ਬੇਕਰੀ ਦੀ ਦੁਕਾਨ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਸ਼ਟਰ ਤੋੜ ਕੇ 22 ਹਜ਼ਾਰ ਦੀ ਨਕਦੀ ਵਾਲਾ ਗੱਲਾ ਲੈ ਕੇ ਫ਼ਰਾਰ ਪੱਟੀ ’ਚ ਬੇਕਰੀ ਦੀ ਦੁਕਾਨ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ
Publish Date: Mon, 16 Nov 2026 07:55 PM (IST)
Updated Date: Mon, 16 Nov 2026 07:57 PM (IST)
ਬੱਲੂ ਮਹਿਤਾ•ਪੰਜਾਬੀ ਜਾਗਰਣ ਪੱਟੀ : ਪੱਟੀ ਦੇ ਤਰਨਤਾਰਨ ਰੋਡ ’ਤੇ ਐੱਚਡੀਐੱਫਸੀ ਬੈਂਕ ਦੇ ਸਾਹਮਣੇ ਸਥਿਤ ਚੀਮਾ ਬੇਕਰਜ਼ ਦੀ ਦੁਕਾਨ ਨੂੰ ਬੀਤੀ ਰਾਤ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਉਂਦਿਆਂ ਦੁਕਾਨ ਦਾ ਸ਼ਟਰ ਤੋੜ ਕੇ ਅੰਦਰੋਂ ਪੈਸਿਆਂ ਵਾਲਾ ਗੱਲਾ ਚੋਰੀ ਕਰ ਲਿਆ। ਗੱਲੇ ’ਚ ਕਰੀਬ 22 ਹਜ਼ਾਰ ਰੁਪਏ ਦੀ ਨਕਦੀ ਦੱਸੀ ਜਾ ਰਹੀ ਹੈ। ਚੋਰੀ ਦੀ ਇਹ ਵਾਰਦਾਤ ਦੁਕਾਨ ’ਚ ਲੱਗੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ ਹੈ, ਜਿਸ ’ਚ ਦੋ ਮੋਨੇ ਨੌਜਵਾਨ ਦੁਕਾਨ ਅੰਦਰ ਦਾਖ਼ਲ ਹੁੰਦੇ ਦਿਖਾਈ ਦੇ ਰਹੇ ਹਨ। ਇਸ ਸਬੰਧੀ ਦੁਕਾਨ ਦੇ ਮਾਲਕ ਸੁਖਵਿੰਦਰਪਾਲ ਸਿੰਘ ਗੋਰਾ ਚੀਮਾ ਪੁੱਤਰ ਕੁਲਵਿੰਦਰਪਾਲ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਬੀਤੀ ਰਾਤ ਕਰੀਬ 10 ਵਜੇ ਆਪਣੀ ਬੇਕਰੀ ਦੀ ਦੁਕਾਨ ਬੰਦ ਕਰਕੇ ਘਰ ਚਲੇ ਗਏ ਸਨ। ਅਗਲੀ ਸਵੇਰ ਕਰੀਬ 8 ਵਜੇ ਜਦੋਂ ਉਹ ਦੁਕਾਨ ’ਤੇ ਪਹੁੰਚੇ ਤਾਂ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਦੁਕਾਨ ਦੇ ਅੰਦਰ ਜਾ ਕੇ ਦੇਖਿਆ ਤਾਂ ਸਾਮਾਨ ਖਿੱਲਰਿਆ ਪਿਆ ਸੀ ਤੇ ਪੈਸਿਆਂ ਵਾਲਾ ਗੱਲਾ ਆਪਣੀ ਜਗ੍ਹਾ ਤੋਂ ਗਾਇਬ ਸੀ। ਦੁਕਾਨ ਮਾਲਕ ਅਨੁਸਾਰ ਜਦੋਂ ਉਨ੍ਹਾਂ ਨੇ ਦੁਕਾਨ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਤਾਂ ਪਤਾ ਲੱਗਾ ਕਿ ਤੜਕੇ ਕਰੀਬ 3 ਵੱਜ ਕੇ 40 ਮਿੰਟ ’ਤੇ ਦੋ ਮੋਨੇ ਨੌਜਵਾਨ ਦੁਕਾਨ ਅੰਦਰ ਦਾਖ਼ਲ ਹੋਏ ਸਨ। ਦੋਵਾਂ ਨੇ ਦੁਕਾਨ ਅੰਦਰ ਕਾਫ਼ੀ ਫਰੋਲਾ-ਫਰਾਲੀ ਕੀਤੀ ਅਤੇ ਪੈਸਿਆਂ ਵਾਲੇ ਗੱਲੇ ਨੂੰ ਤੋੜਨ ਦੀ ਕੋਸ਼ਿਸ਼ ਵੀ ਕੀਤੀ। ਜਦੋਂ ਉਹ ਗੱਲਾ ਤੋੜਨ ’ਚ ਕਾਮਯਾਬ ਨਾ ਹੋਏ ਤਾਂ ਉਹ ਗੱਲੇ ਨੂੰ ਉੱਥੋਂ ਚੁੱਕ ਕੇ ਹੀ ਆਪਣੇ ਨਾਲ ਲੈ ਗਏ। ਉਨ੍ਹਾਂ ਦੱਸਿਆ ਕਿ ਗੱਲੇ ’ਚ ਕਰੀਬ 22 ਹਜ਼ਾਰ ਰੁਪਏ ਦੀ ਨਕਦੀ ਮੌਜੂਦ ਸੀ। ਦੁਕਾਨ ਮਾਲਕ ਨੇ ਦੱਸਿਆ ਕਿ ਇਸ ਚੋਰੀ ਦੀ ਘਟਨਾ ਸਬੰਧੀ ਉਨ੍ਹਾਂ ਵੱਲੋਂ 100 ਨੰਬਰ ’ਤੇ ਫੋਨ ਕਰਕੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਸੂਚਨਾ ਮਿਲਣ ’ਤੇ ਪੀਸੀਆਰ ਟੀਮ ਦੇ ਏਐੱਸਆਈ ਸੁਰਜੀਤ ਸਿੰਘ ਵੱਲੋਂ ਘਟਨਾ ਸਥਾਨ ’ਤੇ ਪਹੁੰਚ ਕੇ ਮੌਕੇ ਦਾ ਨਿਰੀਖਣ ਕੀਤਾ ਗਿਆ। ਦੁਕਾਨ ਮਾਲਕ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੌਜਵਾਨਾਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਚੋਰੀ ਹੋਈ ਨਕਦੀ ਬਰਾਮਦ ਕਰਵਾਈ ਜਾਵੇ। ਸ਼ਹਿਰ ਦੇ ਮੁੱਖ ਰੋਡ ’ਤੇ ਵਾਪਰੀ ਇਸ ਚੋਰੀ ਦੀ ਘਟਨਾ ਕਾਰਨ ਦੁਕਾਨਦਾਰਾਂ ’ਚ ਚਿੰਤਾ ਦਾ ਮਾਹੌਲ ਹੈ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਰਾਤ ਸਮੇਂ ਗਸ਼ਤ ਵਧਾਉਣ ਅਤੇ ਸ਼ਹਿਰ ਦੇ ਵਪਾਰਕ ਇਲਾਕਿਆਂ ’ਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ।