ਫਾਰਚੂਨਰ ਹਾਦਸੇ ਨੇ ਖੋਲ੍ਹੀ ਨਾਜਾਇਜ਼ ਸ਼ਰਾਬ ਦੀ ਤਸਕਰੀ ਦੀ ਪੋਲ, ਚਾਲਕ ਜ਼ਖ਼ਮੀ ਫਾਰਚੂਨਰ ਹਾਦਸੇ ਨੇ ਖੋਲ੍ਹੀ ਨਾਜਾਇਜ਼ ਸ਼ਰਾਬ ਦੀ ਤਸਕਰੀ ਦੀ ਪੋਲ, ਚਾਲਕ ਜ਼ਖ਼ਮੀ
Publish Date: Mon, 16 Nov 2026 07:36 PM (IST)
Updated Date: Mon, 16 Nov 2026 07:39 PM (IST)
-ਗੱਡੀ ’ਚੋਂ 50 ਤੋਂ ਵੱਧ ਪੇਟੀਆਂ ਅੰਗਰੇਜ਼ੀ ਸ਼ਰਾਬ ਤੇ ਬੀਅਰ ਬਰਾਮਦ -ਸਰਹਾਲੀ ਪੁਲਿਸ ਨੇ ਗੱਡੀ ਤੇ ਸ਼ਰਾਬ ਕਬਜ਼ੇ ’ਚ ਲੈ ਕੇ ਦਰਜ ਕੀਤਾ ਮਾਮਲਾ ਕਿਰਪਾਲ ਸਿੰਘ ਰੰਧਾਵਾ, •ਪੰਜਾਬੀ ਜਾਗਰਣ ਹਰੀਕੇ ਪੱਤਣ : ਕੌਮੀ ਸ਼ਾਹ ਰਾਹ 54 ’ਤੇ ਸਥਿਤ ਪਿੰਡ ਸਰਹਾਲੀ ਨਜ਼ਦੀਕ ਫਾਰਚੂਨਰ ਗੱਡੀ ਨਾਲ ਵਾਪਰੇ ਹਾਦਸੇ ਨੇ ਅੰਗਰੇਜ਼ੀ ਸ਼ਰਾਬ ਦੀ ਨਾਜਾਇਜ਼ ਤਸਕਰੀ ਦੇ ਕਥਿਤ ਧੰਦੇ ਦਾ ਪਰਦਾਫਾਸ਼ ਕਰ ਦਿੱਤਾ ਹੈ। ਹਾਦਸੇ ਦੌਰਾਨ ਗੱਡੀ ਦਾ ਚਾਲਕ ਜ਼ਖ਼ਮੀ ਹੋ ਗਿਆ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਜਦੋਂਕਿ ਮੌਕੇ ’ਤੇ ਆਬਕਾਰੀ ਵਿਭਾਗ ਤੇ ਪੁਲਿਸ ਦੀ ਟੀਮ ਨੇ ਗੱਡੀ ਵਿੱਚੋਂ 50 ਤੋਂ ਵੱਧ ਪੇਟੀਆਂ ਅੰਗਰੇਜ਼ੀ ਸ਼ਰਾਬ ਤੇ ਬੀਅਰ ਬਰਾਮਦ ਹੋਣ ਦੀ ਪੁਸ਼ਟੀ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਉੱਤਰਾਖੰਡ ਨੰਬਰ ਦੀ ਫਾਰਚੂਨਰ ਗੱਡੀ ਨੈਸ਼ਨਲ ਹਾਈਵੇ ’ਤੇ ਕਿਸੇ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਹਾਦਸੇ ’ਚ ਚਾਲਕ ਦੇ ਜ਼ਖ਼ਮੀ ਹੋਣ ਤੋਂ ਬਾਅਦ ਜਦੋਂ ਮਾਮਲਾ ਪੁਲਿਸ ਦੇ ਧਿਆਨ ’ਚ ਆਇਆ ਤਾਂ ਗੱਡੀ ਦੀ ਜਾਂਚ ਦੌਰਾਨ ਉਸ ’ਚੋਂ ਵੱਡੀ ਮਾਤਰਾ ’ਚ ਅੰਗਰੇਜ਼ੀ ਸ਼ਰਾਬ ਤੇ ਬੀਅਰ ਮਿਲੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਆਬਕਾਰੀ ਵਿਭਾਗ ਨੂੰ ਵੀ ਸੂਚਿਤ ਕੀਤਾ ਗਿਆ। ਆਬਕਾਰੀ ਵਿਭਾਗ ਦੇ ਅਧਿਕਾਰੀਆਂ ਈਟੀਓ ਇੰਦਰਜੀਤ ਸਿੰਘ ਸਹਿਜਰਾ, ਐਕਸਾਈਜ ਇੰਸਪੈਕਟਰ ਹਿਤੇਸ਼ ਪ੍ਰਭਾਕਰ ਤੇ ਕਰਨ ਸ਼ਰਮਾ ’ਤੇ ਅਧਾਰਿਤ ਟੀਮ ਮੌਕੇ ’ਤੇ ਪਹੁੰਚ ਗਈ। ਈਟੀਓ ਸਹਿਜਰਾ ਮੁਤਾਬਿਕ ਗੱਡੀ ’ਚੋਂ 50 ਤੋਂ ਵੱਧ ਪੇਟੀਆਂ ਸ਼ਰਾਬ ਤੇ ਬੀਅਰ ਬਰਾਮਦ ਹੋਈ ਹੈ। ਈਟੀਓ ਮੁਤਾਬਿਕ ਸ਼ਰਾਬ ’ਤੇ ਲੱਗੇ ਸਟਿਕਰਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਦੋਂਕਿ ਮੌਕੇ ’ਤੇ ਛਾਣਬੀਣ ਉਪਰੰਤ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਦੱਸਿਆ ਕਿ ਗੱਡੀ ਗੁਰਮੁਖ ਸਿੰਘ ਵਿਅਕਤੀ ਦੇ ਨਾਂ ’ਤੇ ਰਜਿਸਟਰਡ ਹੈ। ਹਾਲਾਂਕਿ ਗੱਡੀ ਦੇ ਜਖਮੀ ਚਾਲਕ ਨੂੰ ਸੜਕ ਸੁਰੱਖਿਆ ਫੋਰਸ ਦੇ ਕਰਮਚਾਰੀ ਹਸਪਤਾਲ ਲੈ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਗੱਡੀ ’ਚ 37 ਪੇਟੀਆਂ ਪੰਜਾਬ ਕਲੱਬ, 9 ਪੇਟੀਆਂ ਰਾਇਲ ਸਟੈਗ, 31 ਬੋਤਲਾਂ ਆਫ਼ਿਸਰ ਚੁਆਇਸ, 22 ਬੋਤਲਾਂ ਮੈਕਡਾਵਲ ਅਤੇ 14 ਬੋਤਲ ਬੀਅਰ ਦੀਆਂ ਮਿਲੀਆਂ ਹਨ। ਉਧਰ ਥਾਣਾ ਸਰਹਾਲੀ ਦੀ ਪੁਲਿਸ ਨੇ ਹਾਦਸਾ ਗ੍ਰਸਤ ਫਾਰਚੂਨਰ ਗੱਡੀ ਅਤੇ ਬਰਾਮਦ ਸ਼ਰਾਬ ਨੂੰ ਕਬਜ਼ੇ ’ਚ ਲੈ ਕੇ ਚਾਲਕ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਸ਼ਰਾਬ ਕਿੱਥੋਂ ਲਿਆਂਦੀ ਗਈ ਸੀ ਅਤੇ ਇਸ ਦੀ ਸਪਲਾਈ ਕਿਥੇ ਕੀਤੀ ਜਾਣੀ ਸੀ। ਜਾਂਚ ਦੌਰਾਨ ਇਸ ਨਾਜਾਇਜ਼ ਕਾਰੋਬਾਰ ਨਾਲ ਜੁੜੀਆਂ ਹੋਰ ਕੜੀਆਂ ਸਾਹਮਣੇ ਆਉਣ ਦੀ ਸੰਭਾਵਨਾ ਹੈ। ਇਸ ਸਬੰਧੀ ਡੀਐੱਸਪੀ ਪੱਟੀ ਰਵੀਸ਼ੇਰ ਸਿੰਘ ਨੇ ਦੱਸਿਆ ਕਿ ਅਣਪਛਾਤੇ ਵਿਅਕਤੀ ’ਤੇ ਪਰਚਾ ਦਰਜ ਕਰ ਲਿਆ ਗਿਆ ਹੈ ਤੇ ਸ਼ਰਾਬ ਤਸਕਰੀ ਦੇ ਕਾਲੇ ਕਾਰੋਬਾਰ ਦੀ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਜਖਮੀ ਵਿਅਕਤੀ ਤੋਂ ਪੁਛਗਿੱਛ ਲਈ ਉਸਦੇ ਠੀਕ ਹੋਣ ਤਕ ਇੰਤਜ਼ਾਰ ਕਰਨਾ ਪਵੇਗਾ।