2027 ਦੀ ਚੋਣ ਰਣਨੀਤੀ ਨੂੰ ਲੈ ਕੇ ਸਕੱਤਰ ਸਿੰਘ ਸੰਧੂ ਨੇ ਮਨੀਸ਼ ਸਿਸੋਦੀਆ ਨਾਲ ਕੀਤੀ ਮੁਲਾਕਾਤ 2027 ਦੀ ਚੋਣ ਰਣਨੀਤੀ ਨੂੰ ਲੈ ਕੇ ਸਕੱਤਰ ਸਿੰਘ ਸੰਧੂ ਨੇ ਮਨੀਸ਼ ਸਿਸੋਦੀਆ ਨਾਲ ਕੀਤੀ ਮੁਲਾਕਾਤ
Publish Date: Wed, 11 Nov 2026 07:50 PM (IST)
Updated Date: Wed, 11 Nov 2026 07:51 PM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਪੰਜਾਬ ਦੇ ਡਾਇਰੈਕਟਰ ਐੱਨਆਰਆਈ ਕਮਿਸ਼ਨ ਸਕੱਤਰ ਸਿੰਘ ਸੰਧੂ ਨੇ ਦਿੱਲੀ ਵਿਖੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨਾਲ ਮੁਲਾਕਾਤ ਕਰ ਕੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਲਕਾ ਖਡੂਰ ਸਾਹਿਬ ਦੀ ਸਿਆਸੀ ਦਿਸ਼ਾ ਅਤੇ ਪਾਰਟੀ ਦੀ ਅਗਲੀ ਰਣਨੀਤੀ ਬਾਰੇ ਅਹਿਮ ਵਿਚਾਰ ਸਾਂਝੇ ਕੀਤੇ। ਮੁਲਾਕਾਤ ਦੌਰਾਨ ਸੰਧੂ ਨੇ ਕਿਹਾ ਕਿ ਖਡੂਰ ਸਾਹਿਬ ਦੀ ਧਰਤੀ ਦਾ ਪੰਜਾਬ ਦੇ ਧਾਰਮਿਕ, ਇਤਿਹਾਸਕ ਅਤੇ ਪੰਥਕ ਨਕਸ਼ੇ ’ਤੇ ਵਿਸ਼ੇਸ਼ ਸਥਾਨ ਹੈ। ਇਸ ਹਲਕੇ ਦੀ ਸਿਆਸਤ ਨੂੰ ਆਮ ਰਾਜਨੀਤਿਕ ਸਮੀਕਰਨਾਂ ਨਾਲ ਨਹੀਂ ਸਮਝਿਆ ਜਾ ਸਕਦਾ, ਸਗੋਂ ਇੱਥੋਂ ਦੀ ਪੰਥਕ ਪਛਾਣ, ਲੋਕਾਂ ਦੀਆਂ ਭਾਵਨਾਵਾਂ ਅਤੇ ਇਤਿਹਾਸਕ ਮਹੱਤਤਾ ਨੂੰ ਵੀ ਬਰਾਬਰ ਤਵੱਜੋ ਦੇਣੀ ਪਵੇਗੀ। ਉਨ੍ਹਾਂ ਮਨੀਸ਼ ਸਿਸੋਦੀਆ ਨੂੰ ਜਾਣੂ ਕਰਵਾਇਆ ਕਿ ਹਲਕਾ ਖਡੂਰ ਸਾਹਿਬ ’ਚ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋਣ ਦੀ ਸੰਭਾਵਨਾ ਹੈ ਅਤੇ ਦੂਜੀਆਂ ਸਿਆਸੀ ਧਿਰਾਂ ਵੱਲੋਂ ਪੰਥਕ ਮੁੱਦਿਆਂ ਨੂੰ ਵਿਸ਼ੇਸ਼ ਤੌਰ ’ਤੇ ਉਭਾਰਿਆ ਜਾ ਰਿਹਾ ਹੈ। ਅਜਿਹੀ ਸਥਿਤੀ ’ਚ ਆਮ ਆਦਮੀ ਪਾਰਟੀ ਦੀ ਰਣਨੀਤੀ ਵੀ ਹਲਕੇ ਦੀਆਂ ਵਿਸ਼ੇਸ਼ ਪ੍ਰਸਥਿਤੀਆਂ ਦੇ ਅਨੁਕੂਲ ਹੋਣੀ ਚਾਹੀਦੀ ਹੈ। ਸੰਧੂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਖਡੂਰ ਸਾਹਿਬ ਨੂੰ ਇਕ ਅਜਿਹੇ ਪੰਥਕ ਅਤੇ ਲੋਕਾਂ ਨਾਲ ਡੂੰਘਾ ਜੁੜਾਅ ਰੱਖਣ ਵਾਲੇ ਚਿਹਰੇ ਦੀ ਲੋੜ ਹੈ, ਜੋ ਹਲਕੇ ਦੀ ਇਤਿਹਾਸਕ ਵਿਰਾਸਤ ਦਾ ਸਤਿਕਾਰ ਕਰਦਾ ਹੋਵੇ ਅਤੇ ਲੋਕਾਂ ਦੇ ਮੁੱਦਿਆਂ ਨੂੰ ਸਮਰੱਥਾ ਨਾਲ ਉਠਾ ਸਕੇ। ਉਨ੍ਹਾਂ ਜ਼ੋਰ ਦਿੱਤਾ ਕਿ ਕਿਸੇ ਵੀ ਚੋਣ ਰਣਨੀਤੀ ਦੀ ਸਫ਼ਲ ਤਿਆਰੀ ਲਈ ਸਥਾਨਕ ਲੋਕਾਂ ਦੀ ਰਾਇ ਅਤੇ ਜ਼ਮੀਨੀ ਪੱਧਰ ਦੇ ਹਾਲਾਤਾਂ ਨੂੰ ਸਮਝਣਾ ਬੇਹੱਦ ਮਹੱਤਵਪੂਰਨ ਹੈ। ਇਸ ਮੌਕੇ ਪਾਰਟੀ ਦੇ ਸੰਗਠਨਾਤਮਕ ਢਾਂਚੇ ਨੂੰ ਮਜ਼ਬੂਤ ਕਰਨ, ਪਿੰਡਾਂ ’ਚ ਲੋਕ ਸੰਪਰਕ ਵਧਾਉਣ, ਨੌਜਵਾਨਾਂ ਨੂੰ ਅੱਗੇ ਲਿਆਉਣ, ਸਥਾਨਕ ਆਗੂਆਂ ਦੀ ਭੂਮਿਕਾ ਅਤੇ 2027 ਦੀਆਂ ਚੋਣਾਂ ਲਈ ਲੰਬੇ ਸਮੇਂ ਦੀ ਯੋਜਨਾਬੰਦੀ ਬਾਰੇ ਵੀ ਵਿਚਾਰ-ਚਰਚਾ ਕੀਤੀ ਗਈ।