ਤਰਨਤਾਰਨ, ਖਡੂਰ ਸਾਹਿਬ ਤੇ ਪੱਟੀ ’ਚ ਅੱਜ ਤੋਂ ਲੱਗੇਗਾ ਪੈਨਸ਼ਨਰ ਸੇਵਾ ਮੇਲਾ ਤਰਨਤਾਰਨ, ਖਡੂਰ ਸਾਹਿਬ ਤੇ ਪੱਟੀ ’ਚ ਅੱਜ ਤੋਂ ਲੱਗੇਗਾ ਪੈਨਸ਼ਨਰ ਸੇਵਾ ਮੇਲਾ
Publish Date: Wed, 18 Nov 2026 06:13 PM (IST)
Updated Date: Wed, 18 Nov 2026 06:15 PM (IST)
ਪੈਨਸ਼ਨਰ ਸੇਵਾ ਮੇਲੇ ਦਾ ਵੱਧ ਤੋਂ ਵੱਧ ਲਾਭ ਉਠਾਉਣ ਪੈਨਸ਼ਨਰ : ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵਲੋਂ ਪੈਨਸ਼ਨਰਾਂ, ਫੈਮਿਲੀ ਪੈਨਸ਼ਨਰਾਂ ਦੀ ਸਹੂਲਤ ਲਈ 3 ਨਵੰਬਰ 2025 ਤੋਂ ਪੈਨਸ਼ਨਰ ਸੇਵਾ ਪੋਰਟਲ ਲਾਗੂ ਕੀਤਾ ਗਿਆ ਹੈ, ਜਿਸ ਰਾਹੀਂ ਮਹੀਨਾਵਾਰ ਪੈਨਸ਼ਨ ਦੀ ਅਕਾਊਂਟਿੰਗ, ਈ-ਪੀਪੀਓ, ਪੈਨਸ਼ਨ ਡਾਟਾ, ਸ਼ਿਕਾਇਤ ਨਿਵਾਰਨ, ਸਕਸੈਸ਼ਨ ਮਾਡਿਊਲ ਆਦਿ ਦਾ ਉਪਬੰਧ ਕੀਤਾ ਗਿਆ ਹੈ। ਇਸ ਲਈ ਪੰਜਾਬ ਦੇ ਸਾਰੇ ਪੈਨਸ਼ਨਰਾਂ ਸੇਵਾ ਨਵਿਰਤ ਹੋਏ ਤੇ ਫੈਮਲੀ ਪੈਨਸ਼ਨਰਾਂ ਦਾ ਡਿਜ਼ੀਟਲ ਲਾਈਫ ਸਰਟੀਫਿਕੇਟ ਅਪਲੋਡ ਕੀਤਾ ਜਾਣਾ ਹੈ ਤੇ ਈ-ਕੇਵਾਈਸੀ ਕਰਵਾਈ ਜਾਣੀ ਹੈ। ਇਸ ਕੰਮ ਲਈ ਵਿੱਤ ਵਿਭਾਗ ਵਲੋਂ ਜ਼ਿਲ੍ਹਾ ਤਰਨਤਾਰਨ ਦੇ ਜ਼ਿਲ੍ਹਾ ਖ਼ਜ਼ਾਨਾ ਦਫ਼ਤਰ ਵਿਖੇ ਅੱਜ 19 ਤੋਂ 21 ਨੰਵਬਰ ਤਕ ਪੈਨਸ਼ਨਰ ਸੇਵਾ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਲਈ ਉਨ੍ਹਾਂ ਰਹਿੰਦੇ ਸਮੂਹ ਪੈਨਸ਼ਨਰਾਂ ਨੂੰ ਅਪੀਲ ਕੀਤੀ ਕਿ ਉਹ 19, 20 ਤੇ 21 ਨੰਵਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ ਜ਼ਿਲ੍ਹਾ ਖ਼ਜ਼ਾਨਾ ਦਫ਼ਤਰ ਤਰਨਤਾਰਨ ਵਿਖੇ ਲਗਾਏ ਜਾ ਰਹੇ ਪੈਨਸ਼ਨਰ ਸੇਵਾ ਮੇਲੇ ’ਚ ਆਪਣੀ ਈ-ਕੇਵਾਈਸੀ ਅਤੇ ਡਿਜੀਟਲ ਲਾਈਫ ਸਰਟੀਫਿਕੇਟ ਅਪਲੋਡ ਕਰਵਾ ਕੇ ਪੈਨਸ਼ਨਰ ਸੇਵਾ ਪੋਰਟਲ ਦਾ ਲਾਭ ਉਠਾਉਣ। ਇਹ ਜਾਣਕਾਰੀ ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਤਰਨਤਾਰਨ ਮਨਦੀਪ ਸਿੰਘ ਚੌਹਾਨ ਨੇ ਦਿੱਤੀ ਹੈ। ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਨੇ ਇਹ ਵੀ ਦੱਸਿਆ ਕਿ ਇਸੇ ਤਰ੍ਹਾਂ ਤਹਿਸੀਲ ਪੱਟੀ ਵਾਲੇ ਪੈਨਸ਼ਨਰ ਖ਼ਜ਼ਾਨਾ ਦਫ਼ਤਰ ਪੱਟੀ ਵਿਖੇ ਪਹੁੰਚਣ ਅਤੇ ਤਹਿਸੀਲ ਖਡੂਰ ਸਾਹਿਬ ਵਾਲੇ ਪੈਨਸ਼ਨਰ ਖ਼ਜ਼ਾਨਾ ਦਫ਼ਤਰ ਖਡੂਰ ਸਾਹਿਬ ਵਿਖੇ ਪਹੁੰਚ ਕੇ ਮੇਲੇ ਦਾ ਲਾਭ ਉਠਾਉਣ। ਇਸ ਮੇਲੇ ’ਚ ਪਹੁੰਚਣ ਵਾਲੇ ਪੈਨਸ਼ਨਰ ਆਪਣੇ ਨਾਲ ਪੀਪੀਓ ਦੀ ਕਾਪੀ, ਆਧਾਰ ਕਾਰਡ, ਬੈਂਕ ਪਾਸ ਬੁੱਕ ਅਤੇ ਆਧਾਰ ਕਾਰਡ ਨਾਲ ਲਿੰਕਡ ਮੋਬਾਈਲ ਫੋਨ ਜ਼ਰੂਰ ਲੈ ਕੇ ਆਉਣ। ਉਨ੍ਹਾਂ ਵਲੋਂ ਇਹ ਵੀ ਸਪੱਸ਼ਟ ਕੀਤਾ ਗਿਆ ਕਿ ਜਿਹੜੇ ਪੈਨਸ਼ਨਰਾਂ ਵਲੋਂ ਈ-ਕੇਵਾਈਸੀ ਨਹੀਂ ਕਰਵਾਈ ਜਾਵੇਗੀ ਅਤੇ ਡਿਜੀਟਲ ਲਾਈਫ ਸਰਟੀਫਿਕੇਟ ਨਹੀਂ ਦਿੱਤਾ ਜਾਵੇਗਾ, ਉਨ੍ਹਾਂ ਨੂੰ ਭਵਿੱਖ ’ਚ ਮਿਲਣ ਵਾਲੀ ਪੈਨਸ਼ਨ ਪ੍ਰਾਪਤ ਕਰਨ ਵਿਚ ਦਿੱਕਤ ਆ ਸਕਦੀ ਹੈ ਜਾਂ ਪੈਨਸ਼ਨ ਤੇ ਰੋਕ ਵੀ ਲੱਗ ਸਕਦੀ ਹੈ।