ਮਿੰਨੀ ਬੱਸ ਨੇ ਐਕਟਿਵਾ ਨੂੰ ਟੱਕਰ ਮਾਰੀ, ਮਾਂ ਦੀ ਮੌਤ, ਵਾਲ ਵਾਲ ਬਚੀ ਧੀ ਮਿੰਨੀ ਬੱਸ ਨੇ ਐਕਟਿਵਾ ਨੂੰ ਟੱਕਰ ਮਾਰੀ, ਮਾਂ ਦੀ ਮੌਤ, ਵਾਲ ਵਾਲ ਬਚੀ ਧੀ
Publish Date: Wed, 11 Nov 2026 07:11 PM (IST)
Updated Date: Wed, 11 Nov 2026 07:15 PM (IST)
ਸਟਾਫ ਰਿਪੋਰਟਰ, •ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ-ਦਿਆਲਪੁਰ ਮਾਰਗ ’ਤੇ ਪੈਂਦੇ ਪਿੰਡ ਪਲਾਸੌਰ ਦੇ ਕੋਲ ਐਕਟਿਵਾ ਸਵਾਰ ਮਾਂ-ਧੀ ਨੂੰ ਮਿੰਨੀ ਬੱਸ ਨੇ ਪਿੱਛੋਂ ਟੱਕਰ ਮਾਰ ਦਿੱਤੀ। ਇਸ ਹਾਦਸੇ ਦੌਰਾਨ ਮਾਂ ਬੱਸ ਦੇ ਟਾਇਰ ਹੇਠ ਦਰੜੀ ਗਈ ਅਤੇ ਲੜਕੀ ਸਾਈਡ ’ਤੇ ਡਿੱਗਣ ਕਾਰਨ ਵਾਲ-ਵਾਲ ਬਚ ਗਈ। ਮੌਕੇ ’ਤੇ ਪੁੱਜੀ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਲਾਸ਼ ਕਬਜੇ ’ਚ ਲੈ ਕੇ ਬੱਸ ਦੇ ਅਣਪਛਾਤੇ ਚਾਲਕ ਵਿਰੁੱਧ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਸਪਾਲ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਪਿੰਡ ਪਲਾਸੌਰ ਬਹਿਕਾਂ ਨੇ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਸਦੀ ਲੜਕੀ ਰਵਨੀਤ ਕੌਰ ਤੇ ਪਤਨੀ ਕੁਲਵਿੰਦਰ ਕੌਰ ਐਕਟਿਵਾ ਨੰਬਰ ਪੀਬੀ02 ਸੀਪੀ 5213 ’ਤੇ ਸਵਾਰ ਹੋ ਕੇ ਤਰਨਤਾਰਨ ਸ਼ਹਿਰ ਆਏ ਸੀ। ਦੁਪਹਿਰ ਕਰੀਬ ਢਾਈ ਵਜੇ ਉਹ ਵਾਪਸ ਪਲਾਸੌਰ ਜਾ ਰਹੇ ਸੀ ਅਤੇ ਐਕਟਿਵਾ ਉਸਦੀ ਲੜਕੀ ਰਵਨੀਤ ਕੌਰ ਚਲਾ ਰਹੀ ਸੀ। ਜਦੋਂ ਉਹ ਪਿੰਡ ਪਲਾਸੌਰ ਦੇ ਕੋਲ ਪੁੱਜੇ ਤਾਂ ਪਿੱਛੋਂ ਆ ਰਹੀ ਮਿੰਨੀ ਬੱਸ ਨੰਬਰ ਪੀਬੀ02 ਏਬੀ 9976 ਨੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਸ ਦੀ ਪਤਨੀ ਕੁਲਵਿੰਦਰ ਕੌਰ ਬੱਸ ਦੇ ਟਾਇਰ ਹੇਠ ਆ ਗਈ ਤੇ ਲੜਕੀ ਰਵਨੀਤ ਕੌਰ ਸਾਈਡ ’ਤੇ ਡਿੱਗ ਪਈ। ਉਨ੍ਹਾਂ ਦੱਸਿਆ ਕਿ ਕੁਲਵਿੰਦਰ ਕੌਰ ਨੂੰ ਤੁਰੰਤ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬੱਸ ਚਾਲਕ ਦੀ ਪਛਾਣ ਵਾਸਤੇ ਯਤਨ ਕੀਤੇ ਜਾ ਰਹੇ ਹਨ। ਜਦੋਂਕਿ ਲਾਸ਼ ਦਾ ਸਿਵਲ ਹਸਪਤਾਲ ਤਰਨਤਾਰਨ ਤੋਂ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।