ਭਾਈ ਗੁਰਦਾਸ ਅਕੈਡਮੀ ’ਚ ਬ੍ਰਿਕਸ ਸਸਟੇਨੇਬਲ ਲਾਈਫਸਟਾਈਲ ਵੀਕ ਮਨਾਇਆ ਭਾਈ ਗੁਰਦਾਸ ਅਕੈਡਮੀ ’ਚ ਬ੍ਰਿਕਸ ਸਸਟੇਨੇਬਲ ਲਾਈਫਸਟਾਈਲ ਵੀਕ ਮਨਾਇਆ ਗਿਆ
Publish Date: Wed, 11 Nov 2026 05:24 PM (IST)
Updated Date: Wed, 11 Nov 2026 05:27 PM (IST)
ਤੇਜਿੰਦਰ ਸਿੰਘ ਬੱਬੂ•, ਪੰਜਾਬੀ ਜਾਗਰਣ ਝਬਾਲ : ਪੰਡੋਰੀ ਰਣ ਸਿੰਘ ਭਾਈ ਗੁਰਦਾਸ ਅਕੈਡਮੀ ਵਿਖੇ 1 ਤੋਂ 7 ਨਵੰਬਰ ਤਕ ਬ੍ਰਿਕਸ ਸਸਟੇਨੇਬਲ ਲਾਈਫਸਟਾਈਲ ਵੀਕ ਮਨਾਇਆ ਗਿਆ। ਇਸ ਹਫ਼ਤੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਵਾਤਾਵਰਨ ਦੀ ਸੰਭਾਲ, ਕੁਦਰਤੀ ਸਰੋਤਾਂ ਦੀ ਸਹੀ ਵਰਤੋਂ ਅਤੇ ਟਿਕਾਊ ਜੀਵਨ ਸ਼ੈਲੀ ਅਪਣਾਉਣ ਪ੍ਰਤੀ ਜਾਗਰੂਕ ਕਰਨਾ ਸੀ। ਇਹ ਮੁਹਿੰਮ ਮਿਸ਼ਨ ਲਾਈਫ ਤਹਿਤ ਆਯੋਜਿਤ ਕੀਤੀ ਗਈ, ਜਿਸ ਦਾ ਉਦੇਸ਼ ਰੋਜ਼ਾਨਾ ਜੀਵਨ ’ਚ ਛੋਟੀਆਂ-ਛੋਟੀਆਂ ਤਬਦੀਲੀਆਂ ਰਾਹੀਂ ਵਾਤਾਵਰਨ ਦੀ ਰੱਖਿਆ ਕਰਨਾ ਹੈ। ਇਸ ਮੌਕੇ ਵਿਦਿਆਰਥੀਆਂ ਨੂੰ ਸਿਹਤਮੰਦ ਅਤੇ ਵਾਤਾਵਰਨ ਪੱਖੀ ਜੀਵਨਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਨੂੰ ਰੋਜ਼ਾਨਾ ਪੈਦਲ ਚੱਲਣ, ਸਾਈਕਲ ਚਲਾਉਣ, ਯੋਗਾ ਕਰਨ ਅਤੇ ਵੱਧ ਤੋਂ ਵੱਧ ਪੌਦੇ ਲਗਾਉਣ ਦੀ ਮਹੱਤਤਾ ਬਾਰੇ ਦੱਸਿਆ ਗਿਆ। ‘ਏਕ ਪੇੜ ਮਾਂ ਕੇ ਨਾਮ’ ਮੁਹਿੰਮ ਅਧੀਨ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਦਾ ਸੰਦੇਸ਼ ਵੀ ਦਿੱਤਾ ਗਿਆ। ਵਿਦਿਆਰਥੀਆਂ ਨੂੰ ਸੰਤੁਲਿਤ ਅਤੇ ਪੌਸ਼ਟਿਕ ਖੁਰਾਕ ਅਪਣਾਉਣ ਲਈ ਉਤਸ਼ਾਹਿਤ ਕੀਤਾ ਗਿਆ। ਉਨ੍ਹਾਂ ਨੂੰ ਜਵਾਰ, ਬਾਜਰਾ ਅਤੇ ਰਾਗੀ ਵਰਗੇ ਪੌਸ਼ਟਿਕ ਮੋਟੇ ਅਨਾਜਾਂ ਨੂੰ ਆਪਣੀ ਖੁਰਾਕ ’ਚ ਸ਼ਾਮਿਲ ਕਰਨ ਅਤੇ ਰਵਾਇਤੀ ਭੋਜਨ ਦੀ ਮਹੱਤਤਾ ਸਮਝਾਈ ਗਈ। ਇਸ ਦੇ ਨਾਲ ਹੀ ਬਿਜਲੀ ਦੀ ਬੱਚਤ ਕਰਨ, ਲੋੜ ਨਾ ਹੋਣ ’ਤੇ ਪੱਖੇ ਅਤੇ ਲਾਈਟਾਂ ਬੰਦ ਕਰਨ ਅਤੇ ਊਰਜਾ ਦੀ ਸਹੀ ਵਰਤੋਂ ਕਰਨ ਬਾਰੇ ਵੀ ਜਾਗਰੂਕ ਕੀਤਾ ਗਿਆ। ਵਾਤਾਵਰਨ ਨੂੰ ਪਲਾਸਟਿਕ ਦੇ ਨੁਕਸਾਨਾਂ ਤੋਂ ਬਚਾਉਣ ਲਈ ਵਿਦਿਆਰਥੀਆਂ ਨੂੰ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ, ਪਲਾਸਟਿਕ ਦੀਆਂ ਬੋਤਲਾਂ ਅਤੇ ਪੌਲੀਥੀਨ ਦੀ ਥਾਂ ਕੱਪੜੇ ਦੇ ਥੈਲਿਆਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਤੋਂ ਇਲਾਵਾ ਪੁਰਾਣੇ ਮੋਬਾਈਲ ਫ਼ੋਨ, ਚਾਰਜਰ ਅਤੇ ਬੈਟਰੀਆਂ ਵਰਗੇ ਈ-ਵੇਸਟ ਨੂੰ ਸਹੀ ਥਾਂ ’ਤੇ ਰੀਸਾਈਕਲ ਕਰਨ ਅਤੇ ਕੂੜੇ ਨੂੰ ਘਟਾਉਣ, ਮੁੜ ਵਰਤੋਂ ਕਰਨ ਅਤੇ ਰੀਸਾਈਕਲ ਕਰਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ। ਸਕੂਲ ਦੇ ਈਕੋ-ਕਲੱਬ ਵੱਲੋਂ ਵਿਦਿਆਰਥੀਆਂ ਨੂੰ ਵਾਤਾਵਰਨ ਦੀ ਸੰਭਾਲ ਲਈ ਆਪਣੀ ਜ਼ਿੰਮੇਵਾਰੀ ਸਮਝਣ ਅਤੇ ਰੋਜ਼ਾਨਾ ਜੀਵਨ ’ਚ ਵਾਤਾਵਰਨ ਪੱਖੀ ਆਦਤਾਂ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ‘ਕੁਦਰਤ ਬਚਾਓ, ਭਵਿੱਖ ਬਚਾਓ’, ‘ਪਾਣੀ ਬਚਾਓ, ਜੀਵਨ ਬਚਾਓ’ ਅਤੇ ‘ਪਲਾਸਟਿਕ ਹਟਾਓ, ਧਰਤੀ ਬਚਾਓ’ ਵਰਗੇ ਨਾਅਰਿਆਂ ਰਾਹੀਂ ਵਾਤਾਵਰਨ ਦੀ ਸੰਭਾਲ ਦਾ ਸੰਦੇਸ਼ ਦਿੱਤਾ। ਸਕੂਲ ਦੇ ਪ੍ਰਿੰਸੀਪਲ ਵਰਦੀਪ ਕੌਰ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਾਤਾਵਰਨ ਦੀ ਰੱਖਿਆ ਕਰਨਾ ਸਾਡੇ ਸਾਰਿਆਂ ਦਾ ਫ਼ਰਜ਼ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਛੋਟੀਆਂ-ਛੋਟੀਆਂ ਚੰਗੀਆਂ ਆਦਤਾਂ ਅਪਣਾ ਕੇ ਧਰਤੀ ਨੂੰ ਸਾਫ਼, ਹਰਿਆ-ਭਰਿਆ ਅਤੇ ਸੁਰੱਖਿਅਤ ਬਣਾਉਣ ਲਈ ਪ੍ਰੇਰਿਤ ਕੀਤਾ।