਿੱਚੋਂ 23 ਮਰੀਜ਼ਾਂ ਨੂੰ ਬਾਹਰ ਕੱਢ ਕੇ ਉਨ੍ਹਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਸਰਕਾਰੀ ਨਸ਼ਾ ਛੁਡਾਊ ਕੇਂਦਰ ਵਿਖੇ ਤਬਦੀਲ ਕੀਤਾ ਗਿਆ, ਜਿਥੇ ਉਨ੍ਹਾਂ ਨੂੰ ਲੋੜੀਂਦਾ ਇਲਾਜ ਅਤੇ ਦੇਖਭਾਲ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਗੈਰ-ਕਾਨੂੰਨੀ ਢੰਗ ਨਾਲ ਚਲਾਏ ਜਾ ਰਹੇ ਇਸ ਕੇਂਦਰ ਨੂੰ ਸੀਲ ਕਰਨ ਸਬੰਧੀ ਕਾਰਵਾਈ ਕਰਵਾਈ ਜਾ ਰਹੀ ਹੈ
ਸੈਂਟਰ ਸੀਲ ਕਰਨ ਸਬੰਧੀ ਪੁਲਿਸ ਦੀ ਕਾਰਵਾਈ ਸਵਾਲਾਂ ਦੇ ਘੇਰੇ ’ਚ ਆਈ
ਕਿਰਪਾਲ ਸਿੰਘ ਰੰਧਾਵਾ•, ਪੰਜਾਬੀ ਜਾਗਰਣ
ਹਰੀਕੇ ਪੱਤਣ : ਪਿੰਡ ਜੰਡ ਵਿਖੇ ਨਸ਼ਾ ਛਡਾਊ ਕੇਂਦਰ ਨੂੰ ਬੰਦ ਕਰਾਏ ਜਾਣ ਤੋਂ ਬਾਅਦ ਕਾਨੂੰਨੀ ਪ੍ਰਕਿਰਿਆ ਦੀ ਗੱਲ ਕਰੀਏ ਤਾਂ ਅਜਿਹੀ ਕਾਰਵਾਈ ਦੌਰਾਨ ਪੁਲਿਸ ਪ੍ਰਸ਼ਾਸਨ ਜਾਂ ਸਬੰਧਿਤ ਥਾਣਾ ਮੁਖੀ ਵੱਲੋਂ ਕੇਂਦਰ ਨੂੰ ਸੀਲ ਕਰਨ ਦਾ ਕੰਮ ਨੇਪਰੇ ਚਾੜ੍ਹਨਾ ਹੁੰਦਾ ਹੈ ਜਿਸ ਲਈ ਸਿਹਤ ਵਿਭਾਗ ਦਾ ਸਹਿਯੋਗ ਲਾਜ਼ਮੀ ਹੁੰਦਾ ਹੈ। ਸਿਤਮਜਰੀਫੀ ਇਹ ਹੈ ਕਿ ਥਾਣਾ ਸਦਰ ਪੱਟੀ ਦੀ ਪੁਲਿਸ ਨੇ ਸੈਂਟਰ ਨੂੰ ਸੀਲ ਕਰਨਾ ਜ਼ਰੂਰੀ ਨਹੀਂ ਸਮਝਿਆ, ਜੋ ਆਪਣੇ ਆਪ ’ਚ ਵੱਡਾ ਸਵਾਲ ਹੈ। ਦੇਰ ਸ਼ਾਮ ਤਕ ਕਾਰਵਾਈ ਤੋਂ ਟਾਲਾ ਵੱਟਣ ਸਬੰਧੀ ਗੱਲ ਕਰਨ ਲਈ ਜਦੋਂ ਥਾਣਾ ਸਦਰ ਪੱਟੀ ਦੇ ਮੁਖੀ ਇੰਸਪੈਕਟਰ ਨਰਿੰਦਰ ਸਿੰਘ ਦਾ ਫੋਨ ਮਿਲਾਇਆ ਤਾਂ ਅੱਗੋਂ ‘ਹੈਲੋ’ ਸੁਣਨ ਮਗਰੋਂ ਫੋਨ ਬੰਦ ਹੋ ਜਾਂਦਾ ਰਿਹਾ।
ਇੱਥੇ ਸਵਾਲ ਇਹ ਵੀ ਉੱਠਦਾ ਹੈ ਕਿ ਕਿਸੇ ਵੱਡੀ ਅਪਰਾਧਕ ਘਟਨਾ, ਸੜਕੀ ਹਾਦਸਾ ਜਾਂ ਪੁਲਿਸ ਤੋਂ ਬਚਾਅ ਸਬੰਧੀ ਸਹਾਇਤਾ ਲੈਣ ਲਈ ਆਮ ਜਨਤਾ ਫੋਨ ਤੋਂ ਸਿਵਾ ਹੋਰ ਕਿਹੜਾ ਰਸਤਾ ਅਪਣਾਵੇ? ਕਿਉਂਕਿ ਥਾਣਾ ਮੁਖੀ ਸਿਰਫ ਵ੍ਹਟਸਐਪ ਕਾਲ ਸੁਣਨ ਨੂੰ ਹੀ ਤਵੱਜੋਂ ਦਿੰਦੇ ਹਨ। ਦੂਜੇ ਪਾਸੇ ਸੈਂਟਰ ਨੂੰ ਸੀਲ ਕਰਨ ਵਿਚ ਦੇਰੀ ਦੀ ਕਾਰਵਾਈ ਵੀ ਸਵਾਲਾਂ ਦੇ ਘੇਰੇ ਵਿਚ ਦਿਖਾਈ ਦੇ ਰਹੀ ਹੈ। ਇਸ ਸਬੰਧੀ ਡੀਐੱਸਪੀ ਪੱਟੀ ਰਵੀਸ਼ੇਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਥਾਣਾ ਮੁਖੀ ਨਾਲ ਖੁਦ ਰਾਬਤਾ ਕਰਕੇ ਫੋਨ ਨੂੰ ਸਿੱਧੇ ਤੌਰ ’ਤੇ ਜਨਤਾ ਦੇ ਸੰਪਰਕ ’ਚ ਰੱਖਣ ਸਬੰਧੀ ਹਦਾਇਤ ਜਾਰੀ ਕਰਨਗੇ ਜੋ ਕਿ ਪੁਲਿਸ ਦੀ ਨੌਕਰੀ ਦਾ ਹਿੱਸਾ ਹੈ।