ਚਾਈਨਾ ਡੋਰ ਨੇ ਲਈ ਮੋਟਰਸਾਈਕਲ ਸਵਾਰ ਵਿਅਕਤੀ ਜਾਨ ਚੋਹਲਾ ਸਾਹਿਬ ’ਚ ਚਾਈਨਾ ਡੋਰ ਨੇ ਲਈ ਮੋਟਰਸਾਈਕਲ ਸਵਾਰ ਵਿਅਕਤੀ ਜਾਨ
Publish Date: Mon, 16 Nov 2026 06:48 PM (IST)
Updated Date: Mon, 16 Nov 2026 06:48 PM (IST)
ਸਟਾਫ ਰਿਪੋਰਟਰ•, ਪੰਜਾਬੀ ਜਾਗਰਣ, ਤਰਨਤਾਰਨ : ਪਿੰਡ ਚੋਹਲਾ ਸਾਹਿਬ ਵਿਖੇ ਖੂਨੀ ਸਾਬਿਤ ਹੋ ਰਹੀ ਚਾਈਨਾ ਡੋਰ ਨੇ ਮੋਟਰਸਾਈਕਲ ਇਕ ਵਿਅਕਤੀ ਦੀ ਜਾਨ ਲੈ ਲਈ। ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਆਪਣੇ ਪਿਤਾ ਸਮੇਤ ਮੋਟਰਸਾਈਕਲ ’ਤੇ ਸਵਾਰ ਹੋ ਕੇ ਅੰਮ੍ਰਿਤਸਰ ਤੋਂ ਆਪਣੇ ਪਿੰਡ ਚੋਹਲਾ ਸਾਹਿਬ ਆ ਰਿਹਾ ਸੀ ਅਤੇ ਕਸਬੇ ’ਚ ਪਹੁੰਚਦਿਆਂ ਹੀ ਅਚਾਨਕ ਚਾਈਨਾ ਡੋਰ ਉਸਦੇ ਅੱਗੇ ਆ ਗਈ, ਜਿਸਨੇ ਉਸ ਦੀ ਗਰਦਨ ਨੂੰ ਬੁਰੀ ਤਰ੍ਹਾਂ ਨਾਲ ਜਖਮੀ ਕਰ ਦਿੱਤਾ ਅਤੇ ਤਰਨਤਾਰਨ ਦੇ ਹਸਪਤਾਲ ’ਚ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ’ਚ ਹਰਬੰਸ ਸਿੰਘ ਪੁੱਤਰ ਜੁਗਲਾਲ ਵਾਸੀ ਚੋਹਲਾ ਸਾਹਿਬ ਨੇ ਦੱਸਿਆ ਕਿ 14 ਨਵੰਬਰ ਨੂੰ ਉਹ ਆਪਣੇ ਵੱਡੇ ਲੜਕੇ ਪ੍ਰਤਾਪ ਸਿੰਘ ਨਾਲ ਨਿੱਜੀ ਕੰਮ ਲਈ ਮੋਟਰਸਾਈਕਲ ਨੰਬਰ ਪੀਬੀ46 ਏ 0694 ’ਤੇ ਸਵਾਰ ਹੋ ਕੇ ਅੰਮ੍ਰਿਤਸਰ ਗਿਆ ਸੀ। ਵਾਪਸੀ ਸਮੇਂ ਮੋਟਰਸਾਈਕਲ ਉਸ ਦਾ ਲੜਕਾ ਪ੍ਰਤਾਪ ਸਿੰਘ ਚਲਾ ਰਿਹਾ ਸੀ। ਜਦੋਂ ਉਹ ਚੋਹਲਾ ਸਾਹਿਬ ਨੇੜੇ ਪਹੁੰਚੇ ਤਾਂ ਅੱਗੇ ਅਚਾਨਕ ਚਾਈਨਾ ਡੋਰ ਆਉਣ ਕਾਰਨ ਮੋਟਰਸਾਈਕਲ ਬੇਕਾਬੂ ਹੋ ਕੇ ਡਿੱਗ ਗਿਆ। ਉਸ ਨੇ ਉੱਠ ਕੇ ਦੇਖਿਆ ਤਾਂ ਪ੍ਰਤਾਪ ਸਿੰਘ ਦੇ ਗਲੇ ’ਚ ਚਾਈਨਾ ਡੋਰ ਫਿਰ ਜਾਣ ਕਾਰਨ ਉਹ ਲਹੂ ਲੁਹਾਣ ਹੋ ਚੁੱਕਾ ਸੀ। ਉਹ ਪ੍ਰਤਾਪ ਸਿੰਘ ਨੂੰ ਇਲਾਜ ਲਈ ਤਰਨਤਾਰਨ ਦੇ ਗੁਰੂ ਨਾਨਕ ਸੁਪਰ ਸਪੈਸ਼ਲਿਟੀ ਹਸਪਤਾਲ ਤਰਨਤਾਰਨ ਲੈ ਗਿਆ, ਜਿਥੇ ਲੰਘੀ ਦੇਰ ਸ਼ਾਮ ਉਸ ਦੀ ਮੌਤ ਹੋ ਗਈ। ਥਾਣਾ ਚੋਹਲਾ ਸਾਹਿਬ ਦੇ ਏਐੱਸਆਈ ਮਨਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਵਲੋਂ ਕਿਸੇ ਵਿਰੁੱਧ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ। ਪਰ ਫਿਰ ਵੀ ਧਾਰਾ 194 ਬੀਐੱਨਐੱਸਐੱਸ ਤਹਿਤ ਰਪਟ ਦਰਜ ਕਰਕੇ ਲਾਸ਼ ਦਾ ਪੋਸਟਮਾਰਟਮ ਸਿਵਲ ਹਸਪਤਾਲ ਤਰਨਤਾਰਨ ਤੋਂ ਕਰਵਾ ਦਿੱਤਾ ਗਿਆ ਹੈ।