ਗੋਇੰਦਵਾਲ ਸਾਹਿਬ ਦੀ ਜੇਲ੍ਹ ’ਚੋਂ ਮੋਬਾਈਲ ਤੇ ਤੰਬਾਕੂ ਪਦਾਰਥ ਬਰਾਮਦ ਗੋਇੰਦਵਾਲ ਸਾਹਿਬ ਦੀ ਜੇਲ੍ਹ ਵਿੱਚੋਂ ਮੋਬਾਈਲ ਫੋਨ ਤੇ ਤੰਬਾਕੂ ਪਦਾਰਥ ਬਰਾਮਦ
Publish Date: Wed, 18 Nov 2026 06:21 PM (IST)
Updated Date: Wed, 18 Nov 2026 06:22 PM (IST)
ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ ਸ੍ਰੀ ਗੋਇੰਦਵਾਲ ਸਾਹਿਬ : ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ’ਚ ਚਲਾਈ ਗਈ ਚੈਕਿੰਗ ਮੁਹਿੰਮ ਦੌਰਾਨ ਜੇਲ੍ਹ ਪ੍ਰਸ਼ਾਸਨ ਦੇ ਹੱਥ ਮੋਬਾਈਲ ਫੋਨ ਤੇ ਤੰਬਾਕੂ ਪਦਾਰਥ ਲੱਗੇ ਹਨ। ਉਨ੍ਹਾਂ ਨੂੰ ਕਬਜ਼ੇ ’ਚ ਲੈ ਕੇ ਜੇਲ੍ਹ ਅਧਿਕਾਰੀਆਂ ਨੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਹਵਾਲੇ ਕਰ ਦਿੱਤਾ, ਜਿੱਥੇ ਚਾਰ ਬੰਦੀਆਂ ਖਿਲਾਫ ਜੇਲ੍ਹ ਨਿਯਮਾਂ ਦੀ ਉਲੰਘਣਾ ਸਬੰਧੀ ਬਣਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਪੁਲਿਸ ਨੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜੇਲ੍ਹ ਦੇ ਸਹਾਇਕ ਸੁਪਰਡੈਂਟ ਜਰਨੈਲ ਸਿੰਘ ਨੇ ਥਾਣਾ ਗੋਇੰਦਵਾਲ ਸਾਹਿਬ ਨੂੰ ਜਾਰੀ ਕੀਤੀ ਸ਼ਿਕਾਇਤ ਵਿਚ ਦੱਸਿਆ ਕਿ ਚੈਕਿੰਗ ਦੌਰਾਨ ਦਾਣਾ ਉਰਫ ਰਵੀ ਸਿੰਘ ਪੁੱਤਰ ਗੁਰਦੇਵ ਸਿੰਘ ਵੱਸੀ ਪੱਕਾ ਕਿਲ੍ਹਾ ਕੋਲੋਂ ਇਕ ਸਮਾਰਟ ਫੋਨ, 11 ਤੰਬਾਕੂ ਦੀਆਂ ਪੁੜੀਆਂ ਅਤੇ ਬੀੜੀਆਂ ਦੇ 9 ਬੰਡਲ ਬਰਾਮਦ ਹੋਏ ਹਨ। ਇਸੇ ਤਰ੍ਹਾਂ ਸਹਾਇਕ ਸੁਪਰਡੈਂਟ ਜਸਵੰਤ ਸਿੰਘ ਵਲੋਂ ਜਾਰੀ ਸ਼ਿਕਾਇਤ ਮੁਤਾਬਿਕ ਜੇਲ੍ਹ ਵਿਚ ਬੰਦ ਅਨਮੋਲ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਸਭਰਾ, ਲਵਪ੍ਰੀਤ ਸਿੰਘ ਪੁੱਤਰ ਬਲਰਾਜ ਸਿੰਘ ਵਾਸੀ ਮਾਨ ਅਤੇ ਦਰਬਾਰਾ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਰਾਜੋਕੇ ਕੋਲੋਂ ਇਕ ਸਮਾਰਟ ਤੇ ਇਕ ਕੀਪੈਡ ਵਾਲਾ ਫੋਨ ਬਰਾਮਦ ਹੋਇਆ। ਉੱਧਰ ਥਾਣਾ ਗੋਇੰਦਵਾਲ ਸਾਹਿਬ ਦੇ ਮੁਖੀ ਨੇ ਦੱਸਿਆ ਕਿ ਉਕਤ ਬਰਾਮਦਗੀ ਸਬੰਧੀ ਦਰਜ ਕੀਤੇ ਗਏ ਦੋਵਾਂ ਕੇਸਾਂ ਦੀ ਅਗਲੀ ਜਾਂਚ ਲਈ ਕ੍ਰਮਵਾਰ ਏਐੱਸਆਈ ਅਰਜਨ ਸਿੰਘ ਤੇ ਏਐੱਸਆਈ ਨਿਸ਼ਾਨ ਸਿੰਘ ਦੀ ਡਿਊਟੀ ਲਗਾਈ ਗਈ ਹੈ।