ਸਿੱਖਿਆ ਵਿਭਾਗ ਦੇ ਸਮੁੱਚੇ ਦਫ਼ਤਰੀ ਅਮਲੇ ਦੀ ਕਰਵਾਈ ਸਵੈ-ਗਣਨਾ ਸਿੱਖਿਆ ਵਿਭਾਗ ਦੇ ਸਮੁੱਚੇ ਦਫ਼ਤਰੀ ਅਮਲੇ ਦੀ ਕਰਵਾਈ ਸਵੈ-ਗਣਨਾ
Publish Date: Tue, 17 Nov 2026 06:44 PM (IST)
Updated Date: Wed, 18 Nov 2026 04:04 AM (IST)
ਤਰਨਤਾਰਨ ਨੂੰ ਸਵੈ-ਗਣਨਾ ’ਚ ਮੋਹਰੀ ਜ਼ਿਲ੍ਹਾ ਬਣਾਇਆ ਜਾਵੇਗਾ : ਰਜਿੰਦਰ ਕੌਰ ਸਟਾਫ਼ ਰਿਪੋਰਟਰ•, ਪੰਜਾਬੀ ਜਾਗਰਣ, ਤਰਨਤਾਰਨ ਦੇਸ਼ ਭਰ ’ਚ 16 ਨਵੰਬਰ ਤੋਂ ਸ਼ੁਰੂ ਹੋਏ ਸੈਲਫ਼ ਇਨੂਮੀਰੇਸ਼ਨ ਭਾਵ ਸਵੈ-ਗਣਨਾ ਦਾ ਕੰਮ ਜ਼ਿਲ੍ਹਾ ਤਰਨਤਾਰਨ ਵਿਚ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ-ਕਮ-ਜ਼ਿਲ੍ਹਾ ਨੋਡਲ ਅਫ਼ਸਰ ਸਵੈ-ਗਣਨਾ ਰਜਿੰਦਰ ਕੌਰ ਦੀ ਅਗਵਾਈ ਹੇਠ ਜ਼ੋਰਾਂ ਤੇ ਚੱਲ ਰਿਹਾ ਹੈ। ਇਸ ਸਬੰਧੀ ਜਿਥੇ ਜ਼ਿਲ੍ਹੇ ਦੇ ਸਮੂਹ ਸਕੂਲਾਂ ਦੇ ਸਟਾਫ਼ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਉਥੇ ਹੀ ਜ਼ਿਲ੍ਹਾ ਸਿੱਖਿਆ ਦਫ਼ਤਰ ਸੈਕੰਡਰੀ ਅਤੇ ਜ਼ਿਲ੍ਹਾ ਸਿੱਖਿਆ ਦਫ਼ਤਰ ਐਲੀਮੈਂਟਰੀ ਦੇ ਸਮੁੱਚੇ ਸਟਾਫ ਵੱਲੋਂ ਸੈਲਫ਼ ਇਨੂਮੀਰੇਸ਼ਨ ਕਰਕੇ ਰਿਕਾਰਡ ਕਾਇਮ ਕੀਤਾ ਗਿਆ। ਦੋਵਾਂ ਦਫ਼ਤਰਾਂ ਦੇ ਸਮੁੱਚੇ ਅਮਲੇ ਨੇ ਇਕਜੁੱਟ ਹੋ ਕੇ ਆਪਣੀ-ਆਪਣੀ ਸਵੈ-ਗਣਨਾ ਆਨਲਾਈਨ ਭਰੀ ਅਤੇ ਦੂਸਰਿਆਂ ਲਈ ਵੀ ਮਿਸਾਲ ਕਾਇਮ ਕੀਤੀ। ਇਸ ਮੌਕੇ ਸਮੁੱਚੇ ਸਟਾਫ਼ ’ਚ ਸੈਲਫ਼ ਇਨੂਮੀਰੇਸ਼ਨ ਸਬੰਧੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਦਫ਼ਤਰੀ ਅਮਲੇ ਨੇ ਸਿਰਫ਼ ਆਪਣੀ ਗਣਨਾ ਹੀ ਨਹੀਂ ਕਰਵਾਈ, ਸਗੋਂ ਆਪਣੇ ਰਿਸ਼ਤੇਦਾਰਾਂ, ਦੋਸਤਾਂ-ਮਿੱਤਰਾਂ ਅਤੇ ਆਸ-ਪਾਸ ਦੇ ਲੋਕਾਂ ਨੂੰ ਵੀ ਇਸ ਬਾਰੇ ਜਾਗਰੂਕ ਕਰਨ ਲਈ ਪ੍ਰਣ ਲਿਆ। ਸਟਾਫ਼ ਮੈਂਬਰਾਂ ਨੇ ਕਿਹਾ ਕਿ ਉਹ ਆਪਣੇ-ਆਪਣੇ ਪਿੰਡ ਅਤੇ ਮੁਹੱਲੇ ’ਚ ਜਾ ਕੇ ਵੀ ਲੋਕਾਂ ਨੂੰ ਸਵੈ-ਗਣਨਾ ਦੇ ਫਾਇਦਿਆਂ ਬਾਰੇ ਦੱਸਣਗੇ, ਤਾਂ ਜੋ ਕੋਈ ਵੀ ਨਾਗਰਿਕ ਇਸ ਮਹੱਤਵਪੂਰਨ ਕਾਰਜ ਤੋਂ ਵਾਂਝਾ ਨਾ ਰਹਿ ਜਾਵੇ। ਇਸ ਮੌਕੇ ਜ਼ਿਲ੍ਹਾ ਨੋਡਲ ਅਫ਼ਸਰ ਰਜਿੰਦਰ ਕੌਰ ਨੇ ਕਿਹਾ ਕਿ ਜ਼ਿਲ੍ਹਾ ਤਰਨਤਾਰਨ ’ਚ ਸਵੈ-ਗਣਨਾ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਇਸ ਵਿਚ ਰਿਕਾਰਡ ਤੋੜ ਵਾਧਾ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜਦੋਂ ਦਫ਼ਤਰੀ ਅਮਲਾ ਖ਼ੁਦ ਅੱਗੇ ਆ ਕੇ ਇਸ ਕਾਰਜ ਨੂੰ ਕਰੇਗਾ, ਤਾਂ ਆਮ ਲੋਕ ਵੀ ਆਪਣੇ ਆਪ ਪ੍ਰੇਰਿਤ ਹੋਣਗੇ। ਉਨ੍ਹਾਂ ਨੇ ਸਮੂਹ ਸਟਾਫ ਦੇ ਉਤਸ਼ਾਹ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜ਼ਿਲ੍ਹਾ ਤਰਨਤਾਰਨ ਨੂੰ ਸਵੈ-ਗਣਨਾ ’ਚ ਮੋਹਰੀ ਜ਼ਿਲ੍ਹਾ ਬਣਾਇਆ ਜਾਵੇਗਾ। ਇਸ ਮੌਕੇ ਸਹਾਇਕ ਨੋਡਲ ਅਫ਼ਸਰ ਪ੍ਰੇਮ ਸਿੰਘ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।