- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਾਰਡ ਨੰਬਰ 10 ਦੀ ਪ੍ਰਮੁੱਖ ਗਲੀ ਡਾ. ਸੰਧੂ ਵਾਲੀ ਦੀ ਹਾਲਤ ਤਰਸਯੋਗ ਬਣੀ

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਸ਼ਹਿਰ ਦੇ ਵਾਰਡ ਨੰਬਰ 10 ਦੀ ਪ੍ਰਮੁੱਖ ਗਲੀ ਡਾ. ਸੰਧੂ ਵਾਲੀ ਜੋ ਇਕ ਪਾਸੇ ਮੁੱਖ ਮਾਰਗ ਨਾਲ ਜੁੜਦੀ ਹੈ ਅਤੇ ਦੂਜੇ ਪਾਸੇ ਝਾਈ ਵਾਲੀ ਰਾਹੀਂ ਖਾਲਸਾ ਰੋਡ ਨਾਲ ਲੱਗਦੀ ਹੈ। ਜਿਸ ਕਾਰਨ ਇਸ ਗਲੀ ’ਚ ਭਾਰੀ ਆਵਾਜਾਈ ਰਹਿੰਦੀ ਹੈ। ਇਸ ਪ੍ਰਮੁੱਖ ਗਲੀ ਦੀ ਹਾਲਤ ਇੰਨੀ ਤਰਸਯੋਗ ਬਣੀ ਹੋਈ ਹੈ ਕਿ ਸਬੰਧਿਤ ਵਿਭਾਗ ਅਤੇ ਇਸ ਵਾਰਡ ’ਚ ਰਹਿਣ ਵਾਲੇ ਆਮ ਆਦਮੀ ਪਾਰਟੀ ਦੇ ਸੀਨੀਅਰ ਅਹੁਦੇਦਾਰ ਵੀ ਇਸ ਵੱਲੋਂ ਅੱਖਾਂ ਬੰਦ ਕਰ ਕੇ ਬੈਠੇ ਹਨ। ਇਸ ਮੌਕੇ ਡਾ. ਸੰਧੂ ਵਾਲੀ ਗਲੀ ਦੇ ਵਸਨੀਕ ਜਸਵਿੰਦਰ ਗਲਹੋਤਰਾ, ਆਸ਼ੀਸ਼ ਮਿੱਤਲ ਅਤੇ ਦੀਪਕ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਦੀ ਗਲੀ ’ਚ ਸੀਵਰੇਜ ਚੈਂਬਰ ਅਤੇ ਹੌਦੀਆਂ ਕਈ ਥਾਵਾਂ ’ਤੇ ਟੁੱਟੇ ਹੋਏ ਹਨ। ਇਸ ਨਾਲ ਵਸਨੀਕਾਂ ਦੇ ਘਰਾਂ ਨੂੰ ਨੁਕਸਾਨ ਹੋ ਰਿਹਾ ਹੈ ਅਤੇ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀ ਰੋਜ਼ਾਨਾ ਇਨ੍ਹਾਂ ਗਲੀਆਂ ਦੀ ਸਫ਼ਾਈ ਕਰਨ ਨਹੀਂ ਆ ਰਹੇ ਹਨ, ਜਿਸ ਕਾਰਨ ਕੂੜਾ ਕਰਕਟ ਅਤੇ ਗੰਦਗੀ ਫੈਲੀ ਆਮ ਹੀ ਦੇਖੀ ਜਾ ਸਕਦੀ ਹੈ।
ਇਸ ਗਲੀ ਦੇ ਵਾਸੀ ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਉਪ ਪ੍ਰਧਾਨ, ਅਸ਼ਵਨੀ ਕੁਮਾਰ ਕੁੱਕੂ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਸਾਹਮਣੇ ਇਕ ਵੱਡਾ ਵੀਰਾਨ ਖਾਲੀ ਪਲਾਟ ਹੈ। ਜਿਸ ’ਚ ਵੱਡੇ-ਵੱਡੇ ਚੂਹੇ ਅਤੇ ਸੱਪ ਵੀ ਪੈਦਾ ਹੋ ਗਏ ਹਨ। ਇਨ੍ਹਾਂ ਮੋਟੇ-ਮੋਟੇ ਚੂਹਿਆਂ ਨੇ ਗਲੀ ਨੂੰ ਵੱਖ-ਵੱਖ ਥਾਵਾਂ ’ਤੇ ਪੁੱਟ ਦਿੱਤਾ ਹੈ, ਜਿਸ ਕਾਰਨ ਪੂਰੀ ਗਲੀ ’ਚ ਜਗ੍ਹਾ-ਜਗ੍ਹਾ ’ਤੇ ਟੋਏ ਪੈ ਚੁੱਕੇ ਹਨ। ਇਸ ਤੋਂ ਇਲਾਵਾ ਖਾਲੀ ਪਲਾਟ ’ਚ ਵੱਡੇ-ਵੱਡੇ ਬੂਟੇ ਉੱਗ ਰਹੇ ਹਨ, ਜੋ ਵੱਡੇ ਬੂਟੇ ਅਤੇ ਦਰੱਖਤ ਨਸ਼ੇੜੀਆਂ ਅਤੇ ਚੋਰਾਂ ਲਈ ਇਕ ਲੁਕਣ ਦੀ ਜਗ੍ਹਾ ਬਣ ਚੁੱਕੀ ਹੈ। ਇਸ ਨਾਲ ਵਾਰਡ ਦੀ ਸੁਰੱਖਿਆ ਨੂੰ ਵੀ ਖ਼ਤਰਾ ਪੈਦਾ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਟੁੱਟੀਆਂ ਹੌਦੀਆਂ ਦੇ ਆਲੇ-ਦੁਆਲੇ ਟੋਇਆਂ ਅਤੇ ਟੁੱਟੇ ਚੈਂਬਰਾਂ ਅਤੇ ਟੋਇਆਂ ਕਾਰਨ ਵਾਹਨ ਅਤੇ ਲੋਕ ਅਕਸਰ ਡਿੱਗਦੇ ਅਤੇ ਜ਼ਖਮੀ ਹੋ ਜਾਂਦੇ ਹਨ। ਜਦੋਂ ਇਸ ਗਲੀ ਅਤੇ ਵਾਰਡ ਦੀ ਨੁਮਾਇੰਦਗੀ ਕਰਨ ਵਾਲੇ ਕੌਂਸਲਰ, ਐਡਵੋਕੇਟ ਮਨੋਜ ਅਗਨੀਹੋਤਰੀ ਨਾਲ ਇਨ੍ਹਾਂ ਮੁਸ਼ਕਿਲਾਂ ਬਾਰੇ ਸੰਪਰਕ ਕੀਤਾ ਗਿਆ, ਤਾਂ ਉਨ੍ਹਾਂ ਤੁਰੰਤ ਮੌਕੇ ’ਤੇ ਇਸ ਗਲੀ ਵਿਚ ਪਹੁੰਚੇ ਅਤੇ ਸਥਿਤੀ 'ਤੇ ਅਫਸੋਸ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀ ਨਾਲ ਸਬੰਧ ਹੋਣ ਕਰ ਕੇ ਉਨ੍ਹਾਂ ਨਾਲ ਉਨ੍ਹਾਂ ਦੇ ਵਾਰਡ ਨਾਲ ਸਬੰਧਿਤ ਸਾਰੇ ਮਾਮਲਿਆਂ ਅਤੇ ਵਿਕਾਸ ਕੰਮਾਂ ’ਚ ਵਿਤਕਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀ ਵਾਰਡ ਨੂੰ ਨਜ਼ਰਅੰਦਾਜ਼ ਕਰ ਕੇ ਸੱਤਾਧਾਰੀ ਧਿਰ ਸਾਰੇ ਜ਼ਰੂਰੀ ਵਿਕਾਸ ਕਾਰਜਾਂ ਨੂੰ ਰੋਕ ਰਹੀ ਸੀ, ਜਿਸ ਨਾਲ ਪੂਰੇ ਵਾਰਡ ਦੀ ਹਾਲਤ ਬਹੁਤ ਮਾੜੀ ਹੋ ਗਈ।
ਇਸ ਗਲੀ ਅਤੇ ਵਾਰਡ ਦੇ ਵਸਨੀਕਾਂ ਨੇ ਸਵਾਲ ਕੀਤਾ ਕਿ ਵਿਰੋਧੀ ਪਾਰਟੀ ਦੇ ਇਕ ਕੌਂਸਲਰ ਕਾਰਨ ਵਾਰਡ ਵਾਸੀਆਂ ਨਾਲ ਵਿਤਕਰਾ ਕਰਨਾ ਕਿਵੇਂ ਉਚਿਤ ਹੈ। ਹੁਣ, ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਇਸ ਵਾਰਡ ਦੇ ਲੋਕ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਇਸ ਵਾਰਡ ਤੋਂ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਅਹੁਦੇਦਾਰਾਂ ਨੂੰ ਸ਼ੀਸ਼ਾ ਦਿਖਾਉਣਗੇ ਅਤੇ ਉਨ੍ਹਾਂ ਨੂੰ ਦੱਸਣਗੇ ਕਿ ਸਾਨੂੰ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਤੁਹਾਨੂੰ ਵਾਰ-ਵਾਰ ਦੱਸਣ ਦੇ ਬਾਵਜੂਦ, ਤੁਸੀਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ।