ਜੱਸਾ ਪੱਟੀ ਨੂੰ ਭਾਰੀ ਬਹੁਮਤ ਨਾਲ ਜਿਤਾਵਾਂਗੇ : ਬਾਬਾ ਬਲਜਿੰਦਰ ਸਿੰਘ ਚੂਸਲੇਵੜ ਦੇ ਜੰਮਪਲ ਜੱਸਾ ਪੱਟੀ ਨੂੰ ਭਾਰੀ ਬਹੁਮਤ ਨਾਲ ਜਿਤਾਵਾਂਗੇ : ਬਾਬਾ ਬਲਜਿੰਦਰ ਸਿੰਘ
Publish Date: Sat, 14 Nov 2026 04:52 PM (IST)
Updated Date: Sat, 14 Nov 2026 04:54 PM (IST)
ਬੱਲੂ ਮਹਿਤਾ•, ਪੰਜਾਬੀ ਜਾਗਰਣ, ਪੱਟੀ ਵਿਧਾਨ ਸਭਾ ਹਲਕਾ ਪੱਟੀ ਤੋਂ ਜਸਕੰਵਰ ਸਿੰਘ ਗਿੱਲ ਜੱਸਾ ਪੱਟੀ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਵਿਧਾਨ ਸਭਾ ’ਚ ਭੇਜਿਆ ਜਾਵੇਗਾ ਅਤੇ ਉਨ੍ਹਾਂ ਦੇ ਸਿਆਸੀ ਸਫ਼ਰ ਨਾਲ ਹਲਕਾ ਪੱਟੀ ਦੀ ਨੁਹਾਰ ਬਦਲਣ ਦੀਆਂ ਨਵੀਆਂ ਉਮੀਦਾਂ ਜਾਗਣਗੀਆਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਾਬਾ ਬਲਜਿੰਦਰ ਸਿੰਘ ਚੂਸਲੇਵੜ, ਡਾਇਰੈਕਟਰ ਪ੍ਰਾਇਮਰੀ ਖੇਤੀਬਾੜੀ ਵਿਕਾਸ ਬੈਂਕ ਪੱਟੀ ਨੇ ਕੀਤਾ। ਉਨ੍ਹਾਂ ਕਿਹਾ ਕਿ ਜੱਸਾ ਪੱਟੀ ਪਿੰਡ ਚੂਸਲੇਵੜ ਦਾ ਜੰਮਪਲ ਹੈ, ਜਿਸ ਨੇ ਆਪਣੀ ਮਿਹਨਤ, ਲਗਨ ਅਤੇ ਪ੍ਰਾਪਤੀਆਂ ਸਦਕਾ ਪੱਟੀ ਇਲਾਕੇ ਦਾ ਨਾਮ ਦੇਸ਼ ਭਰ ’ਚ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜੱਸਾ ਭੱਟੀ ਨੇ ਆਪਣੇ ਕੰਮਾਂ ਰਾਹੀਂ ਇਲਾਕੇ ਦੀ ਪਛਾਣ ਨੂੰ ਨਵੀਂ ਪਹਿਚਾਣ ਦਿੱਤੀ ਹੈ ਅਤੇ ਹੁਣ ਸਿਆਸਤ ਦੇ ਖੇਤਰ ’ਚ ਕਦਮ ਰੱਖ ਕੇ ਉਨ੍ਹਾਂ ਦਾ ਟੀਚਾ ਹਲਕਾ ਪੱਟੀ ਦੀ ਨੁਹਾਰ ਬਦਲਣਾ ਅਤੇ ਇਲਾਕੇ ਨੂੰ ਵਿਕਾਸ ਦੀਆਂ ਲੀਹਾਂ ਤੇ ਅੱਗੇ ਲਿਜਾਣਾ ਹੋਵੇਗਾ। ਬਾਬਾ ਬਲਜਿੰਦਰ ਸਿੰਘ ਨੇ ਕਿਹਾ ਕਿ ਕਿਸੇ ਵੀ ਇਲਾਕੇ ਦੀ ਤਰੱਕੀ ਲਈ ਅਜਿਹੇ ਨੁਮਾਇੰਦੇ ਦੀ ਲੋੜ ਹੁੰਦੀ ਹੈ ਜੋ ਆਪਣੇ ਇਲਾਕੇ ਦੀਆਂ ਸਮੱਸਿਆਵਾਂ ਨੂੰ ਸਮਝਦਾ ਹੋਵੇ, ਲੋਕਾਂ ਦੇ ਦੁੱਖ-ਸੁੱਖ ’ਚ ਸ਼ਰੀਕ ਹੋਵੇ ਅਤੇ ਉਨ੍ਹਾਂ ਦੀ ਆਵਾਜ਼ ਬਣ ਕੇ ਸਰਕਾਰ ਤਕ ਪਹੁੰਚਾਵੇ। ਉਨ੍ਹਾਂ ਕਿਹਾ ਕਿ ਜੱਸਾ ਪੱਟੀ ਦਾ ਆਪਣੇ ਇਲਾਕੇ ਨਾਲ ਗੂੜ੍ਹਾ ਸਬੰਧ ਹੈ ਅਤੇ ਉਨ੍ਹਾਂ ਨੂੰ ਪੱਟੀ ਹਲਕੇ ਦੀਆਂ ਸਮੱਸਿਆਵਾਂ ਅਤੇ ਲੋਕਾਂ ਦੀਆਂ ਉਮੀਦਾਂ ਦੀ ਪੂਰੀ ਸਮਝ ਹੈ। ਉਨ੍ਹਾਂ ਕਿਹਾ ਕਿ ਪੱਟੀ ਹਲਕੇ ਦੇ ਪਿੰਡਾਂ ਅਤੇ ਸ਼ਹਿਰਾਂ ’ਚ ਵਿਕਾਸ ਦੇ ਕਈ ਕੰਮ ਕਰਨ ਦੀ ਲੋੜ ਹੈ। ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ, ਸਿੱਖਿਆ ਅਤੇ ਸਿਹਤ ਸਹੂਲਤਾਂ ਨੂੰ ਬਿਹਤਰ ਬਣਾਉਣ ਅਤੇ ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਬਾਬਾ ਬਲਜਿੰਦਰ ਸਿੰਘ ਨੇ ਕਿਹਾ ਕਿ ਉਹ ਜੱਸਾ ਪੱਟੀ ਦੀ ਹਮਾਇਤ ’ਚ ਪੂਰੀ ਤਨਦੇਹੀ ਨਾਲ ਕੰਮ ਕਰਨਗੇ ਅਤੇ ਹਲਕੇ ਦੇ ਲੋਕਾਂ ਨੂੰ ਵੀ ਉਨ੍ਹਾਂ ਦਾ ਸਾਥ ਦੇਣ ਦੀ ਅਪੀਲ ਕਰਦੇ ਹਨ। ਉਨ੍ਹਾਂ ਭਰੋਸਾ ਜਤਾਇਆ ਕਿ ਲੋਕਾਂ ਦੇ ਸਹਿਯੋਗ ਅਤੇ ਪਿਆਰ ਸਦਕਾ ਜੱਸਾ ਭੱਟੀ ਨੂੰ ਭਾਰੀ ਬਹੁਮਤ ਨਾਲ ਜਿੱਤ ਦਿਵਾਈ ਜਾਵੇਗੀ ਅਤੇ ਹਲਕਾ ਪੱਟੀ ਨੂੰ ਤਰੱਕੀ ਦੀਆਂ ਨਵੀਆਂ ਬੁਲੰਦੀਆਂ ਤਕ ਪਹੁੰਚਾਉਣ ਦਾ ਸੁਪਨਾ ਸਾਕਾਰ ਕੀਤਾ ਜਾਵੇਗਾ।